ਐੱਨ. ਆਰ. ਆਈ. ਜੋੜੇ ਦੇ ਵਿਆਹ ''ਚ ਲਾੜੇ ਦੀ ਮਾਂ ਦਾ ਪਰਸ ਚੋਰੀ
Wednesday, Dec 27, 2017 - 12:00 PM (IST)

ਅੰਮ੍ਰਿਤਸਰ (ਸੰਜੀਵ) - ਮਜੀਠਾ-ਵੇਰਕਾ ਬਾਈਪਾਸ 'ਤੇ ਸਥਿਤ ਚੈਲੇਟ ਰਿਜ਼ਾਰਟ 'ਚ ਚੱਲ ਰਹੇ ਐੱਨ. ਆਰ. ਆਈ. ਜੋੜੇ ਦੇ ਵਿਆਹ ਸਮਾਰੋਹ ਦੌਰਾਨ ਇਕ ਅਣਪਛਾਤੀ ਮੁਟਿਆਰ ਲੱਖਾਂ ਦੇ ਗਹਿਣੇ ਅਤੇ ਨਕਦੀ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਈ। ਵਿਆਹ ਸਮਾਗਮ ਵਿਚ ਹੋਈ ਚੋਰੀ ਦੀ ਇਹ ਵਾਰਦਾਤ ਰਿਜ਼ਾਰਟ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਬੈਗ ਵਿਚ 20 ਲੱਖ ਤੋਂ ਵੱਧ ਦੇ ਗਹਿਣੇ ਅਤੇ ਨਕਦੀ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਚੌਕੀ ਮਜੀਠਾ ਰੋਡ ਬਾਈਪਾਸ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਤੋਂ ਬਾਅਦ ਅਣਪਛਾਤੀ ਮੁਟਿਆਰ ਤੇ ਉਸ ਨਾਲ ਦਿਖਾਈ ਦੇ ਰਹੇ ਨੌਜਵਾਨ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਜਾਣਕਾਰੀ ਅਨੁਸਾਰ ਪਿੰਡ ਵੈਰੋਨੰਗਲ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਦਾ ਵਿਆਹ ਸਮਾਰੋਹ ਚੈਲੇਟ ਰਿਜ਼ਾਰਟ ਵਿਚ ਚੱਲ ਰਿਹਾ ਸੀ, ਜਿਥੇ ਅੰਮ੍ਰਿਤਪਾਲ ਦੀ ਦੁਲਹਨ ਤੇ ਉਸ ਦਾ ਪਰਿਵਾਰ ਵੀ ਕੈਨੇਡਾ ਤੋਂ ਵਿਆਹ ਲਈ ਆਇਆ ਹੋਇਆ ਸੀ। ਸਾਕ-ਸਬੰਧੀਆਂ ਨਾਲ ਗੱਲਬਾਤ ਦੌਰਾਨ ਅੰਮ੍ਰਿਤਪਾਲ ਦੀ ਮਾਤਾ ਰਾਜਪ੍ਰੀਤ ਕੌਰ ਨੇ ਆਪਣਾ ਬੈਗ ਜਿਵੇਂ ਹੀ ਟੇਬਲ 'ਤੇ ਰੱਖਿਆ, ਉਸੇ ਦੌਰਾਨ ਉਨ੍ਹਾਂ ਦਾ ਪਿੱਛਾ ਕਰ ਰਹੀ ਇਕ ਮੁਟਿਆਰ ਨੇ ਬੈਗ ਚੁੱਕਿਆ ਅਤੇ ਵਿਆਹ ਸਮਾਗਮ ਤੋਂ ਭੱਜ ਨਿਕਲੀ। ਜਦੋਂ ਰਾਜਪ੍ਰੀਤ ਕੌਰ ਨੂੰ ਕੁਝ ਸਮੇਂ ਬਾਅਦ ਆਪਣੇ ਪਰਸ ਦਾ ਖਿਆਲ ਆਇਆ ਤਾਂ ਉਹ ਟੈਬਲ 'ਤੇ ਨਹੀਂ ਸੀ, ਜਿਸ ਤੋਂ ਬਾਅਦ ਰਿਜ਼ਾਰਟ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਦੇਖਿਆ ਗਿਆ ਤਾਂ ਉਸ ਵਿਚ ਅਣਪਛਾਤੀ ਮੁਟਿਆਰ ਬੈਗ ਲੈ ਕੇ ਭੱਜਦੀ ਹੋਈ ਦਿਖਾਈ ਦਿੱਤੀ, ਜਿਸ ਨਾਲ ਇਕ ਨੌਜਵਾਨ ਵੀ ਸਮਾਗਮ ਵਿਚ ਆਇਆ ਸੀ।
ਕੀ ਕਹਿਣਾ ਹੈ ਪੁਲਸ ਦਾ?
ਚੌਕੀ ਮਜੀਠਾ ਰੋਡ ਬਾਈਪਾਸ ਦੇ ਇੰਚਾਰਜ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਰਿਜ਼ਾਰਟ ਤੋਂ ਮਿਲਣ ਵਾਲੀ ਫੁਟੇਜ ਨੂੰ ਦੇਖ ਕੇ ਮੁਲਜ਼ਮ ਮੁਟਿਆਰ ਦੀ ਪਛਾਣ ਕਰ ਕੇ ਉਸ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।