ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ ਲੜਕੀ ਨੂੰ ਪਰਿਵਾਰ ਨੇ ਮਾਰੀ ਗੋਲੀ, ਮਾਮਲਾ ਦਰਜ
Saturday, Feb 18, 2017 - 07:01 PM (IST)

ਨਥਾਣਾ (ਬੱਜੋਆਣੀਆਂ) : ਸਥਾਨਕ ਪੁਲਸ ਨੇ ਸ਼ੁੱਕਰਵਾਰ ਦੁਪਹਿਰ ਵਿਆਹੁਤਾ ਲੜਕੀ ਰਾਜਦੀਪ ਕੌਰ ਨੂੰ ਗੋਲੀ ਚਲਾ ਕੇ ਜ਼ਖਮੀ ਕਰਨ ਵਾਲੇ ਲੋਕਾਂ ਦੀ ਸ਼ਨਾਖਤ ਕਰਕੇ ਇਸ ਸਬੰਧ ਵਿਚ ਲੜਕੀ ਦੇ ਚਾਚਾ ਜੱਗਾ ਸਿੰਘ ਪੁੱਤਰ ਗੰਢਾ ਸਿੰਘ ਵਾਸੀ ਪਿੰਡ ਬੁੱਗਰ ਅਤੇ ਫੁੱਫੜ ਲੀਲਾ ਸਿੰਘ ਪੁੱਤਰ ਭਜਨ ਸਿੰਘ ਵਾਸੀ ਜਗਜੀਤਪੁਰਾ ਥਾਣਾ ਰਾਮਪੁਰਾ ਖਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੁ ਕਰ ਦਿੱਤੀ ਹੈ। ਡੀ. ਐਸ. ਪੀ. ਭੁੱਚੋ ਦਿਹਾਤੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਦੀਪ ਕੌਰ ਨੇ ਸੁਖਮੰਦਰ ਸਿੰਘ ਵਾਸੀ ਸੇਲਬਰਾਹ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਸੀ, ਜਿਸ ਨੂੰ ਲੜਕੀ ਦੇ ਪਰਿਵਾਰ ਵਾਲੇ ਪ੍ਰਵਾਨ ਨਹੀਂ ਸੀ ਕਰ ਰਹੇ।
ਰਾਜਦੀਪ ਕੌਰ, ਜਿਸ ਦੀ ਖੱਬੀ ਬਾਂਹ ਵਿਚ ਗੋਲੀ ਲੱਗੀ ਨੇ ਦੱਸਿਆ ਕਿ ਜਦੋਂ ਉਹ ਸਕੂਟਰੀ ''ਤੇ ਸਵਾਰ ਹੋ ਕੇ ਆਪਣੇ ਪਤੀ ਨਾਲ ਗੋਨਿਆਣਾ ਮੰਡੀ ਵੱਲ ਜਾ ਰਹੀ ਸੀ ਤਾਂ ਪਿੰਡ ਢੇਲਵਾਂ ਦੇ ਮੋੜ ਨੇੜੇ ਪਹਿਲਾਂ ਤੋਂ ਖੜ੍ਹੀ ਕਾਰ ਵਿਚ ਬੈਠੇ ਵਿਅਕਤੀਆਂ ਨੇ ਉਨ੍ਹਾਂ ''ਤੇ ਗੋਲੀਆਂ ਚਲਾ ਦਿੱਤੀਆਂ ਜੋ ਉਸ ਦੀ ਬਾਂਹ ਵਿਚ ਲੱਗੀ। ਇਸ ਘਟਨਾ ਪਿੱਛੋਂ ਹਮਲਾਵਾਰ ਕਾਰ ਸਮੇਤ ਫ਼ਰਾਰ ਹੋ ਗਏ।