ਦਲਿਤ ਪਰਿਵਾਰ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਪਰਚਾ ਦਰਜ ਕਰਨ ਦੀ ਕੀਤੀ ਮੰਗ

09/23/2019 6:51:33 PM

 ਮੁਕਤਸਰ ਸਾਹਿਬ/ਦੋਦਾ (ਪਵਨ ਤਨੇਜਾ, ਲਖਵੀਰ ਸ਼ਰਮਾ) : ਨੇੜਲੇ ਪਿੰਡ ਕੋਟਲੀ ਸੰਘਰ ਦੇ ਦਲਿਤਾਂ ਨੂੰ ਘਰੇ ਵੜ ਕੇ ਦਸਤਿਆਂ, ਰਾਡਾਂ ਤੇ ਕਿਰਪਾਨਾਂ ਨਾਲ ਗੰਭੀਰ ਜ਼ਖਮੀ ਕਰਨ ਵਾਲੇ ਵਿਅਕਤੀਆਂ 'ਤੇ ਐੱਸ. ਸੀ. ਐੱਸ. ਟੀ. ਐਕਟ ਅਤੇ ਇਰਾਦਾ ਕਤਲ ਦੀਆਂ ਧਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਦਾ ਵਫ਼ਦ ਥਾਣਾ ਬਰੀਵਾਲਾ ਮੁੱਖੀ ਨੂੰ ਮਿਲਿਆ। ਜਾਣਕਾਰੀ ਦਿੰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਜਰਨਲ ਸਕੱਤਰ ਮੰਗਾ ਆਜ਼ਾਦ ਅਤੇ ਸੂਬਾ ਆਗੂ ਗੁਰਾਂਦਿੱਤਾ ਝਬੇਲਵਾਲੀ ਨੇ ਦੱਸਿਆ ਕਿ ਪਹਿਲਾਂ ਪਿੰਡ ਜਵਾਹਰੇਵਾਲਾ ਵਿਚ ਦੋ ਮਜ਼ਦੂਰਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਹੁਣ ਕੋਟਲੀ ਸੰਘਰ ਵਿਖੇ ਇਹ ਘਟਨਾ ਵਾਪਰੀ ਹੈ। 

ਦਲਿਤਾਂ ਖਿਲਾਫ਼ ਉੱਚ ਜਾਤੀ ਧਨਾਢਾਂ ਵੱਲੋਂ ਲਗਾਤਾਰ ਜਬਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਕੋਟਲੀ ਸੰਘਰ ਦੀ ਮਜ਼ਦੂਰ ਔਰਤ ਕੁਲਦੀਪ ਕੌਰ ਪਿੰਡ ਦੀ ਸਾਂਝੀ ਜਗ੍ਹਾ ਤੇ ਕੂੜਾ ਸੁੱਟਣ ਲਈ ਗਈ ਹੋਈ ਸੀ, ਨਵਦੀਪ ਸਿੰਘ ਮੀਤਾ ਜੋ ਕਿ ਮੌਜੂਦਾ ਪੰਚਾਇਤ ਮੈਂਬਰ ਹੈ, ਉਸ ਦਾ ਭਰਾ ਬਲਜੀਤ ਸਿੰਘ, ਬਲਜੀਤ ਸਿੰਘ ਦੀ ਪਤਨੀ ਗੁਰਮੀਤ ਕੌਰ, ਭਤੀਜਾ ਨਿਰਭੈ ਸਿੰਘ, ਉਸਦੀ ਭੂਆ ਗੱਗੀ ਕੌਰ, ਹਰਪ੍ਰੀਤ ਕੌਰ ਪਤਨੀ ਨਵਦੀਪ ਸਿੰਘ ਨੇ ਪਹਿਲਾਂ ਕੁਲਦੀਪ ਕੌਰ ਨੂੰ ਪੰਚਾਇਤੀ ਜਗ੍ਹਾ ਵਿਚ ਕੂੜਾ ਸੁੱਟਣ ਲਈ ਰੋਕਿਆ (ਹਾਲਾਂਕਿ ਇਸੇ ਜਗ੍ਹਾ ਤੇ ਨਵਦੀਪ ਸਿੰਘ ਦੇ ਪਰਿਵਾਰ ਵੱਲੋਂ ਅਤੇ ਹੋਰ ਵੀ ਪਿੰਡ ਦੇ ਲੋਕਾਂ ਵੱਲੋਂ ਕੂੜਾ ਸੁੱਟਿਆ ਜਾਂਦਾ ਹੈ) ਅਤੇ ਬਾਅਦ ਵਿਚ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇਸ ਤਕਰਾਰ ਦੌਰਾਨ ਉੱਚ ਉਕਤ ਲੋਕਾਂ ਵੱਲੋਂ ਕੁਲਦੀਪ ਕੌਰ ਦੇ ਘਰ ਜਾ ਕੇ ਉਨ੍ਹਾਂ ਤੇ ਲੋਹੇ ਦੀਆਂ ਰਾਡਾਂ, ਕਿਰਪਾਨਾਂ ਤੇ ਦਸਤਿਆਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਇਸ ਹਮਲੇ ਦੌਰਾਨ ਕੁਲਦੀਪ ਕੌਰ, ਉਸ ਦਾ ਪੁੱਤਰ ਕੀਰਤ ਸਿੰਘ, ਜਤਿੰਦਰ ਸਿੰਘ ਜੋ ਕਿ ਹੈਂਡੀਕੈਪਡ ਹੈ  ਦੇ ਸਿਰ ਪਾੜ ਦਿੱਤੇ ਜੋ ਕਿ ਹੁਣ ਤਿੰਨੇ ਹੀ ਸਰਕਾਰੀ ਹਸਪਤਾਲ ਬਰੀਵਾਲਾ ਵਿਖੇ ਜੇਰੇ ਇਲਾਜ ਹਨ। 

ਨੌਜਵਾਨ ਭਾਰਤ ਸਭਾ ਦੇ ਜ਼ਿਲਾ ਮੀਤ ਪ੍ਰਧਾਨ ਲਖਵੰਤ ਕਿਰਤੀ ਨੇ ਕਿਹਾ ਕਿ ਦੋਸ਼ੀਆਂ 'ਤੇ ਤੁਰੰਤ ਐਟਰੋਸਿਟੀ ਐਕਟ, 307,452 ਆਦਿ ਸਖਤ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ 'ਤੇ ਕਾਰਵਾਈ ਨਾ ਹੋਈ ਤਾਂ ਮਜਬੂਰਨ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਤਰਸੇਮ ਸਿੰਘ ਭੁੱਟੀਵਾਲਾ, ਮਨਪ੍ਰੀਤ ਕੋਟਲੀ, ਸੋਹਣ ਕੋਟਲੀ, ਸ਼ਨੀ ਸਿੰਘ ਬਿੱਟੂ ਸਿੰਘ, ਰਾਜਾ ਸਿੰਘ, ਵਕੀਲ ਸਿੰਘ ਲਵਪ੍ਰੀਤ ਸਿੰਘ ਰਘਬੀਰ ਸਿੰਘ ਤੋਂ ਇਲਾਵਾ ਹੋਰ ਵੀ ਪਿੰਡ ਦੇ ਵਾਸੀ ਮੌਜੂਦ ਸਨ ।

ਕੀ ਕਹਿਣਾ ਵਿਰੋਧੀ ਧਿਰ ਦਾ
ਇਸ ਸੰਬੰਧੀ ਜਦੋਂ ਵਿਰੋਧੀ ਧਿਰ ਦੇ ਨਵਦੀਪ ਸਿੰਘ ਮੀਤਾ ਪੰਚ ਨਾਲ ਜਦੋਂ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਮੌਜੂਦਾ ਪੰਚਾਇਤ ਮੈਂਬਰ ਹਨ ਅਤੇ ਉਨ੍ਹਾਂ ਨੇ ਉਕਤ ਘਰ ਵਾਲਿਆਂ ਨੂੰ ਪੰਚਾਇਤ ਘਰ ਅੰਦਰ ਕੂੜਾ ਸੁੱਟਣ ਤੋਂ ਮਨ੍ਹਾ ਕੀਤਾ ਸੀ ਜਿਸ 'ਤੇ ਉਨ੍ਹਾਂ ਵੱਲੋਂ ਉਸ ਨਾਲ ਗਾਲੀ ਗਲੋਚ ਅਤੇ ਹੱਥੋਪਾਈ ਸ਼ੁਰੂ ਕਰ ਦਿੱਤੀ ਗਈ ਪਰ ਉਨ੍ਹਾਂ ਵੱਲੋਂ ਕਿਸੇ ਦੇ ਕੋਈ ਸੱਟ ਨਹੀਂ ਮਾਰੀ ਗਈ।

ਕੀ ਕਹਿਣਾ ਸਬੰਧਤ ਪੁਲਿਸ ਅਧਿਕਾਰੀ ਦਾ
ਇਸ ਸਬੰਧੀ ਏ.ਐਸ.ਆਈ.ਜਸਵਿੰਦਰ ਸਿੰਘ ਚੱਠਾ ਨੇ ਦੱਸਿਆ ਕਿ ਉਨਾਂ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ। ਜਾਂਚ ਉਪਰੰਤ ਜੋ ਵੀ ਤੱਕ ਸਾਹਮਣੇ ਆਉਣਗੇ ਉਸ ਅਨੁਸਾਰ ਹੀ ਕਾਰਵਾਈ ਅਮਲ 'ਚ ਲਿਆਦੀ ਜਾਵੇਗੀ।  


Gurminder Singh

Content Editor

Related News