ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਲੋਕਾਂ ਨੇ ਪਰਿਵਾਰ ’ਤੇ ਕੀਤਾ ਹਮਲਾ, ਮਚਿਆ ਚੀਕ-ਚਿਹਾੜਾ

Sunday, Nov 28, 2021 - 02:59 PM (IST)

ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਲੋਕਾਂ ਨੇ ਪਰਿਵਾਰ ’ਤੇ ਕੀਤਾ ਹਮਲਾ, ਮਚਿਆ ਚੀਕ-ਚਿਹਾੜਾ

ਭਵਾਨੀਗੜ੍ਹ (ਵਿਕਾਸ) : ਨੇੜਲੇ ਪਿੰਡ ਚੰਨੋ ’ਚ ਬੀਤੀ ਦੇਰ ਸ਼ਾਮ ਦੋ ਕਾਰਾਂ ਅਤੇ ਮੋਟਰਸਾਇਕਲਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਡੇਢ ਦਰਜਨ ਦੇ ਕਰੀਬ ਅਣਪਛਾਤੇ ਲੋਕਾਂ ਨੇ ਇਕ ਘਰ ’ਚ ਦਾਖਲ ਹੋ ਕੇ ਪਰਿਵਾਰ ’ਤੇ ਹਮਲਾ ਬੋਲ ਦਿੱਤਾ। ਹਮਲੇ ’ਚ ਘਰ ਦੇ ਚਾਰ ਲੋਕ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੁੰਦੇ ਸਮੇਂ ਹਮਲਾਵਰਾਂ ਦੀ ਕਾਰ ਇਕ ਖੜੇ ਟਰੱਕ ਨਾਲ ਟਕਰਾ ਗਈ ਤੇ ਹਮਲਾਵਰ ਮੌਕੇ ਤੋਂ ਕਾਰ ਛੱਡ ਕੇ ਫਰਾਰ ਹੋ ਗਏ। ਹਮਲੇ ’ਚ ਜਖ਼ਮੀ ਹੋਏ ਲੋਕਾਂ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਡਾਕਟਰਾਂ ਨੇ ਉਨ੍ਹਾਂ ਨੂੰ ਲੁਧਿਆਣਾ ਤੇ ਪਟਿਆਲਾ ਦੇ ਹਸਪਤਾਲਾਂ ਲਈ ਰੈਫਰ ਕਰ ਦਿੱਤਾ। ਘਟਨਾ ਸਬੰਧੀ ਪੁਲਸ ਜਾਂਚ ਕਰਨ ਵਿਚ ਜੁੱਟੀ ਹੈ। ਉੱਥੇ ਹੀ ਪਿੰਡ ’ਚ ਘਟਨਾ ਤੋਂ ਬਾਅਦ ਲੋਕਾਂ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਘਟਨਾ ਸਬੰਧੀ ਪਰਿਵਾਰ ਦੇ ਮੁਖੀ ਧਰਮਪਾਲ ਉਰਫ ਪੱਪੂ ਵਾਸੀ ਚੰਨੋ ਨੇ ਦੱਸਿਆ ਕਿ ਸ਼ਨੀਵਾਰ ਦੇਰ ਸ਼ਾਮ ਇਕ ਵਿਅਕਤੀ ਨੇ ਉਨ੍ਹਾਂ ਦੇ ਘਰ ਦਾ ਗੇਟ ਖੜਕਾਇਆ। ਗੇਟ ਖੋਲ੍ਹਣ ’ਤੇ ਡਾਂਗਾ, ਲੋਹੇ ਦੇ ਰਾਡ, ਕਿਰਚਾਂ ਤੇ ਹੋਰ ਤੇਜ਼ਧਾਰ ਹਥਿਆਰ ਹੱਥਾਂ 'ਚ ਲੈ ਕੇ ਬਾਹਰ ਖੜੇ 15-20 ਅਣਪਛਾਤੇ ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲੇ ’ਚ ਧਰਮਪਾਲ ਸਮੇਤ ਉਸਦੇ ਤਿੰਨੇ ਪੁੱਤਰ ਅਸ਼ੋਕ ਕੁਮਾਰ, ਪਵਨ ਕੁਮਾਰ ਤੇ ਸੁਨੀਲ ਕੁਮਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਧਰਮਪਾਲ ਚੰਨੋ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਕਿਸੇ ਨਾਲ ਵੀ ਕੋਈ ਵੈਰ ਵਿਰੋਧ ਨਹੀਂ ਹੈ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਲੁੱਟ ਖੋਹ ਦੀ ਨੀਅਤ ਨਾਲ ਹਮਲਾਵਰਾਂ ਨੇ ਉਨ੍ਹਾਂ ਦੇ ਪਰਿਵਾਰ ’ਤੇ ਹਮਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਦਾ ਚੀਖ ਚਿਹਾੜਾ ਸੁਣਕੇ ਇਕੱਤਰ ਹੋਏ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਫਰਾਰ ਹੋਣ ਸਮੇਂ ਹਮਲਾਵਰਾਂ ਦੀ ਇਕ ਕਾਰ ਟਰੱਕ ’ਚ ਜਾ ਵੱਜੀ ਅਤੇ ਕਾਰ ਸਵਾਰ ਕਾਰ ਉੱਥੇ ਹੀ ਛੱਡ ਕੇ ਭੱਜ ਨਿਕਲੇ।

ਦੂਜੇ ਪਾਸੇ ਪੁਲਸ ਚੌਕੀ ਕਾਲਾਝਾੜ ਦੇ ਇੰਚਾਰਜ ਐੱਸ.ਆਈ ਦਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ। ਮੌਕੇ ਤ ਕਾਰ ਛੱਡ ਕੇ ਭੱਜੇ ਹਮਲਾਵਰਾਂ ਦੀ ਕਾਰ ਨੂੰ ਪੁਲਸ ਨੇ ਕਬਜ਼ੇ ’ਚ ਲਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬਿਆਨ ਲੈ ਕੇ ਪਰਚਾ ਦਰਜ ਕਰਕੇ ਪੁਲਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਹਮਲਾਵਰ ਜਲਦ ਪੁਲਸ ਦੀ ਗ੍ਰਿਫ਼ਤ 'ਚ ਹੋਣਗੇ।


author

Gurminder Singh

Content Editor

Related News