ਕਣਕ ਦੇ ਖਰੀਦ ਸੀਜ਼ਨ 2022-23 ਦੌਰਾਨ 13000 ਕਰੋੜ ਰੁਪਏ ਤੋਂ ਵੱਧ ਦਾ ਕੀਤਾ ਭੁਗਤਾਨ : ਲਾਲ ਚੰਦ ਕਟਾਰੂਚੱਕ

04/25/2022 5:20:10 PM

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਿਸਾਨ ਪੱਖੀ ਕਦਮਾਂ ਦੇ ਸਪੱਸ਼ਟ ਸਬੂਤ ਵਜੋਂ ਕਣਕ ਦੇ ਖ਼ਰੀਦ ਸੀਜ਼ਨ 2022-23 ਦੌਰਾਨ ਕਿਸਾਨੀ ਭਾਈਚਾਰੇ ਨੂੰ 13000 ਕਰੋੜ ਰੁਪਏ ਤੋਂ ਵੱਧ ਦੀਆਂ ਅਦਾਇਗੀਆਂ ਕੀਤੀਆਂ ਗਈਆਂ ਹਨ ਅਤੇ 25 ਅਪ੍ਰੈਲ ਤੱਕ ਇਹ ਅੰਕੜਾ 13,697.09 ਕਰੋੜ ਰੁਪਏ ਹੋ ਗਿਆ ਹੈ।  ਇਹ ਜਾਣਕਾਰੀ ਦਿੰਦਿਆਂ ਅੱਜ ਖ਼ੁਰਾਕ ਤੇ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪਿਛਲੇ ਇੱਕ ਦਹਾਕੇ ਦੌਰਾਨ ਕਿਸਾਨਾਂ ਨੂੰ ਕੀਤੀ ਗਈ ਇਹ ਸਭ ਤੋਂ ਵੱਧ ਅਦਾਇਗੀ ਹੈ।

ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਸ ਸਾਲ ਦੌਰਾਨ ਜਾਰੀ ਕੀਤੇ ਗਏ ਕੁੱਲ ਘੱਟੋ-ਘੱਟ ਸਮਰਥਨ ਮੁੱਲ ਦਾ ਭੁਗਤਾਨ ਪਿਛਲੇ ਸਾਲ ਇਸੇ ਮਿਤੀ ਤੱਕ (4754.42 ਕਰੋੜ ਰੁਪਏ) ਕੀਤੇ ਗਏ ਭੁਗਤਾਨ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਇਹ ਰਿਕਾਰਡ ਤੋੜ ਅੰਕੜੇ ਮੁੱਖ ਮੰਤਰੀ ਦੇ ਸਖ਼ਤ ਨਿਰਦੇਸ਼ਾਂ 'ਤੇ ਸੂਬਾ ਸਰਕਾਰ ਵੱਲੋਂ ਸੂਬੇ ਭਰ ਦੀਆਂ ਮੰਡੀਆਂ ਵਿੱਚ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਦਾ ਨਤੀਜਾ ਹਨ। ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਅੱਗੇ ਵੀ ਕਿਸਾਨਾਂ ਦੀ ਮਿਹਨਤ ਨਾਲ ਉਗਾਈ ਫ਼ਸਲ ਦੀ ਨਿਰਵਿਘਨ ਵਿਕਰੀ ਦੀ ਸਹੂਲਤ ਲਈ ਹਰ ਸੰਭਵ ਕਦਮ ਚੁੱਕਣਾ ਜਾਰੀ ਰੱਖੇਗੀ।
 


Babita

Content Editor

Related News