ਦਾਣਾ ਮੰਡੀ ਭੋਡੀਵਾਲਾ ਵਿਚ ਨਹੀਂ ਹੋ ਰਹੀ  ਕਣਕ ਦੀ ਖ਼ਰੀਦ, ਕਿਸਾਨਾਂ ਕੀਤੀ ਨਾਅਰੇਬਾਜ਼ੀ

Saturday, Apr 25, 2020 - 04:39 PM (IST)

ਦਾਣਾ ਮੰਡੀ ਭੋਡੀਵਾਲਾ ਵਿਚ ਨਹੀਂ ਹੋ ਰਹੀ  ਕਣਕ ਦੀ ਖ਼ਰੀਦ, ਕਿਸਾਨਾਂ ਕੀਤੀ ਨਾਅਰੇਬਾਜ਼ੀ

ਧਰਮਕੋਟ( ਸਤੀਸ਼) - ਸੂਬੇ ਦੀ ਸਰਕਾਰ ਦੇ ਕਣਕ ਦੀ ਖ਼ਰੀਦ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਉਸ ਵੇਲੇ ਫ਼ੂਕ ਨਿਕਲਦੀ ਨਜ਼ਰ ਆਈ ਜਦੋਂ ਧਰਮਕੋਟ ਵਿਧਾਨ ਸਭਾ ਹਲਕੇ ਦੇ ਪਿੰਡ ਭੋਡੀਵਾਲਾ ਦੀ ਮੰਡੀ ਵਿਚ ਬੈਠੇ ਕਿਸਾਨਾਂ ਵੱਲੋਂ ਕਣਕ ਦੀ ਖਰੀਦ ਨਾ ਹੋਣ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਸੁਖਚੈਨ ਸਿੰਘ, ਨੈਬ ਸਿੰਘ ,ਕਮਲਜੀਤ ਸਿੰਘ, ਰੰਗਾ ਸਿੰਘ ,ਰੇਸ਼ਮ ਸਿੰਘ ,ਬਲਵੀਰ ਸਿੰਘ, ਕਸ਼ਮੀਰ ਸਿੰਘ ,ਮੁਖਤਿਆਰ ਸਿੰਘ ,ਜਗਜੀਤ ਆਦਿ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨ ਤੋਂ ਕਣਕ ਲੈ ਕੇ ਮੰਡੀ ਵਿਚ ਬੈਠੇ ਹਨ ਪਰ ਇਸ ਮੰਡੀ ਵਿਚ ਕਣਕ ਦੀ ਖ਼ਰੀਦ ਕਰਨ ਵਾਲੀ ਕੇਂਦਰ ਸਰਕਾਰ ਦੀ ਖਰੀਦ ਏਜੰਸੀ ਐਫ.ਸੀ.ਆਈ. ਵੱਲੋਂ ਸਾਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਪਰੋਂ ਮੌਸਮ ਦੀ ਖ਼ਰਾਬੀ ਕਾਰਨ ਅਤੇ ਕਣਕ ਦੀ ਖਰੀਦ ਨਾ ਹੋਣ ਕਾਰਨ ਉਹ ਪ੍ਰੇਸ਼ਾਨ ਹਨ ਜਦੋਂ ਕਿ ਸਾਡੇ ਵੱਲੋਂ ਮੰਡੀ ਵਿਚ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਣਕ ਲਿਆਂਦੀ ਗਈ ਹੈ ਪਰ ਖਰੀਦ ਅਧਿਕਾਰੀ ਸਾਡੀ ਕਣਕ ਖ਼ਰੀਦਣ ਤੋਂ ਟਾਲ ਮਟੋਲ ਕਰ ਰਹੇ ਹਨ ਕਹਿ ਰਹੇ ਹਨ ਕਿ ਇਹ ਕਣਕ ਲੈਸਟਰ ਲਾਸ ਹੋ ਚੁੱਕੀ ਹੈ ਉਹ ਕਈ ਦਿਨਾਂ ਤੋਂ ਮੰਡੀ ਵਿਚ ਆਪਣੀ ਫ਼ਸਲ ਲੈ ਕੇ ਬੈਠੇ ਹਨ ਪਰ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਕਿਸਾਨਾਂ ਨੇ ਕਿਹਾ ਕਿ ਸਰਕਾਰ ਕਣਕ ਦੀ ਖਰੀਦ ਦਾ ਉੱਚਿਤ ਪ੍ਰਬੰਧ ਕਰੇ ਤੇ ਕਿਸਾਨਾਂ ਦੀ ਖੱਜਲ ਖੁਆਰੀ ਨੂੰ ਰੋਕੇ                                                             

ਮੰਡੀ ਦੇ ਆੜ੍ਹਤੀਆਂ ਨੇ ਦੱਸੀਆਂ ਮੁਸ਼ਕਲਾਂ

ਜਦੋਂ ਇਸ ਸਬੰਧੀ ਦਾਣਾ ਮੰਡੀ ਭੋਡੀਵਾਲਾ ਦੇ ਆੜ੍ਹਤੀਆਂ ਜਿਊਣ ਸਿੰਘ, ਬਲਜੀਤ ਸਿੰਘ ,ਚੰਦਨ ਨੌਹਰੀਆ ,ਉਮੇਸ਼ ਨੌਹਰੀਆ ,ਲਵਲੀ ਸ਼ਾਹਕੋਟ ,ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ  ਮੰਡੀ ਵਿਚ ਐੱਫ.ਸੀ.ਆਈ. ਏਜੰਸੀ ਖਰੀਦ ਕਰਦੀ ਹੈ ਜਿਨ੍ਹਾਂ ਵੱਲੋਂ ਹੁਣ ਤੱਕ ਮੰਡੀ ਵਿਚ ਸਿਰਫ਼ 4700 ਬੋਰੀ ਕਣਕ ਹੀ ਖਰੀਦ ਕੀਤੀ ਜਾ ਚੁੱਕੀ ਗਈ ਹੈ ਜਦ ਕਿ ਮੰਡੀ ਵਿਚ ਹਜ਼ਾਰਾਂ ਕੁਇੰਟਲ ਕਣਕ ਦੇ ਢੇਰ ਲੱਗੇ ਹੋਏ ਹਨ ਆੜ੍ਹਤੀਆਂ ਨੇ ਦੱਸਿਆ ਕਿ ਖ਼ਰੀਦ ਅਧਿਕਾਰੀ ਕਹਿ ਰਹੇ ਹਨ ਕਿ ਕਣਕ ਲੈਸਟਰ ਲਾਸ ਹੋ ਚੁੱਕੀ ਹੈ ਜਿਸ  ਕਾਰਨ ਉਹ ਖਰੀਦ ਨਹੀਂ ਕਰਨਗੇ ਆੜ੍ਹਤੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਪਰੋਕਤ ਮੰਡੀ ਕਿਸੇ ਹੋਰ ਏਜੰਸੀ ਨੂੰ ਦਿੱਤੀ ਜਾਵੇ ਤਾਂ ਕਿ ਮੰਡੀ ਵਿਚ ਕਿਸਾਨਾਂ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ                                                                   

ਕੀ ਕਹਿਣਾ ਹੈ ਐਫ.ਸੀ.ਆਈ. ਦੇ ਅਧਿਕਾਰੀਆਂ ਦਾ

ਜਦੋਂ ਇਸ ਸਬੰਧੀ ਐਫ.ਸੀ.ਆਈ. ਦੇ ਅਧਿਕਾਰੀ ਦੇਵਾ ਰਾਮ ਮੀਨਾ ਏ. ਐੱਮ. ਕਵਾਲਿਟੀ ਧਰਮਕੋਟ  ਨਾਲ  ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਪਰੋਕਤ ਦਾਣਾ ਮੰਡੀ  ਹੀ ਨਹੀਂ ਧਰਮਕੋਟ ਹਲਕੇ ਦੀਆਂ ਬਹੁਤੀਆਂ ਮੰਡੀਆਂ ਵਿਚ ਮੀਂਹ ਕਾਰਨ ਕਣਕ ਭਿੱਜ ਚੁੱਕੀ ਹੈ। ਜਿਸ ਕਾਰਨ ਕਣਕ ਲੈਸਟਰ ਲਾਸ ਹੋ ਚੁੱਕੀ ਹੈ ਅਤੇ ਕਣਕ ਦਾ ਰੰਗ ਬਦਰੰਗ ਹੋ ਚੁੱਕਾ ਹੈ। ਸਾਨੂੰ ਖਰੀਦ ਕਰਨ ਵਿਚ ਮੁਸ਼ਕਲ ਆਉਂਦੀ ਹੈ ਉਨ੍ਹਾਂ ਦੱਸਿਆ ਕਿ ਬੀਤੇ ਦਿਨ ਮਨਿਸਟਰੀ ਫੂਡ ਵੱਲੋਂ ਭੇਜੀਆਂ ਟੀਮਾਂ ਦਾਣਾ ਮੰਡੀ ਭੋਡੀਵਾਲਾ  ਵਿੱਚੋਂ ਕਣਕ ਦੇ ਸੈਂਪਲ ਲੈ ਕੇ ਗਈਆਂ ਹਨ ਜਿਸ ਦੀ ਰਿਪੋਰਟ ਇੱਕ ਦੋ ਦਿਨਾਂ ਵਿੱਚ ਆਵੇਗੀ ਜੇਕਰ ਸਾਨੂੰ ਖਰੀਦ ਕਰਨ ਦੀ ਇਜਾਜ਼ਤ ਮਿਲੇਗੀ ਤਾਂ ਅਸੀਂ ਖਰੀਦ ਕਰਾਂਗੇ ਉਨਾਂ ਚਿਰ ਤੱਕ ਅਸੀਂ ਖਰੀਦ ਨਹੀਂ ਕਰ ਸਕਦੇ।

ਕੀ ਕਹਿਣਾ ਹਲਕਾ ਵਿਧਾਇਕ ਦਾ 

ਜਦੋਂ ਇਸ ਸਬੰਧੀ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਲੋਹਗੜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ  ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਉਪਰੋਕਤ ਮੰਡੀ ਦਾ ਮਸਲਾ ਆਇਆ ਹੈ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਪਰੋਕਤ ਮੰਡੀ ਵਿੱਚ ਕਣਕ ਦੀ ਖ਼ਰੀਦ ਨੂੰ ਨਿਰਵਿਘਨ ਚਾਲੂ ਕਰਵਾਇਆ ਜਾਵੇਗਾ ਇਸ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਅਤੇ ਕਿਸਾਨਾਂ ਨੂੰ  ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਸਰਕਾਰ ਖਰੀਦ ਕਰੇਗੀ ।


author

Harinder Kaur

Content Editor

Related News