ਦਿਓਰ ਨੂੰ ਹਮਲਾਵਰਾਂ ਤੋਂ ਬਚਾਉਣ ਆਈ ਭਾਬੀ ''ਤੇ ਕੀਤਾ ਤੇਜ਼ਧਾਰ ਹਥਿਆਰ ਨਾਲ ਵਾਰ, ਮੌਤ

Sunday, Jun 10, 2018 - 07:55 AM (IST)

ਜਲੰਧਰ, (ਸ਼ੋਰੀ)- ਨਕੋਦਰ ਦੇ ਪਿੰਡ ਆਦੀ 'ਚ ਵਿਆਹੁਤਾ ਤੇ ਉਸ ਦੇ ਕਥਿਤ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ, ਜਿਸ ਦਾ ਦੋਸ਼ ਵਿਆਹੁਤਾ ਦੇ ਦਿਓਰ 'ਤੇ ਲਗਾਇਆ ਜਾ ਰਿਹਾ ਹੈ।
ਮੁਲਜ਼ਮ ਦਿਓਰ ਮੌਕੇ ਤੋਂ ਫਰਾਰ ਹੈ ਤੇ ਉਸ ਦੀ ਭਾਲ 'ਚ ਪੁਲਸ ਛਾਪੇ ਮਾਰ ਰਹੀ ਹੈ। ਹਾਲਾਂਕਿ ਮ੍ਰਿਤਕਾ ਦੀ ਸੱਸ ਨੇ ਮਾਮਲੇ ਨੂੰ ਨਵਾਂ ਮੋੜ ਦਿੰਦੇ ਹੋਏ ਸਿਵਲ ਹਸਪਤਾਲ 'ਚ ਮੀਡੀਆ ਸਾਹਮਣੇ ਕਿਹਾ ਸੀ ਕਿ ਕੁਝ ਲੋਕ ਉਸ ਦੇ ਬੇਟੇ ਦਵਿੰਦਰ ਉਰਫ ਪਿੰਦਾ 'ਤੇ ਹਮਲਾ ਕਰਨ ਆਏ ਸਨ ਕਿ ਨੂੰਹ ਉਸ ਨੂੰ ਬਚਾਉਣ ਲਈ ਅੱਗੇ ਆ ਗਈ। ਹਮਲਾਵਰਾਂ ਵੱਲੋਂ ਕੀਤੇ ਗਏ ਵਾਰ ਕਾਰਨ ਉਸ ਦੀ ਮੌਤ ਹੋ ਗਈ।
ਦੇਰ ਰਾਤ ਥਾਣਾ ਸਦਰ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਤੇ ਚੌਕੀ ਉੱਗੀ ਦੇ ਇੰਚਾਰਜ ਗਗਨਦੀਪ ਸਿੰਘ ਸੇਖੋਂ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਲਵਪ੍ਰੀਤ ਕੌਰ ਉਰਫ ਨਵਪ੍ਰੀਤ ਦਾ ਵਿਆਹ 5 ਸਾਲ ਪਹਿਲਾਂ ਤੀਰਥ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ  ਤੀਰਥ ਸਿੰਘ ਵਿਦੇਸ਼ ਚਲਿਆ ਗਿਆ ਤੇ ਇਸ ਦੌਰਾਨ ਲਵਪ੍ਰੀਤ ਕੌਰ ਦੇ ਪਿੰਡ ਦੇ ਹੀ ਆਸ਼ੂ ਨਾਲ ਨਾਜਾਇਜ਼ ਸੰਬੰਧ ਬਣ ਗਏ। ਸ਼ਨੀਵਾਰ ਬਾਅਦ ਦੁਪਹਿਰ ਨੂੰ ਲਵਪ੍ਰੀਤ ਕੌਰ ਦੇ ਨਾਲ ਘਰ 'ਚ ਆਸ਼ੂ ਨੂੰ ਦੇਖ ਕੇ ਦਿਓਰ ਪਿੰਦਾ ਗੁੱਸੇ 'ਚ ਆ ਗਿਆ, ਜਿਸ ਨੇ ਆਸ਼ੂ 'ਤੇ ਤੇਜ਼ਧਾਰ ਹੱਥਿਆਰ ਨਾਲ ਹਮਲਾ ਕਰ ਦਿੱਤਾ ਤੇ ਬਾਅਦ 'ਚ ਆਪਣੀ ਭਾਬੀ ਨੂੰ ਵੀ ਵੱਢ ਦਿੱਤਾ। ਦੋਨੋਂ ਗੰਭੀਰ ਜ਼ਖਮੀ ਹੋ ਗਏ ਸਨ। ਜ਼ਖਮੀ ਆਸ਼ੂ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ ਲਵਪ੍ਰੀਤ ਨੂੰ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਸੀ ਜਿਥੇ ਉਸਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਆਸ਼ੂ ਦੀ ਵੀ ਕੁਝ ਦੇਰ ਬਾਅਦ ਮੌਤ ਹੋ ਗਈ।
PunjabKesari
ਸਿਵਲ ਹਸਪਤਾਲ 'ਚ ਮਾਂ ਨੂੰ ਲੱਭਦਾ ਰਿਹਾ ਮਾਸੂਮ
ਸਿਵਲ ਹਸਪਤਾਲ 'ਚ ਮਾਂ ਨੂੰ ਲੱਭਦਾ ਮ੍ਰਿਤਕਾ ਦਾ ਮਾਸੂਮ ਬੇਟਾ ਵਿਰਲਾਪ ਕਰਦਾ ਰਿਹਾ ਤੇ ਉਸ ਨੂੰ ਦਾਦੀ ਕਸ਼ਮੀਰੋ ਚੁੱਪ ਕਰਵਾਉਂਦੀ ਦਿਖਾਈ ਦੇ ਰਹੀ ਸੀ। ਪੁਲਸ ਵਲੋਂ ਪਹਿਲਾਂ ਮ੍ਰਿਤਕਾ ਲਵਪ੍ਰੀਤ ਕੌਰ ਉਰਫ ਨਵਪ੍ਰੀਤ ਦੀ ਸੱਸ ਕਸ਼ਮੀਰੋ ਦੇ ਬਿਆਨਾਂ ਦੇ ਆਧਾਰ 'ਤੇ ਆਸ਼ੂ ਤੇ ਉਸ ਦੇ ਸਾਥੀਆਂ ਨੂੰ ਹੱਤਿਆਰਾ ਸਮਝਿਆ ਜਾ ਰਿਹਾ ਸੀ ਪਰ ਜਾਂਚ ਤੋਂ ਬਾਅਦ ਸੱਚਾਈ ਕੁਝ ਹੋਰ ਹੀ ਨਿਕਲ ਰਹੀ ਹੈ ਤੇ ਕਸ਼ਮੀਰੋ 'ਤੇ ਪੁਲਸ ਨੂੰ ਗੁਮਰਾਹ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਜਾ ਸਕਦਾ ਹੈ।


Related News