ਹਥਿਆਰਾਂ ਦੀ ਨੋਕ ’ਤੇ ਪੈਟਰੋਲ ਪੰਪ ਲੁੱਟਣ ਦੇ ਦੋਸ਼ ’ਚ 4 ਨੌਜਵਾਨਾਂ ਖਿਲਾਫ ਮਾਮਲਾ ਦਰਜ
Wednesday, Jan 22, 2025 - 05:22 PM (IST)
ਅਬੋਹਰ (ਸੁਨੀਲ) : ਖੂਈਆਂ ਸਰਵਰ ਥਾਣਾ ਪੁਲਸ ਨੇ ਹਥਿਆਰਾਂ ਦੀ ਨੋਕ ’ਤੇ ਪੈਟਰੋਲ ਪੰਪ ਲੁੱਟਣ ਦੇ ਦੋਸ਼ ’ਚ ਚਾਰ ਅਣਪਛਾਤੇ ਨੌਜਵਾਨਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਸਹਾਇਕ ਸਬ-ਇੰਸਪੈਕਟਰ ਭਗਵਾਨ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਪਿੰਡ ਗਿੱਦੜਾਂਵਾਲੀ ਦੇ ਵਸਨੀਕ ਮਨੀਰਾਮ ਦੇ ਪੁੱਤਰ ਰਾਜਕੁਮਾਰ ਨੇ ਕਿਹਾ ਕਿ ਉਹ ਪੈਟਰੋਲ ਪੰਪ ਸੋਖਲ ਕਿਸਾਨ ਸੇਵਾ ਕੇਂਦਰ ਪੰਨੀਵਾਲਾ ਲਿੰਕ ਰੋਡ ਪਿੰਡ ਗੁਮਜਾਲ ’ਤੇ ਸੇਲਜ਼ ਮੈਨ ਵਜੋਂ ਕੰਮ ਕਰਦਾ ਹੈ। 20-21 ਜਨਵਰੀ ਦੀ ਰਾਤ ਨੂੰ ਕਰੀਬ 11:30 ਵਜੇ ਚਾਰ ਅਣਪਛਾਤੇ ਨੌਜਵਾਨ ਤਲਵਾਰਾਂ ਅਤੇ ਲੋਹੇ ਦੀਆਂ ਰਾਡਾਂ ਲੈ ਕੇ ਪੈਟਰੋਲ ਪੰਪ ’ਤੇ ਆਏ ਅਤੇ ਦਫਤਰ ਦੇ ਦਰਵਾਜ਼ੇ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਤਲਵਾਰ ਉਸਦੀ ਗਰਦਨ ’ਤੇ ਰੱਖ ਦਿੱਤੀ।
ਇਕ ਨੌਜਵਾਨ ਉਸਦੇ ਦੋਸਤ ਅਨਿਲ ਕੋਲ ਗਿਆ ਅਤੇ ਉਸ ਨੂੰ ਕਾਬੂ ਕਰ ਲਿਆ ਅਤੇ ਉਸਦਾ ਮੋਬਾਈਲ ਖੋਹ ਲਿਆ ਅਤੇ ਇਕ ਹੋਰ ਨੌਜਵਾਨ ਨੇ ਕਮਰੇ ’ਚ ਮੇਜ਼ ਦਾ ਦਰਾਜ਼ ਖੋਲ੍ਹ ਕੇ ਪੈਟਰੋਲ ਦੀ ਵਿਕਰੀ ਦੇ 1,20,740 ਰੁਪਏ ਕੱਢ ਲਏ ਅਤੇ ਪੰਪ ’ਤੇ ਲੱਗਿਆ ਡੀ. ਵੀ. ਆਰ. ਕੱਢ ਦਿੱਤਾ ਅਤੇ ਹਥਿਆਰਾਂ ਸਮੇਤ ਫਰਾਰ ਹੋ ਗਏ। ਚੋਰੀ ਹੋਏ ਸਾਮਾਨ ਅਤੇ ਪੈਸਿਆਂ ਦੀ ਕੁੱਲ ਕੀਮਤ 1 ਲੱਖ 40 ਹਜ਼ਾਰ ਰੁਪਏ ਬਣਦੀ ਹੈ। ਪੁਲਸ ਨੇ ਚਾਰ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ।