Teacher ਦਾ ਕਿੰਨਾ ਵੱਡਾ ਜਿਗਰਾ! 19 ਸਾਲ ਪਹਿਲਾਂ ਲਿਖੀ ਸੀ ਚਿੱਠੀ, ਮੌਤ ਮਗਰੋਂ ਖੋਲ੍ਹੀ ਤਾਂ...
Thursday, Feb 06, 2025 - 01:40 PM (IST)
ਮੋਹਾਲੀ : ਮੋਹਾਲੀ ਦੇ ਫੇਜ਼-4 ਦੀ ਰਹਿਣ ਵਾਲੀ ਅਧਿਆਪਕਾ ਪਰਮਜੀਤ ਕੌਰ ਨੇ ਆਪਣੇ ਜਿਊਂਦੇ ਜੀ ਵੱਡਾ ਜਿਗਰਾ ਕੱਢਦੇ ਹੋਏ ਆਪਣਾ ਪੂਰਾ ਸਰੀਰ ਹੀ ਦਾਨ ਕਰ ਦਿੱਤਾ। ਦਰਅਸਲ ਉਸ ਨੇ 19 ਸਾਲ ਪਹਿਲਾਂ ਆਪਣੀ ਇਕ ਸਹੇਲੀ ਨੂੰ ਚਿੱਠੀ ਦਿੱਤੀ ਸੀ ਅਤੇ ਕਿਹਾ ਸੀ ਕਿ ਮੇਰੀ ਮੌਤ ਹੋਣ ਤੋਂ ਬਾਅਦ ਹੀ ਉਹ ਇਹ ਚਿੱਠੀ ਉਸ ਦੇ ਪਰਿਵਾਰ ਸਾਹਮਣੇ ਖੋਲ੍ਹ ਕੇ ਪੜ੍ਹੇ। ਇਸ ਦੇ ਨਾਲ ਹੀ ਉਸ ਨੇ 3 ਸਾਲ ਪਹਿਲਾਂ ਇਲਾਕੇ ਦੀ ਕੌਂਸਲਰ ਦਵਿੰਦਰ ਕੌਰ ਵਾਲੀਆ ਨੂੰ ਵੀ ਇਹੀ ਚਿੱਠੀ ਦਿੱਤੀ ਸੀ। ਹੁਣ ਜਦੋਂ ਪਰਮਜੀਤ ਕੌਰ ਦੀ ਮੌਤ ਹੋ ਗਈ ਤਾਂ ਸਹੇਲੀ ਹਰਦਰਸ਼ਨ ਕੌਰ ਸਣੇ ਕੌਂਸਲਰ ਵਾਲੀਆਂ ਨੇ ਪਰਿਵਾਰ ਸਾਹਮਣੇ ਚਿੱਠੀ ਖੋਲ੍ਹ ਕੇ ਪੜ੍ਹੀ ਤਾਂ ਇਹ ਗੱਲ ਸਾਹਮਣੇ ਆਈ ਕਿ ਪਰਮਜੀਤ ਕੌਰ ਨੇ ਆਪਣਾ ਪੂਰਾ ਸਰੀਰ ਹੀ ਜੀ. ਐੱਮ. ਸੀ. ਐੱਚ.-32 ਨੂੰ ਦਾਨ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਪਰਮਜੀਤ ਕੌਰ ਦੀ 3 ਫਰਵਰੀ ਨੂੰ ਮੌਤ ਹੋ ਗਈ, ਜਿਸ ਤੋਂ ਬਾਅਦ ਚਿੱਠੀ 'ਚ ਉਸ ਦੇ ਸਰੀਰ ਦਾਨ ਕਰਨ ਦੀ ਗੱਲ ਸਾਹਮਣੇ ਆਈ। ਉਸ ਦੇ ਪਤੀ ਪੀ. ਐੱਮ. ਭੱਲਾ ਨੇ ਆਪਣੇ ਆਸਟ੍ਰੇਲੀਆ ਰਹਿੰਦੇ ਪੁੱਤ ਨਾਲ ਪਰਮਜੀਤ ਕੌਰ ਦਾ ਸਰੀਰ ਦਾਨ ਕਰਨ ਬਾਰੇ ਗੱਲ ਕੀਤੀ ਤਾਂ ਬੇਟੇ ਨੇ ਵੀ ਸਹਿਮਤੀ ਦੇ ਦਿੱਤੀ। 4 ਤਾਰੀਖ਼ ਨੂੰ ਪਰਮਜੀਤ ਕੌਰ ਦਾ ਬੇਟਾ ਆਪਣੇ ਘਰ ਪੁੱਜਾ ਅਤੇ ਜੀ. ਐੱਮ. ਸੀ. ਐੱਚ.-32 ਦੀ ਟੀਮ ਨੂੰ ਬੁਲਾ ਕੇ ਪਰਮਜੀਤ ਕੌਰ ਦਾ ਸਰੀਰ ਦਾਨ ਕੀਤਾ ਗਿਆ। ਦੱਸਣਯੋਗ ਹੈ ਕਿ ਪਰਮਜੀਤ ਕੌਰ ਅਧਿਆਪਕਾ ਦੇ ਨਾਲ-ਨਾਲ ਇਕ ਸਮਾਜ ਸੇਵਿਕਾ ਵੀ ਸੀ।
ਇਹ ਵੀ ਪੜ੍ਹੋ : PSEB ਵਲੋਂ 5ਵੀਂ ਜਮਾਤ ਦੀ ਡੇਟਸ਼ੀਟ ਜਾਰੀ, ਇਸ ਤਾਰੀਖ਼ ਤੋਂ ਸ਼ੁਰੂ ਹੋਣਗੇ ਪੇਪਰ
ਕੀ ਲਿਖਿਆ ਸੀ ਚਿੱਠੀ 'ਚ
ਪਰਮਜੀਤ ਕੌਰ ਨੇ ਆਪਣੀ ਸਹੇਲੀ ਅਤੇ ਕੌਂਸਲਰ ਨੂੰ ਜਿਹੜੀ ਚਿੱਠੀ ਦਿੱਤੀ ਸੀ, ਉਸ 'ਚ ਲਿਖਿਆ ਸੀ ਕਿ ਮੈਂ ਪਰਮਜੀਤ ਕੌਰ ਅੱਜ 19 ਅਗਸਤ, 2006 ਨੂੰ ਆਪਣੇ ਪੂਰੇ ਹੋਸ਼-ਹਵਾਸ 'ਚ ਇਹ ਸਰੀਰ ਦਾਨ ਕਰਨ ਲਈ ਚਿੱਠੀ ਲਿਖ ਰਹੀ ਹਾਂ। ਇਸ ਫਾਰਮ ਦੀਆਂ 2-3 ਫੋਟੋ ਕਾਪੀਆਂ ਮੈਂ ਆਪਣੇ ਨਜ਼ਦੀਕੀ ਦੋਸਤਾਂ ਕੋਲ ਰੱਖ ਰਹੀ ਹਾਂ, ਜੋ ਮੇਰੀ ਮੌਤ ਦੇ ਤੁਰੰਤ ਬਾਅਦ ਤੁਹਾਨੂੰ ਸੂਚਿਤ ਕਰਨ ਦੇ ਹੱਕਦਾਰ ਹੋਣਗੇ। ਹਸਪਤਾਲ ਵਾਲਿਆਂ ਨੂੰ ਮੇਰੇ ਸਰੀਰ ਨੂੰ ਵਿਦਿਆਰਥੀਆਂ ਲਈ ਰੱਖਣ ਅਤੇ ਜਿਹੜੇ ਅੰਗ ਕਿਸੇ ਲੋੜਵੰਦ ਦੇ ਕੰਮ ਆ ਸਕਦੇ ਹਨ, ਉਨ੍ਹਾਂ ਨੂੰ ਦੇਣ ਦਾ ਪੂਰਾ ਹੱਕ ਹੈ। ਤੁਹਾਡੇ ਕਿਸੇ ਦੇ ਇਤਰਾਜ਼ ਕਰਨ ਤੋਂ ਬਾਅਦ ਵੀ ਮੇਰੇ ਸਰੀਰ ਦਾ ਕੋਈ ਵੀ ਹਿੱਸਾ ਤੁਹਾਨੂੰ ਨਾ ਦੇਣ ਦਾ ਹੱਕ ਹੈ। ਮੇਰੇ ਸਰੀਰ ਦਾ ਜੋ ਹਿੱਸਾ ਐੱਮ. ਬੀ. ਬੀ. ਐੱਸ. ਬੱਚਿਆਂ ਦੇ ਕੰਮ ਦਾ ਨਹੀਂ ਹੋਵੇਗਾ, ਉਸ ਨੂੰ ਤੁਸੀਂ ਆਪਣੇ ਤਰੀਕੇ ਨਾਲ ਸਾੜ ਜਾਂ ਵਹਾਅ ਸਕਦੇ ਹੋ। ਮੈਂ ਇਹ ਫ਼ੈਸਲਾ ਬਹੁਤ ਸੋਚ-ਵਿਚਾਰ ਕਰਨ ਤੋਂ ਬਾਅਦ ਲਿਆ ਹੈ। ਕਿਸੇ ਨੂੰ ਵੀ ਮੇਰੇ ਫ਼ੈਸਲੇ ਤੋਂ ਕਿਸੇ ਤਰ੍ਹਾਂ ਦਾ ਇਤਰਾਜ਼ ਕਰਨ ਦਾ ਕੋਈ ਹੱਕ ਨਹੀਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8