ਜ਼ਿਲ੍ਹਾ ਬਠਿੰਡਾ ਤੋਂ ਚੋਰੀ ਹੋਏ 13 ਹਥਿਆਰਾਂ ਅਤੇ 368 ਕਾਰਤੂਸਾਂ ਦੇ ਮਾਮਲੇ ’ਚ ਭਗੌੜਾ ਗ੍ਰਿਫ਼ਤਾਰ
Sunday, Mar 12, 2023 - 04:14 PM (IST)

ਫਿਰੋਜ਼ਪੁਰ (ਕੁਮਾਰ) : ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਅਤੇ ਏ. ਐੱਸ. ਆਈ ਤਰਸੇਮ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਬੰਠਿਡਾ ’ਚੋਂ ਚੋਰੀ ਹੋਏ 13 ਹਥਿਆਰਾਂ ਅਤੇ 368 ਕਾਰਤੂਸਾਂ ਦੇ ਮਾਮਲੇ ਵਿਚ ਭਗੌੜੇ ਚੱਲ ਰਹੇ ਦੋਸ਼ੀ ਧਰਮਪਾਲ ਉਰਫ ਧਰਮਾ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਕੁਮਾਰ ਨੇ ਦੱਸਿਆ ਕਿ ਜਦੋਂ ਏ.ਐੱਸ.ਆਈ ਤਰਸੇਮ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਫਿਰੋਜ਼ਪੁਰ ਛਾਉਣੀ ਦੇ ਬਾਜ ਵਾਲਾ ਚੌਕ ਨੇੜੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ।
ਇਸ ਦੌਰਾਨ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰਿਟਜ਼ ਕਾਰ ਵਿਚ ਆ ਰਹੇ ਧਰਮਪਾਲ ਸਿੰਘ ਉਰਫ਼ ਧਰਮਾ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਰਟੌਲ ਬੇਟ ਅਤੇ ਰੋਹਿਤ ਪੁੱਤਰ ਮਲਕੀਤ ਸਿੰਘ ਮੱਲੂ ਵਾਲੀਆ ਵਾਲਾ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਧਰਮਪਾਲ ਸਿੰਘ ਉਰਫ਼ ਧਰਮਾ, ਥਾਣਾ ਦਿਆਲਪੁਰਾ ਜ਼ਿਲ੍ਹਾ ਬਠਿੰਡਾ ਵਿਚ 27 ਨਵੰਬਰ 2022 ਨੂੰ ਦਰਜ ਕੀਤੇ ਮੁਕੱਦਮਾ ਨੰਬਰ 165 ਵਿੱਚੋਂ ਭਗੌੜਾ ਸੀ।