30.4 ਮਿਲੀਮੀਟਰ ਬਾਰਿਸ਼ ਨਾਲ 7.1 ਡਿਗਰੀ ਪਾਰਾ ਡਿੱਗਿਆ
Wednesday, Jul 04, 2018 - 04:31 AM (IST)

ਲੁਧਿਆਣਾ(ਸਲੂਜਾ)-ਮਾਨਸੂਨ ਦੇ ਆਪਣੇ ਰੰਗ ਵਿਚ ਆਉਂਦੇ ਹੀ ਬਾਰਿਸ਼ ਦਾ ਦੌਰ ਲਗਾਤਾਰ ਜਾਰੀ ਹੈ। ਅੱਜ 30.4 ਮਿਲੀਮੀਟਰ ਬਾਰਿਸ਼ ਹੋਣ ਨਾਲ ਮਹਾਨਗਰੀ ਪਾਣੀ-ਪਾਣੀ ਹੋ ਗਈ। ਸ਼ਹਿਰ ਦੇ ਪਾਸ਼ ਅਤੇ ਸਲੱਮ ਇਲਾਕਿਆਂ ਵਿਚ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਤਲਾਬ ਦਾ ਰੂਪ ਧਾਰਨ ਕਰ ਲਿਅਾ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ।ਬਿਜਲੀ ਦੀਆਂ ਤਾਰਾਂ ਤੇ ਟਰਾਂਸਫਾਰਮਰ ਡਿੱਗਣ ਨਾਲ ਕਈ ਇਲਾਕਿਆਂ ਵਿਚ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਹੋਣ ਨਾਲ ਸਬੰਧਤ ਇਲਾਕਾ ਨਿਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਖੇਤੀ ਮਾਹਿਰ ਝੋਨੇ ਦੀ ਖੇਤੀ ਲਈ ਇਸ ਬਾਰਿਸ਼ ਨੂੰ ਕਿਸੇ ਵਰਦਾਨ ਤੋਂ ਘੱਟ ਨਹੀਂ ਮੰਨ ਰਹੇ।
ਕਿਵੇਂ ਰਹੇਗਾ ਮੌਸਮ ਦਾ ਮਿਜਾਜ਼
ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮਾਹਿਰ ਡਾ. ਪ੍ਰਭਜੋਤ ਕੌਰ ਨੇ ਮੌਸਮ ਦੇ ਮਿਜਾਜ਼ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਮੈਦਾਨੀ ਇਲਾਕਿਆਂ ਵਿਚ ਅਧਿਕਤਮ ਤਾਪਮਾਨ ਦਾ ਪਾਰਾ 32 ਤੋਂ 37 ਡਿਗਰੀ ਸੈਲਸੀਅਸ ਜਦਕਿ ਨਿਊਨਤਮ 23 ਤੋਂ 26 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਇਸ ਸਮੇਂ ਦੌਰਾਨ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਫੋਕਲ ਪੁਆਇੰਟ ਤੇ ਚੰਡੀਗੜ੍ਹ ਰੋਡ ’ਤੇ ਹੜ੍ਹ ਵਰਗੇ ਹਾਲਾਤ
ਲੁਧਿਆਣਾ ਬਾਰਿਸ਼ ਕਾਰਨ ਫੋਕਲ ਪੁਆਇੰਟ ਤੇ ਚੰਡੀਗੜ੍ਹ ਰੋਡ ’ਤੇ ਹੜ੍ਹ ਵਰਗੇ ਬਣੇ ਹਾਲਾਤ ਬਾਰੇ ਲੋਕਾਂ ਨੇ ਕੌਂਸਲਰ ਤੇ ਨਗਰ ਨਿਗਮ ਖਿਲਾਫ ਪਾਣੀ ਦੀ ਨਿਕਾਸੀ ਨਾ ਹੋਣ ਵਜੋਂ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਕਈ ਫੁੱਟ ਬਰਸਾਤੀ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਮਜੀਤ ਮੂਸਾ, ਸੁਰੇਸ਼, ਸੁਨੀਤਾ, ਰਾਮ ਨਰੇਸ਼ ਤਿਵਾੜੀ ਤੇ ਫੂਲ ਚੰਦ ਨੇ ਕਿਹਾ ਕਿ ਅਰਬਨ ਅਸਟੇਟ ਫੇਜ਼-।, ਬੀਅਰ ਫੈਕਟਰੀ, ਸਨਾਤਨ ਮੰਦਰ ਰੋਡ ਨੇ ਨਹਿਰ ਦਾ ਰੂਪ ਧਾਰਿਆ ਹੋਇਆ ਹੈ। ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ’ਤੇ ਕਈ ਫੁੱਟ ਪਾਣੀ ਖੜ੍ਹਾ ਹੈ ਤੇ ਨਿਕਾਸੀ ਸਿਸਟਮ ਫੇਲ ਹੈ। ਜੇਕਰ ਕਿਸੇ ਪਾਸੇ ਜਾਣਾ ਹੋਵੇ ਤਾਂ ਕਿਵੇਂ ਜਾਈਏ। ਇਸੇ ਤਰ੍ਹਾਂ ਚੰਡੀਗੜ੍ਹ ਰੋਡ ’ਤੇ ਸੜਕ ਦਾ ਇਕ ਹਿੱਸਾ ਟੁੱਟਣ ਕਾਰਨ ਪਏ ਟੋਇਆਂ ਕਾਰਨ ਦੁਕਾਨਦਾਰਾਂ ਦਾ ਕੰਮ ਠੱਪ ਹੋ ਗਿਆ। ਹਰਮੋਹਨ ਸਿੰਘ, ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ ਤੇ ਅਸ਼ਵਨੀ ਨੇ ਕਿਹਾ ਕੰਪਨੀ/ਵਿਭਾਗ ਦੀ ਲਾਪ੍ਰਵਾਹੀ ਲੋਕਾਂ ’ਤੇ ਭਾਰੀ ਪੈ ਰਹੀ ਹੈ। ਰੋਜ਼ ਹਾਦਸੇ ਹੋ ਰਹੇ ਹਨ। ਟੁੱਟੀ ਸੜਕ, ਟੋਏ ਟਰੈਫਿਕ ਜਾਮ ਦਾ ਕਾਰਨ ਬਣ ਰਹੇ ਹਨ।