ਵਿਆਹ ਵਿਚ ਗਏ ਫੋਟੋਗ੍ਰਾਫ਼ਰ ਨੂੰ ਅਚਾਨਕ ਪਿਆ ਦੌਰਾ, ਕੁਝ ਦੇਰ ''ਚ ਹੋ ਗਈ ਮੌਤ
Thursday, Dec 05, 2024 - 05:57 PM (IST)
ਬੋਹਾ (ਅਮਨਦੀਪ) : ਸਥਾਨਕ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਮੱਖਣ ਸਿੰਘ (42) ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਮੱਖਣ ਸਿੰਘ ਦੇ ਚਾਚਾ ਭੋਲਾ ਸਿੰਘ ਹਾਕਮ ਵਾਲਾ ਨੇ ਦੱਸਿਆ ਕਿ ਮੱਖਣ ਸਿੰਘ ਨੇੜਲੇ ਪਿੰਡ ਮੱਲ ਸਿੰਘ ਵਾਲਾ ਵਿਖੇ ਵਿਆਹ ਸਮਾਗਮ 'ਤੇ ਗਿਆ ਸੀ ਕਿ ਪ੍ਰੋਗਰਾਮ ਦੌਰਾਨ ਅਚਾਨਕ ਕੁਰਸੀ ਤੋਂ ਪਿੱਛੇ ਹੋ ਗਿਆ। ਵਿਆਹ ਪਾਰਟੀ ਦੇ ਵਿਅਕਤੀਆਂ ਵੱਲੋਂ ਮੱਖਣ ਸਿੰਘ ਨੂੰ ਬੁਢਲਾਡਾ ਦੇ ਹਸਪਤਾਲ ਵਿਚ ਲਿਆਂਦਾ ਗਿਆ ਜਿਸ ਦੌਰਾਨ ਮੱਖਣ ਸਿੰਘ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਆਖ ਗਿਆ। ਭੋਲਾ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਸੀ ਅਤੇ ਪਰਿਵਾਰ ਵਿਚ ਪਿੱਛੇ ਦੋ ਲੜਕੇ ਅਤੇ ਪਤਨੀ ਛੱਡ ਗਿਆ ਹੈ।
ਬੋਹਾ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਆਗੂ ਸੰਤੋਖ ਸਿੰਘ, ਮੁਰਾਰੀ ਲਾਲ, ਜਸਪਾਲ ਸਿੰਘ, ਬਿੰਦਰ ਸਿੰਘ, ਰਵੀ ਸੇਰਖਾਂ, ਪੰਜਾਬ ਆਗੂ ਗਿਆਨ ਬੁਢਲਾਡਾ ਆਦਿ ਨੇ ਮੱਖਣ ਸਿੰਘ ਦੀ ਹੋਈ ਅਚਨਚੇਤ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਤੇ ਨਾ ਸਹਿਣ ਯੋਗ ਘਟਨਾ ਹੈ, ਅਜੇ ਅਸੀਂ ਜਗਤਾਰ ਗੰਢੂਆਂ ਦਾ ਦੁੱਖ ਨਹੀਂ ਭੁੱਲੇ ਕਿ ਇਹ ਅਣਹੋਣੀ ਵਾਪਰ ਗਈ। ਮੱਖਣ ਸਿੰਘ ਨੇ ਆਪਣੇ ਅਸਰ ਰਸੂਖ ਕਾਰਨ ਮਿੱਠ ਬੋਲੜੇ ਸੁਭਾਅ ਕਾਰਨ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵਿਚ ਅਤੇ ਸਮੁੱਚੇ ਬੋਹਾ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਸੀ। ਸਮੁੱਚੇ ਖੇਤਰ ਦੀਆਂ ਪੰਚਾਇਤਾਂ ਦੇ ਨੁਮਾਇੰਦੇ,ਸਰਕਾਰੀ ਅਰਧ ਸਰਕਾਰੀ ਮੁਲਾਜ਼ਮ, ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਸਮੇਤ ਸਮੁੱਚੇ ਖੇਤਰ ਵਾਸੀਆਂ ਨੇ ਮੱਖਣ ਸਿੰਘ ਦੀ ਬੇਵਕਤੀ ਹੋਈ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ।