ਮੰਡੀਆਂ ''ਚ ਬਾਰਦਾਨਾ ਭੇਜ ਕੇ ਕਿਸਾਨਾਂ ਦੀ ਖੱਜਲ-ਖੁਆਰੀ ਰੋਕੀ ਜਾਵੇ: ਸੰਧੂ

04/25/2018 11:32:41 AM

ਸੁਲਤਾਨਪੁਰ ਲੋਧੀ (ਸੋਢੀ)— ਸਾਬਕਾ ਚੇਅਰਮੈਨ ਜਥੇਦਾਰ ਗੁਰਜੰਟ ਸਿੰਘ ਸੰਧੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਨਾਜ ਮੰਡੀਆਂ 'ਚ ਬਾਰਦਾਨਾ ਭੇਜਿਆ ਜਾਵੇ ਤਾਂ ਜੋ ਮੰਡੀਆਂ 'ਚ ਕਣਕ ਦੀ ਫਸਲ ਲਿਆ ਕੇ ਬੈਠੇ ਕਿਸਾਨਾਂ ਦੀ ਫਸਲ ਦੀ ਭਰਾਈ ਹੋ ਸਕੇ। ਚੇਅਰਮੈਨ ਅਤੇ ਆੜ੍ਹਤੀ ਆਗੂ ਸੰਧੂ ਆਹਲੀ ਕਲਾਂ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੀ ਅਨਾਜ ਮੰਡੀ 'ਚ ਮੰਡ ਖੇਤਰ ਦੇ ਕਿਸਾਨ ਆਪਣੀ ਕਣਕ ਦੀਆਂ ਢੇਰੀਆਂ ਦੀ ਰਾਖੀ ਕਰਨ ਨੂੰ ਮਜਬੂਰ ਹਨ, ਜਿਸ ਕਾਰਨ ਆੜ੍ਹਤੀ ਅਤੇ ਕਿਸਾਨ ਦੋਵੇਂ ਪ੍ਰੇਸ਼ਾਨ ਹਨ। ਉਨ੍ਹਾਂ ਨੇ ਕਿਹਾ ਕਿ ਉੱਪਰੋਂ ਮੌਸਮ ਹਰ ਰੋਜ਼ ਕਰਵਟ ਬਦਲ ਰਿਹਾ ਹੈ ਅਤੇ ਬੱਦਲ ਜਾਂ ਬਾਰਿਸ਼ ਆ ਜਾਣ ਕਾਰਨ ਕਿਸਾਨਾਂ ਦੀ ਪੁੱਤਰਾਂ ਵਾਂਗ ਪਾਲੀ ਕਣਕ ਦੀ ਫਸਲ ਨੁਕਸਾਨੀ ਜਾ ਸਕਦੀ ਹੈ।
ਇਸ ਦੌਰਾਨ ਸਤਪਾਲ ਮਦਾਨ, ਸੁਨੀਲ ਉੱਪਲ, ਬਲਦੇਵ ਸਿੰਘ ਆਦਿ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਾਰਦਾਨੇ ਦੀ ਘਾਟ ਦੂਰ ਕੀਤੀ ਜਾਵੇ। ਚੇਅਰਮੈਨ ਸੰਧੂ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਵੀ ਫੋਨ 'ਤੇ ਅਪੀਲ ਕੀਤੀ ਕਿ ਬਾਰਦਾਨਾ ਨਾ ਮਿਲਣ ਕਾਰਨ ਕਿਸਾਨ ਮੰਡੀਆਂ 'ਚ ਰੁਲ ਰਿਹਾ ਹੈ, ਇਸ ਬਾਰੇ ਤੁਰੰਤ ਧਿਆਨ ਦਿੱਤਾ ਜਾਵੇ। ਇਸ ਸਮੇਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਆਪਣੀਆਂ ਕਣਕ ਦੀਆਂ ਢੇਰੀਆਂ ਦੀ ਰਾਖੀ ਲਈ ਬੈਠੇ ਕਿਸਾਨ ਸੁਖਵਿੰਦਰ ਸਿੰਘ ਸ਼ੇਖਮਾਂਗਾ, ਟਹਿਲ ਸਿੰਘ ਕਿਸ਼ਨਪੁਰ ਘੜਕਾ, ਯੁਵਰਾਜ ਸਿੰਘ ਸ਼ਾਹਵਾਲਾ, ਸੁਖਚੈਨ ਸਿੰਘ ਮੰਡ ਆਹਲੀ ਨੇ ਵੀ ਦੱਸਿਆ ਕਿ ਉਹ ਤਿੰਨ ਦਿਨ ਤੋਂ ਮੰਡੀ 'ਚ ਫਸਲ ਵੇਚਣ ਲਈ ਬੈਠੇ ਹਨ ਪਰ ਆੜ੍ਹਤੀਆਂ ਕੋਲ ਬਾਰਦਾਨਾ ਨਾ ਹੋਣ ਕਾਰਨ ਉਹ ਵੀ ਪ੍ਰੇਸ਼ਾਨ ਤੇ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਆੜ੍ਹਤੀਆਂ ਅਤੇ ਕਿਸਾਨਾਂ ਦੀ ਪ੍ਰੇਸ਼ਾਨੀ ਵੱਲ ਤੁਰੰਤ ਧਿਆਨ ਦਿੱਤਾ ਜਾਵੇ।


Related News