ਨਵੀਂ ਅਨਾਜ ਮੰਡੀ ਬਰਨਾਲਾ ਦੀ ਦੁਕਾਨ ''ਚ ਚੋਰੀ! LCD ਤੇ ਨਕਦੀ ਉੱਡੇ ਚੋਰ

Tuesday, Jun 17, 2025 - 04:18 PM (IST)

ਨਵੀਂ ਅਨਾਜ ਮੰਡੀ ਬਰਨਾਲਾ ਦੀ ਦੁਕਾਨ ''ਚ ਚੋਰੀ! LCD ਤੇ ਨਕਦੀ ਉੱਡੇ ਚੋਰ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਨਵੀਂ ਅਨਾਜ ਮੰਡੀ ਬਰਨਾਲਾ ਵਿੱਚ ਚੋਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ, ਜਿਸ ਨੇ ਵਪਾਰੀ ਵਰਗ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ। ਮੰਡੀ ਦੀ ਦੁਕਾਨ ਨੰਬਰ 21, ਜਿਸ ਵਿੱਚ ਮੋਹਨ ਲਾਲ ਨਰੇਸ਼ ਕੁਮਾਰ ਕਮਿਸ਼ਨ ਏਜੰਟ ਵਜੋਂ ਕੰਮ ਕਰਦੇ ਹਨ, ਉੱਥੇ ਅਣਪਛਾਤੇ ਚੋਰ ਰਾਤ ਦੌਰਾਨ ਦਾਖ਼ਲ ਹੋਏ ਅਤੇ ਐਲਸੀਡੀ, ਗੱਲਾ, ਜ਼ਰੂਰੀ ਕਾਗ਼ਜ਼ਾਤ ਤੇ ਕਰੀਬ 10 ਹਜ਼ਾਰ ਰੁਪਏ ਨਕਦ ਚੋਰੀ ਕਰ ਲੈ ਗਏ।

ਦੁਕਾਨਦਾਰ ਨੂੰ ਸਵੇਰੇ ਮਿਲੀ ਚੋਰੀ ਦੀ ਜਾਣਕਾਰੀ

ਦੁਕਾਨ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਹਮੇਸ਼ਾ ਦੀ ਤਰ੍ਹਾਂ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਜਦੋਂ ਉਹ ਦੂਜੇ ਦਿਨ ਸਵੇਰੇ ਦੁਕਾਨ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆ ਕਿ ਜਿੰਦਰੇ ਤੋੜੇ ਹੋਏ ਹਨ ਅਤੇ ਦੁਕਾਨ ਦੇ ਅੰਦਰ ਤਬਾਹੀ ਦਾ ਮੰਜ਼ਰ ਪਸਰਿਆ ਹੋਇਆ ਸੀ। ਅੰਦਰ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਕ ਐਲਸੀਡੀ, ਗੱਲਾ, ਜ਼ਰੂਰੀ ਦਸਤਾਵੇਜ਼ ਅਤੇ ਕਰੀਬ 10 ਹਜ਼ਾਰ ਰੁਪਏ ਨਕਦ ਉਡਾ ਲਏ ਗਏ ਹਨ।

ਪੁਲਸ ਨੂੰ ਦਿੱਤੀ ਗਈ ਸੂਚਨਾ

ਨਰੇਸ਼ ਕੁਮਾਰ ਨੇ ਤੁਰੰਤ ਇਸ ਘਟਨਾ ਦੀ ਜਾਣਕਾਰੀ ਬੱਸ ਸਟੈਂਡ ਪੁਲਿਸ ਚੌਕੀ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰਚਾਰਜ ਗੁਰਤੇਜ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰੀ ਦੀ ਇਸ ਘਟਨਾ ਦੇ ਜ਼ਿੰਮੇਵਾਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਭਾਬੀ ਕਮਲ ਕੌਰ ਦੇ ਹੱਕ 'ਚ ਨਿੱਤਰਿਆ ਨਿਹੰਗ ਸਿੰਘ! ਅੰਮ੍ਰਿਤਪਾਲ ਮਹਿਰੋਂ ਬਾਰੇ ਆਖ਼ ਗਿਆ ਵੱਡੀਆਂ ਗੱਲਾਂ

ਵਪਾਰੀਆਂ 'ਚ ਭਰੋਸੇ ਦੀ ਘਾਟ

ਮੰਡੀ ਵਿਚ ਵਾਪਰ ਰਹੀਆਂ ਚੋਰੀਆਂ ਦੀ ਲੜੀ ਤੋਂ ਵਪਾਰੀ ਵਰਗ ਚਿੰਤਿਤ ਤੇ ਨਾਰਾਜ਼ ਹੈ। ਮੌਕੇ ’ਤੇ ਹਾਜ਼ਰ ਕਈ ਵਿਅਕਤੀਆਂ ਦਾ ਕਹਿਣਾ ਸੀ ਕਿ ਬਰਨਾਲਾ ਸ਼ਹਿਰ ਵਿਚ ਅੱਜਕੱਲ੍ਹ ਚੋਰੀਆਂ ਦੀ ਸੰਖਿਆ ਵੱਧ ਗਈ ਹੈ। ਹਰ ਦਿਨ ਕਿਸੇ ਨਾ ਕਿਸੇ ਵਪਾਰੀ ਜਾਂ ਘਰ ਵਿੱਚ ਚੋਰੀ ਦੀ ਵਾਰਦਾਤ ਹੁੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਇਨ੍ਹਾਂ ਚੋਰੀਆਂ ਦੀ ਜਾਂਚ ਕਰਕੇ ਅਪਰਾਧੀਆਂ ਨੂੰ ਫੜਨ ਦੀ ਬਜਾਏ ਹਮੇਸ਼ਾ ਖ਼ਾਲੀ ਹੱਥ ਵਾਪਸ ਆਉਣ ਦੀ ਖ਼ਬਰ ਮਿਲਦੀ ਹੈ।

ਸੀ.ਸੀ.ਟੀ.ਵੀ. ਫੁਟੇਜ ਵੀ ਨਹੀਂ ਮਿਲੀ

ਇਸ ਮਾਮਲੇ ’ਚ ਇੱਕ ਹੋਰ ਚੌਕਾਉਣ ਵਾਲੀ ਗੱਲ ਇਹ ਸਾਹਮਣੇ ਆਈ ਕਿ ਜਦੋਂ ਨਰੇਸ਼ ਕੁਮਾਰ ਨੇ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਥੇ ਡੀਵੀਅਰ ਹੀ ਮੌਜੂਦ ਨਹੀਂ ਹੈ। ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਕੁਲਵਿੰਦਰ ਭੁੱਲਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਲਗਭਗ ਤਿੰਨ ਚਾਰ ਸਾਲ ਪਹਿਲਾਂ ਹੋਏ ਇਕ ਕਤਲ ਮਾਮਲੇ ਦੇ ਸੰਬੰਧ ’ਚ ਪੁਲਿਸ ਵੱਲੋਂ ਉਹ ਡੀਵੀਅਰ ਲੈ ਲਿਆ ਗਿਆ ਸੀ ਜੋ ਕਿ ਅਜੇ ਤਕ ਵਾਪਸ ਨਹੀਂ ਕੀਤਾ ਗਿਆ। ਇਹ ਗੱਲ ਵਖਰੀ ਤਰ੍ਹਾਂ ਚੋਰੀ ਦੀ ਜਾਂਚ ਵਿੱਚ ਵੱਡੀ ਰੁਕਾਵਟ ਬਣੀ ਹੋਈ ਹੈ।

ਮੰਡੀ ਵਿਚ ਸੁਰੱਖਿਆ ਪ੍ਰਬੰਧਾਂ ਦੀ ਕਮੀ

ਇਹ ਘਟਨਾ ਇਕ ਵਾਰ ਫਿਰ ਸਾਬਤ ਕਰਦੀ ਹੈ ਕਿ ਬਰਨਾਲਾ ਦੀ ਨਵੀਂ ਅਨਾਜ ਮੰਡੀ ਵਿਚ ਸੁਰੱਖਿਆ ਪ੍ਰਬੰਧ ਬਿਲਕੁਲ ਨਾਕਾਫੀ ਹਨ।  ਰਾਤ ਨੂੰ ਗਸ਼ਤ ਕਰਨ ਵਾਲਾ ਨਾ ਕੋਈ ਗਾਰਡ, ਨਾ ਹੀ ਕੈਮਰਿਆਂ ਦੀ ਸਹੀ ਵਰਤੋਂ। ਅਜੇ ਤਕ ਕਈ ਵਾਰ ਮੰਡੀ ਵਿੱਚ ਵਾਪਰ ਚੁੱਕੀਆਂ ਚੋਰੀਆਂ ਦੇ ਬਾਵਜੂਦ ਨਾ ਹੀ ਕੈਮਰੇ ਠੀਕ ਕੀਤੇ ਗਏ ਹਨ ਅਤੇ ਨ ਹੀ ਸੁਰੱਖਿਆ ਲਈ ਕੋਈ ਨਵਾਂ ਪ੍ਰਬੰਧ ਕੀਤਾ ਗਿਆ ਹੈ।

ਵਪਾਰੀ ਵਰਗ ਦੀ ਮੰਗ

ਵਪਾਰੀ ਵਰਗ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਵੀਂ ਅਨਾਜ ਮੰਡੀ ’ਚ ਸੁਰੱਖਿਆ ਪ੍ਰਬੰਧ ਵਧਾਏ ਜਾਣ। ਮਾਰਕੀਟ ਕਮੇਟੀ ਨੂੰ ਨਵੇਂ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਅਤੇ ਨਾਈਟ ਚੌਕਸੀ ਵਧਾਉਣ ਦੀ ਲੋੜ ਹੈ, ਤਾਂ ਜੋ ਚੋਰੀਆਂ ਅਤੇ ਹੋਰ ਅਪਰਾਧਕ ਗਤੀਵਿਧੀਆਂ ’ਤੇ ਰੋਕ ਲਾਈ ਜਾ ਸਕੇ। ਬਰਨਾਲਾ ਦੀ ਨਵੀਂ ਅਨਾਜ ਮੰਡੀ ਵਿਚ ਵਾਪਰੀ ਚੋਰੀ ਦੀ ਇਹ ਘਟਨਾ ਸਿਰਫ਼ ਇਕ ਵਪਾਰੀ ਦੀ ਨੁਕਸਾਨ ਨਹੀਂ, ਸਗੋਂ ਸੂਬੇ ਦੇ ਵਪਾਰੀ ਹਾਲਾਤਾਂ ਤੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜੇ ਕਰਦੀ ਹੈ। ਜੇਕਰ ਚੋਰੀਆਂ ਦੇ ਦੋਸ਼ੀਆਂ ਨੂੰ ਕਾਬੂ ਕਰਕੇ ਸਖ਼ਤ ਸਜ਼ਾ ਨਾ ਦਿੱਤੀ ਗਈ, ਤਾਂ ਲੋਕਾਂ ਦਾ ਵਿਸ਼ਵਾਸ ਕਾਨੂੰਨ ਤੇ ਸਿਸਟਮ ਤੋਂ ਹਟ ਜਾਵੇਗਾ। ਇਸ ਲਈ ਜ਼ਰੂਰੀ ਹੈ ਕਿ ਪੁਲਿਸ ਜਲਦ ਤੋਂ ਜਲਦ ਕਾਰਵਾਈ ਕਰੇ ਅਤੇ ਮਾਰਕੀਟ ਕਮੇਟੀ ਵੀ ਆਪਣੀ ਜ਼ਿੰਮੇਵਾਰੀ ਨਿਭਾਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News