‘ਆਫ਼ਤ ਦੀ ਇਸ ਘੜੀ ’ਚੋਂ ਅਸੀਂ ਜੇਤੂ ਹੋ ਕੇ ਨਿਕਲਾਂਗੇ’: ਕੈਪਟਨ ਅਮਰਿੰਦਰ ਸਿੰਘ

Sunday, Aug 15, 2021 - 01:58 PM (IST)

ਜਲੰਧਰ (ਬਿਊਰੋ) : ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ’ਤੇ ਮੈਂ ਤਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਹਾਲਾਂਕਿ, ਇਹ ਮੰਦਭਾਗੀ ਗੱਲ ਹੈ ਕਿ ਅਜਿਹਾ ਸੁਭਾਗਾ ਸਮਾਂ ਉਸ ਮੌਕੇ ਆਇਆ, ਜਦੋਂ ਅਸੀਂ ਕਈ ਆਫਤਾਂ ਦਾ ਸਾਹਮਣਾ ਕਰ ਰਹੇ ਹਾਂ ਪਰ ਇਸ ਦੇ ਨਾਲ ਹੀ ਉਸ ਕੌਮੀ ਭਾਵਨਾ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਜੋ ਸਾਨੂੰ ਸਾਡੇ ਅਣਗਿਣਤ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਨ ਲਈ ਹਮੇਸ਼ਾ ਹੀ ਪ੍ਰੇਰਿਤ ਕਰਦੀ ਰਹੀ ਹੈ, ਜਿਨ੍ਹਾਂ ਨੇ ਆਪਣੀਆਂ ਮਹਾਨ ਕੁਰਬਾਨੀਆਂ ਨਾਲ ਸਾਨੂੰ ਅਜਿਹਾ ਰਾਸ਼ਟਰ ਸੌਂਪਿਆ ਜਿੱਥੇ ਅਸੀਂ ਆਜ਼ਾਦ ਫਿਜ਼ਾ ਵਿਚ ਰਹਿ ਸਕਦੇ ਹਾਂ। ਇਸ ਮੌਕੇ ਮੈਂ ਅਜਿਹੇ ਅਨੇਕਾਂ ਜਾਣੇ-ਪਛਾਣੇ ਅਤੇ ਗੁੰਮਨਾਮ ਨਾਇਕਾਂ ਦੀ ਬਹਾਦਰੀ ਅਤੇ ਕੁਰਬਾਨੀਆਂ ਦਾ ਸਨਮਾਨ ਕਰਦਾ ਹਾਂ। ਸਾਡੇ ਸਾਰਿਆਂ ਲਈ ਇਹ ਪਰਖ ਦਾ ਸਮਾਂ ਚੱਲ ਰਿਹਾ ਹੈ। ਕੋਵਿਡ ਦੀ ਮਹਾਮਾਰੀ ਨੇ ਕਈ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਇਸ ਮਹਾਮਾਰੀ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ, ਬਹੁਤ ਲੋਕਾਂ ਦਾ ਰੋਜ਼ਗਾਰ ਖੁੱਸ ਗਿਆ ਜਾਂ ਬੇਘਰ ਹੋ ਗਏ ਅਤੇ ਬਹੁਤੇ ਅਜੇ ਵੀ ਇਸ ਬੀਮਾਰੀ ਨਾਲ ਜੂਝ ਰਹੇ ਹਨ। ਪੰਜਾਬ ਨੇ ਵੀ ਇਸ ਮਹਾਮਾਰੀ ਦਾ ਦੁਖਾਂਤ ਹੰਢਾਇਆ ਹੈ ਪਰ ਸਾਡੇ ਫਰੰਟਲਾਈਨ ਯੋਧੇ ਸਾਨੂੰ ਸੁਰੱਖਿਅਤ ਰੱਖਣ ਲਈ ਸਮਰਪਿਤ ਹੋ ਕੇ ਕੰਮ ਕਰਦੇ ਰਹੇ ਹਨ। ਮੈਂ ਉਮੀਦ ਕਰਦਾ ਹੋਇਆ ਇਹ ਕਾਮਨਾ ਕਰਦਾ ਹਾਂ ਕਿ ਅਸੀਂ ਇਸ ਸੰਕਟ ਵਿਚੋਂ ਜੇਤੂ ਹੋ ਕੇ ਨਿਕਲਾਂਗੇ। ਇਸ ਮੌਕੇ ਮੈਂ ਤਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਟੀਕੇ ਲੁਆ ਕੇ ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਤੁਸੀਂ ਵੀ ਆਪਣਾ ਯੋਗਦਾਨ ਪਾਓ।

ਅਸੀਂ ਆਪਣੇ ਵਲੋਂ ਕੋਵਿਡ ਕਾਰਨ ਰੋਜ਼ੀ-ਰੋਟੀ ਕਮਾਉਣ ਵਾਲੇ ਜੀਅ ਗੁਆ ਚੁੱਕੇ 578 ਪਰਿਵਾਰਾਂ ਅਤੇ ਮਹਾਮਾਰੀ ਕਾਰਨ ਅਨਾਥ ਹੋਏ 33 ਬੱਚਿਆਂ ਨੂੰ ਮਦਦ ਮੁਹੱਈਆ ਕਰਵਾ ਦਿੱਤੀ ਹੈ। ਇਕ ਜੁਲਾਈ, 2021 ਤੋਂ ਮੇਰੀ ਸਰਕਾਰ ਨੇ ਇਨ੍ਹਾਂ ਸਾਰਿਆਂ ਨੂੰ 1500 ਰੁਪਏ ਮਹੀਨਾਵਾਰ ਸਮਾਜਿਕ ਸੁਰੱਖਿਆ ਪੈਨਸ਼ਨ ਦੇ ਨਾਲ-ਨਾਲ ਆਸ਼ੀਰਵਾਦ ਸਕੀਮ ਹੇਠ 51,000 ਰੁਪਏ ਲਈ ਯੋਗ ਹੋਣ ਦੇ ਦਾਇਰੇ ਹੇਠ ਲਿਆਂਦਾ ਹੈ। ਇਸ ਤੋਂ ਇਲਾਵਾ ਇਨਾਂ ਨੂੰ ਮੁਫ਼ਤ ਰਾਸ਼ਨ ਪ੍ਰਦਾਨ ਕਰਨ ਲਈ ‘ਸਰਬੱਤ ਸਿਹਤ ਬੀਮਾ ਯੋਜਨਾ’ ਹੇਠ ਲਿਆਂਦਾ ਜਾ ਚੁੱਕਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸੂਬੇ ਵਿਚ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਸਾਡੇ ਨਿਵੇਸ਼ ਨਾਲ ਸਾਕਾਰਤਮਕ ਨਤੀਜੇ ਸਾਹਮਣੇ ਆਏ ਹਨ। ਅਪ੍ਰੈਲ, 2017 ਤੋਂ ਲੈ ਕੇ ਹੁਣ ਤੱਕ ਅਨਾਜ ਦੀ ਸਰਕਾਰੀ ਖਰੀਦ ਤੋਂ ਕਿਸਾਨਾਂ ਨੂੰ 2.42 ਲੱਖ ਕਰੋੜ ਦੀ ਵੱਟਤ ਹੋਈ ਹੈ ਜਿਸ ਨਾਲ ਪਿਛਲੀ ਸਰਕਾਰ ਦੇ ਇਨਾਂ 9 ਖਰੀਦ ਸੀਜ਼ਨਾਂ ਵਿਚ ਹੋਈ ਕਮਾਈ ਨਾਲੋਂ 82094 ਕਰੋੜ ਦਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2020-21 ਦੌਰਾਨ ਸੂਬੇ ਵੱਲੋਂ ਉਤਪਾਦਨ ਅਤੇ ਖਰੀਦ ਦੇ ਪੈਦਾ ਕੀਤੇ ਰਿਕਾਰਡ ਸਾਡੇ ਯਤਨਾਂ ਦੇ ਨਤੀਜਿਆਂ ਦੀ ਗਵਾਹੀ ਭਰਦੇ ਹਨ। ਝੋਨੇ ਦੇ ਔਸਤਨ 6631 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਝਾੜ ਦੇ ਰਿਕਾਰਡ ਨਾਲ ਨਵੀਆਂ ਸਿਖਰਾਂ ਛੂਹੀਆਂ ਗਈਆਂ ਅਤੇ 31.49 ਲੱਖ ਹੈਕਟੇਅਰ ਵਿਚ 208.82 ਲੱਖ ਮੀਟ੍ਰਿਕ ਟਨ ਦਾ ਉਤਪਾਦਨ ਹੋਇਆ। ਝੋਨੇ ਦੀ ਖਰੀਦ ਨੇ 203.10 ਲੱਖ ਮੀਟ੍ਰਿਕ ਟਨ ਦੇ ਰਿਕਾਰਡ ਨੂੰ ਵੀ ਹਾਸਲ ਕੀਤਾ ਅਤੇ ਕੇਂਦਰੀ ਭੰਡਾਰ ਵਿਚ 24.70 ਫੀਸਦੀ ਯੋਗਦਾਨ ਪਾਇਆ। ਅਸੀਂ ਪੰਜਾਬ ਨੂੰ ਪਰਾਲੀ ਸਾੜਨ ਤੋਂ ਮੁਕਤ ਸੂਬਾ ਬਣਾਉਣ ਲਈ ਕਿਸਾਨਾਂ ਨੂੰ ਸਹਿਯੋਗ ਦੇਣ ਲਈ ਆਪਣੀ ਜ਼ਿੰਮੇਵਾਰੀ ਤੋਂ ਵੀ ਭਲੀਭਾਂਤ ਵਾਕਫ਼ ਹਾਂ।

ਇਸ ਦੇ ਨਾਲ ਹੀ ਅਸੀਂ ਸਮਾਜ ਦੇ ਹੋਰਨਾਂ ਵਰਗਾਂ ਨਾਲ ਕੀਤੇ ਹੋਏ ਆਪਣੇ ਵਾਅਦਿਆਂ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਿਵੇਂ ਕਿ ਸਾਡੇ 2017 ਦੇ ਚੋਣ ਮਨੋਰਥ ਪੱਤਰ ਵਿਚ ਇਸ ਪ੍ਰਤੀ ਪ੍ਰਤੀਬੱਧਤਾ ਜ਼ਾਹਰ ਕੀਤੀ ਗਈ ਸੀ। ਇਨ੍ਹਾਂ ਵਾਅਦਿਆਂ ਵਿਚੋਂ 93 ਫੀਸਦੀ ਪਹਿਲਾਂ ਹੀ ਲਾਗੂ ਕਰ ਦਿੱਤੇ ਗਏ (ਇਹ ਅੰਕੜਾ 95 ਫੀਸਦੀ ਤੱਕ ਪੁੱਜਣ ਦੀ ਉਮੀਦ ਹੈ)। ਸਾਡੇ ਵਲੋਂ ਪੂਰੇ ਕੀਤੇ ਗਏ ਸਭ ਤੋਂ ਮਹੱਤਵਪੂਰਨ ਵਾਅਦਿਆਂ ’ਤੇ ਰੌਸ਼ਨੀ ਪਾਉਣ ਤੋਂ ਪਹਿਲਾਂ ਮੈਂ ਟੋਕੀਓ ਉਲੰਪਿਕ ਖੇਡਾਂ ਵਿਚ ਸਾਡੇ ਖਿਡਾਰੀਆਂ ਦੀ ਸ਼ਾਨਦਾਰ ਕਾਮਯਾਬੀ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਨਾ ਚਾਹਾਂਗਾ। ਇਨ੍ਹਾਂ ਨੇ ਸਾਡੇ ਦੇਸ਼ ਅਤੇ ਸੂਬੇ ਦਾ ਨਾਂ ਉੱਚਾ ਕੀਤਾ ਹੈ ਤੇ ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਮੇਰੀ ਸਰਕਾਰ ਦੀਆਂ ਕੁਝ ਅਹਿਮ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਮੈਂ ਸਮਾਜਿਕ ਭਲਾਈ ਦੇ ਏਜੰਡੇ ਤੋਂ ਸ਼ੁਰੂਆਤ ਕਰਾਂਗਾ ਜੋ ਕਿ ਸਾਡੇ ਸਭ ਲਈ ਵੱਡੀ ਤਰਜੀਹ ਹੈ। ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ, ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਦੀਆਂ ਪੈਨਸ਼ਨਾਂ ਦੁੱਗਣੀਆਂ ਕਰਨ ਤੋਂ ਬਾਅਦ ਅਸੀਂ ਹੁਣ ਸਮਾਜਿਕ ਸੁਰੱਖਿਆ ਮਹੀਨਾਵਾਰੀ ਪੈਨਸ਼ਨ 1 ਜੁਲਾਈ, 2021 ਤੋਂ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤੀ ਹੈ। ਇਸ ਨਾਲ 26,21,201 ਲਾਭਪਾਤਰੀਆਂ ਨੂੰ ਫਾਇਦਾ ਹੋਵੇਗਾ ਅਤੇ ਇਸ ਲਈ ਬਜਟ ਵਿਚ 4000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਆਸ਼ੀਰਵਾਦ ਸਕੀਮ ਅਧੀਨ ਵਿੱਤੀ ਮਦਦ ਨੂੰ ਵੀ 21000 ਰੁਪਏ ਤੋਂ ਵਧਾ ਕੇ ਪ੍ਰਤੀ ਲਾਭਪਾਤਰੀ 51000 ਰੁਪਏ ਕਰ ਦਿੱਤਾ ਗਿਆ ਹੈ ਅਤੇ ਇਹ ਲਾਭ 1 ਜੁਲਾਈ, 2021 ਤੋਂ ਅਮਲ ਵਿਚ ਆ ਚੁੱਕਾ ਹੈ।

ਮਹਿਲਾ ਸਸ਼ਕਤੀਕਰਨ ਵੱਲ ਇਕ ਮਹੱਤਵਪੂਰਨ ਕਦਮ ਵਧਾਉਂਦੇ ਹੋਏ ਮੇਰੀ ਸਰਕਾਰ ਨੇ ਉਨ੍ਹਾਂ ਲਈ ਸਰਕਾਰੀ ਨੌਕਰੀਆਂ ਵਿਚ 33 ਫੀਸਦੀ ਰਾਖਵਾਂਕਰਨ ਮੁਹੱਈਆ ਕੀਤਾ ਹੈ ਅਤੇ ਇਸ ਤੋਂ ਇਲਾਵਾ ਪੰਚਾਇਤਾਂ ਅਤੇ ਮਿਊਂਸੀਪਲ ਇਕਾਈਆਂ ਦੀਆਂ ਚੋਣਾਂ ਵਿਚ ਵੀ ਔਰਤਾਂ ਲਈ 50 ਫੀਸਦੀ ਰਾਖਵਾਂਕਰਨ ਦੀ ਵਿਵਸਥਾ ਕੀਤੀ ਗਈ ਹੈ। ਮਹਿਲਾਵਾਂ ਲਈ ਸਰਕਾਰੀ ਬੱਸਾਂ ਵਿਚ ਮੁਫ਼ਤ ਸਫਰ ਦੀ ਸਹੂਲਤ ਨੇ ਉਨ੍ਹਾਂ ਲਈ ਸਫਰ ਨੂੰ ਵੱਧ ਭਰੋਸੇਯੋਗ ਅਤੇ ਸੁਰੱਖਿਅਤ ਬਣਾ ਦਿੱਤਾ ਹੈ। ਸਾਡੀ ਨਿਵੇਸ਼ਕ ਪੱਖੀ ਉਦਯੋਗਿਕ ਨੀਤੀ ਅਤੇ ਆਕਰਸ਼ਕ ਰਿਆਇਤਾਂ ਨੇ ਪੰਜਾਬ ਨੂੰ ਨਿਵੇਸ਼ ਦੇ ਤਰਜੀਹੀ ਸਥਾਨ ਵਜੋਂ ਉਭਾਰਿਆ ਹੈ ਅਤੇ ਇਸ ਵਿਚ ‘ਇਨਵੈਸਟ ਪੰਜਾਬ’ ਨੇ ਮੋਹਰੀ ਭੂਮਿਕਾ ਨਿਭਾ ਕੇ ਨਿਵੇਸ਼ ਸੁਖਾਲਾ ਬਣਾਉਣ ਲਈ ਇਕੋ-ਇਕ ਸਥਾਨ ਵਜੋਂ ਉੱਭਰਨ ਦਾ ਮਾਣ ਹਾਸਿਲ ਕਰਦੇ ਹੋਏ ਸੂਬੇ ਵਿਚ ਬੀਤੇ ਚਾਰ ਵਰ੍ਹਿਆਂ ਦੌਰਾਨ, ਮਹਾਮਾਰੀ ਦੇ ਸਮੇਂ ਸਮੇਤ, 2900 ਪ੍ਰਾਜੈਕਟ ਤਜਵੀਜ਼ਾਂ ਰਾਹੀਂ 91,000 ਕਰੋੜ ਰੁਪਏ ਦਾ ਨਿਵੇਸ਼ ਲਿਆਂਦਾ ਹੈ। ਅਮਨ-ਕਾਨੂੰਨ ਦੀ ਵਿਵਸਥਾ ਅਤੇ ਨਸ਼ਿਆਂ ਦਾ ਖਾਤਮਾ ਅਜਿਹੇ ਹੋਰ ਖੇਤਰ ਹਨ ਜਿਨ੍ਹਾਂ ਵਿਚ ਅਸੀਂ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਅਤੇ ਡਰੱਗ ਮਾਫੀਆ ਤੇ ਅਪਰਾਧੀਆਂ/ਗੈਂਗਸਟਰਾਂ ਦਾ ਲੱਕ ਭੰਨਦੇ ਹੋਏ ਸੂਬੇ ਨੂੰ ਰਹਿਣ ਲਈ ਬਹੁਤ ਹੀ ਸੁਰੱਖਿਅਤ ਸਥਾਨ ਬਣਾਇਆ ਹੈ।

ਮੈਨੂੰ ਇਹ ਗੱਲ ਸਾਂਝੀ ਕਰਦੇ ਹੋਏ ਵੀ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਨੂੰ ਭਾਰਤ ਸਰਕਾਰ ਵਲੋਂ ਸਕੂਲੀ ਸਿੱਖਿਆ ਲਈ ਜਾਰੀ ਸਾਲ 2019-20 ਦੇ ‘ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ’ ਵਿਚ ਚੋਟੀ ਦਾ ਸਥਾਨ ਦਿੱਤਾ ਗਿਆ ਹੈ। ਮੈਂ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਸਿੱਖਿਆ ਵਿਭਾਗ ਨੂੰ ਵਧਾਈ ਦਿੰਦਾ ਹਾਂ। ਇਕ ਹੋਰ ਤਰਜੀਹੀ ਖੇਤਰ ਜਿਸ ਵਿਚ ਅਸੀਂ ਲਗਾਤਾਰ ਨਿਵੇਸ਼ ਕਰ ਰਹੇ ਹਾਂ ਉਹ ਹੈ ਸਿਹਤ ਖੇਤਰ। ਮਹਾਮਾਰੀ ਨੂੰ ਵੇਖਦੇ ਹੋਏ ਅਸੀਂ ਐੱਸ. ਏ. ਐੱਸ. ਨਗਰ ਵਿਖੇ ਰਿਜ਼ਨਲ ਇੰਸਟੀਚਿਊਟ ਆਫ ਵਾਇਰੋਲੌਜੀ ਸਥਾਪਤ ਕਰਨ ਦਾ ਵੀ ਫੈਸਲਾ ਕੀਤਾ ਹੈ ਜਿਸ ਸਬੰਧੀ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਅਤੇ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੌਜੀ (ਐੱਨ. ਆਈ. ਵੀ.) ਦਰਮਿਆਨ ਇਕ ਐੱਮ. ਓ. ਯੂ. ’ਤੇ ਹਸਤਾਖਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਪਹਿਲਕਦਮੀਆਂ ਸਦਕਾ ਅਸੀਂ ਇਕ ਅਗਾਂਹਵਧੂ ਪੰਜਾਬ ਦੀ ਨੀਂਹ ਰੱਖੀ ਹੈ ਜਿਸ ਨੂੰ ਅਸੀਂ ਦੇਸ਼ ਦਾ ਚੋਟੀ ਦਾ ਸੂਬਾ ਬਣਾਉਣ ਦੀ ਅਣਥੱਕ ਕੋਸ਼ਿਸ਼ ਕਰ ਰਹੇ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦਾ ਹਿੱਸਾ ਬਣਨ ਦਾ ਮੈਨੂੰ ਵੀ ਸੁਭਾਗ ਪ੍ਰਾਪਤ ਹੋਇਆ, ਦੇ ਆਸ਼ੀਰਵਾਦ ਸਦਕਾ ਆਪਣੀਆਂ ਕੋਸ਼ਿਸ਼ਾਂ ਵਿਚ ਕਾਮਯਾਬ ਹੋਵਾਂਗੇ। ਮੇਰਾ ਦਿੜ੍ਹ ਨਿਸ਼ਚਾ ਹੈ ਕਿ ਅਸੀਂ ਇਕਮੁੱਠ ਹੋ ਕੇ ਸਾਰੀਆਂ ਚੁਣੌਤੀਆਂ ’ਤੇ ਜਿੱਤ ਪ੍ਰਾਪਤ ਕਰ ਲਵਾਂਗੇ।

ਜੈ ਹਿੰਦ

-ਕੈਪਟਨ ਅਮਰਿੰਦਰ ਸਿੰਘ,

ਮੁੱਖ ਮੰਤਰੀ, ਪੰਜਾਬ


Anuradha

Content Editor

Related News