ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
Friday, Jun 21, 2019 - 06:06 PM (IST)

ਅੰਮ੍ਰਿਤਸਰ (ਅਰੁਣ) : ਕਸਬਾ ਰਈਆ ਦੀ ਇਕ ਬੰਦ ਪਈ ਡਿਸਪੈਂਸਰੀ ਵਿਚ ਘਾਤ ਲਗਾ ਕੇ ਬੈਠੇ ਹਥਿਆਰਬੰਦ ਹਮਲਾਵਰਾਂ ਵਲੋਂ ਰਈਆ ਵਾਸੀ ਸਮਸ਼ੇਰ ਸਿੰਘ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾਂਦੇ ਹੋਏ ਮੌਤ ਹੋ ਗਈ। ਥਾਣਾ ਬਿਆਸ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਮ੍ਰਿਤਕ ਸ਼ਮਸ਼ੇਰ ਸਿੰਘ ਦੇ ਭਰਾ ਵਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੁਪਹਿਰ ਉਸ ਦਾ ਭਰਾ ਜੋ ਪਿੰਡ ਦੀ ਡਿਸਪੈਂਸਰੀ ਵੱਲ ਜਾ ਰਿਹਾ ਸੀ ਅਤੇ ਉਹ ਉਸ ਦੇ ਪਿੱਛੇ-ਪਿੱਛੇ ਆ ਰਿਹਾ ਸੀ। ਇਸ ਦੌਰਾਨ ਬੰਦ ਪਈ ਡਿਸਪੈਂਸਰੀ 'ਤੇ ਪਹਿਲਾਂ ਤੋਂ ਹਥਿਆਰਾਂ ਸਮੇਤ ਘਾਤ ਲਗਾ ਕੇ ਬੈਠੇ ਮੁਲਜ਼ਮ ਗੁਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਰਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਰਈਆ ਵਲੋਂ ਤੇਜ਼ਧਾਰ ਨਾਲ ਉਸ ਦੇ ਭਰਾ ਦੀ ਗਰਦਨ 'ਤੇ ਵਾਰ ਕਰ ਦਿੱਤਾ।
ਇਸ ਦੌਰਾਨ ਉਹ ਜ਼ਖਮੀ ਹੋ ਕੇ ਜ਼ਮੀਨ ਉਪਰ ਡਿੱਗ ਗਿਆ। ਜਿਸ ਨੂੰ ਤਰੰਤ ਸਿਵਲ ਹਸਪਤਾਲ ਬਾਬਾ ਬਕਾਲਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਸਰਕਾਰੀ ਹਸਪਤਾਲ, ਅੰਮ੍ਰਿਤਸਰ ਰੈਫਰ ਕਰ ਦਿੱਤਾ ਪਰ ਰਸਤੇ ਵਿਚ ਹੀ ਉਸ ਦੇ ਭਰਾ ਦੀ ਮੌਤ ਹੋ ਗਈ। ਪੁਲਸ ਵਲੋਂ ਕਤਲ ਦਾ ਮਾਮਲਾ ਦਰਜ ਕਰਕੇ ਮੌਕੇ ਤੋਂ ਫਰਾਰ ਹੋਏ ਦੋਵੇਂ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ।