ਬਿਜਲੀ ਦੀ ਸਪਾਰਕਿੰਗ ਕਾਰਨ ਖੜ੍ਹੀ ਕਣਕ ਨੂੰ ਲੱਗੀ ਅੱਗ
Saturday, Apr 18, 2020 - 11:10 AM (IST)
ਤਪਾ ਮੰਡੀ (ਸ਼ਾਮ ਗਰਗ): ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਡੇਰਾ ਬਾਬਾ ਇੰਦਰ ਦਾਸ ਨੇੜੇ ਰਾਤ 12 ਵਜੇ ਦੇ ਕਰੀਬ ਕਿਸਾਨ ਦੇ ਖੇਤ 'ਚ ਖੜ੍ਹੀ 1 ਏਕੜ ਦੇ ਕਰੀਬ ਸੁੱਕੀ ਕਣਕ ਨੂੰ ਬਿਜਲੀ ਦੀ ਸਪਾਰਕਿੰਗ ਨਾਲ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕਿਸਾਨ ਬਲਤੇਜ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਪਾ ਨੇ ਆਪਣੀ ਜ਼ਮੀਨ 'ਚ ਕਈ ਏਕੜ ਕਣਕ ਦੀ ਫਸਲ ਬੀਜੀ ਹੋਈ ਸੀ ਤਾਂ ਰਾਤ ਸਮੇਂ ਆਈ ਤੇਜ਼ ਹਵਾਵਾਂ ਨਾਲ ਬਿਜਲੀ ਸਪਲਾਈ ਦੀਆਂ ਤਾਰਾਂ ਆਪਸ 'ਚ ਟਕਰਾਉਣ ਕਾਰਨ ਨਿਕਲੀ ਚਿੰਗਾੜੀ ਕਣਕ ਦੀ ਫਸਲ 'ਤੇ ਪੈਣ ਕਾਰਨ ਅੱਗ ਲੱਗ ਗਈ, ਜਿਵੇਂ ਹੀ ਨੇੜਲੇ ਘਰ ਵਾਲਿਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਆਪਣੇ ਘਰੇਲੂ ਸੰਦਾਂ ਅਤੇ ਪਾਣੀ ਨਾਲ ਅੱਗ 'ਤੇ ਕਾਬੂ ਪਾ ਲਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਤਪਾ ਪੁਲਸ ਮੌਕੇ 'ਤੇ ਪਹੁੰਚ ਗਈ। ਇਸ ਘਟਨਾ ਬਾਰੇ ਗੁਰਦੁਆਰਾ ਸਾਹਿਬ ਵਿਖੇ ਅਨਾਉਸਮੈਂਟ ਵੀ ਕਰਵਾਈ ਗਈ ਤਾਂ ਵੱਡੀ ਗਿਣਤੀ 'ਚ ਇਕੱਠੇ ਹੋਏ ਕਿਸਾਨ ਆਪਣੇ ਖੇਤੀ ਸੰਦਾਂ ਨੂੰ ਨਾਲ ਲੈ ਕੇ ਅੱਗ ਬੁਝਾਉਣ ਲਈ ਪਹੁੰਚ ਗਏ ਪਰ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ-ਪਹਿਲਾਂ ਕਾਬੂ ਪਾ ਲਿਆ ਗਿਆ। ਇਸ ਘਟਨਾ 'ਚ ਕਿਸਾਨ ਦੀ ਲਗਭਗ 1 ਏਕੜ ਕਣਕ ਦੀ ਖੜ੍ਹੀ ਫਸਲ ਸੜ ਕੇ ਸੁਆਹ ਹੋ ਗਈ।