ਹੁਣ ਵਟਸਐਪ ਰਾਹੀਂ ਮਿਲੇਗੀ 2 ਏਕੜ ਤੱਕ ਦੇ ਰਕਬੇ ’ਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ

Monday, Oct 31, 2022 - 06:05 PM (IST)

ਹੁਣ ਵਟਸਐਪ ਰਾਹੀਂ ਮਿਲੇਗੀ 2 ਏਕੜ ਤੱਕ ਦੇ ਰਕਬੇ ’ਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾ ਦਿੱਤਾ ਹੈ। ਮਾਨ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਵਿਚ ਹੁਣ 2 ਏਕੜ ਤੱਕ ਦੇ ਰਕਬੇ ਵਿਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਵਟਸਐਪ ਮੈਸੇਜ ਰਾਹੀਂ ਲਈ ਜਾ ਸਕੇਗੀ। ਇਹ ਜਾਣਕਾਰੀ ਪੰਜਾਬ ਰਾਜ ਦੇ ਖਣਨ ਤੇ ਭੂ-ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਸ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਤਤਕਾਲੀਨ ਕਾਂਗਰਸ ਸਰਕਾਰ ਵੱਲੋਂ ਸੂਬੇ ਵਿਚ ‘ਸੈਂਡ ਐਂਡ ਗਰੇਵਲ ਮਾਈਨਿੰਗ ਪਾਲਿਸੀ-2021’ ਤਹਿਤ 2 ਏਕੜ ਤੱਕ ਦੇ ਖੇਤਰ ਵਿਚ 3 ਫੁੱਟ ਤੱਕ ਹੱਥੀਂ ਮਿੱਟੀ ਕੱਢਣ ਵਿਚ ਪ੍ਰਵਾਨਗੀ ਦਿੱਤੀ ਗਈ ਸੀ। ਜਿਸ ਕਾਰਨ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਦਫ਼ਤਰੀ ਚੱਕਰ ਵੀ ਲਗਾਉਣੇ ਪੈਂਦੇ ਸਨ। ਇਸ ਦੇ ਨਾਲ ਹੀ ਜੇਕਰ ਕੋਈ ਵਿਅਕਤੀ ਮਸ਼ੀਨ ਦੀ ਵਰਤੋਂ ਕਰਦਾ ਸੀ ਤਾਂ ਉਸ ਖ਼ਿਲਾਫ਼ ਮਾਈਨਿੰਗ ਦਾ ਪਰਚਾ ਦਰਜ ਹੋ ਜਾਂਦਾ ਸੀ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਔਕੜ ਭਰੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਮਸ਼ੀਨਾਂ ਦੀ ਵਰਤੋਂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਸ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ ਲਈ ਹੁਣ 2 ਏਕੜ ਤੱਕ ਦੇ ਰਕਬੇ ਵਿਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਵਟਸਐਪ ਮੈਸੇਜ ਰਾਹੀਂ ਦੇਣ ਦਾ ਦਫ਼ਤਰੀ ਹੁਕਮ ਜਾਰੀ ਕੀਤਾ ਗਿਆ ਹੈ। ਇਸ ਹੁਕਮ ਰਾਹੀਂ ਜਿਸ ਕਿਸੇ ਨੇ ਵੀ 2 ਏਕੜ ਤੱਕ ਦੇ ਰਕਬੇ ਵਿਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਵਟਸਐਪ ਮੈਸੇਜ ਰਾਹੀਂ ਮਿਲੇਗੀ। ਪ੍ਰਵਾਨਗੀ ਲੈਣ ਲਈ ਬੇਨਤੀ ਕਰਤਾ ਨੂੰ ਆਪਣਾ ਨਾਮ/ਪਿਤਾ ਦਾ ਨਾਮ, ਪਿੰਡ ਦਾ ਨਾਮ, ਪਿੰਡ ਦੇ ਸਰਪੰਚ ਦਾ ਨਾਮ, ਤਹਿਸੀਲ/ਜ਼ਿਲ੍ਹੇ ਦਾ ਨਾਮ, ਆਧਾਰ ਕਾਰਡ ਨੰਬਰ, ਮੋਬਾਈਲ ਨੰਬਰ ਅਤੇ ਜਿਸ ਥਾਂ ਦੀ ਖੁਦਾਈ ਕੀਤੀ ਜਾਣੀ, ਉਸ ਦੀ ਮਾਲ ਰਿਕਾਰਡ ਅਨੁਸਾਰ ਨੰਬਰ ਹਦਬਸਤ ਵਟਸਐਪ ਨੰਬਰ 99140-09095 ’ਤੇ ਭੇਜੇਗਾ। 

ਇਸ ਨਾਲ ਆਮ ਲੋਕਾਂ ਅਤੇ ਜਿੰਮੀਦਾਰਾਂ ਨੂੰ ਆਪਣੇ ਘਰਾਂ ਜਾਂ ਹੋਰ ਕੰਮਾਂ ਲਈ ਖੇਤਾਂ ਵਿਚੋਂ ਮਿੱਟੀ ਲੈ ਜਾਣਾ ਆਸਾਨ ਹੋ ਜਾਵੇਗਾ। ਬੈਂਸ ਨੇ ਦੱਸਿਆ ਕਿ ਸੂਚਨਾ ਮੁਕੰਮਲ ਤੇ ਸਹੀ ਹੋਣ ਦੀ ਸੂਰਤ ਵਿਚ ਨੋਡਲ ਅਫ਼ਸਰ ਬੇਨਤੀ ਕਰਤਾ ਨੂੰ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਵਟਸਟਐਪ ਜਾਂ ਟੈਕਸਟ ਮੈਸੇਜ ਰਾਹੀਂ ਜਾਰੀ ਕਰੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਗਲਤ ਤੱਥ ਦੇ ਕੇ ਪੁਟਾਈ ਸੰਬੰਧੀ ਪ੍ਰਵਾਨਗੀ ਲਵੇਗਾ ਅਤੇ ਵਿਭਾਗੀ ਜਾਂਚ ਦੌਰਾਨ ਵੱਧ ਖੁਦਾਈ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਬੰਧਤ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਉਂਦੀ ਜਾਵੇਗੀ।


author

Gurminder Singh

Content Editor

Related News