ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਪੰਜਾਬ ਦੇ ਨਵੇਂ ਕੈਪਟਨ ਦਾ ਕਰਾਂਗੇ ਹਰ ਪੱਖੋਂ ਸਹਿਯੋਗ : ਮਾਨ
Sunday, Sep 19, 2021 - 02:30 AM (IST)
 
            
            ਚੰਡੀਗੜ੍ਹ(ਕਮਲ)- ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ’ਤੇ ਐੱਨ. ਆਰ. ਆਈਜ਼ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਦੀ ਮਜਬੂਤੀ ਤੇ ਲੋਕਾਂ ਦੀ ਭਲਾਈ ਵਾਸਤੇ ਕਿਸੇ ਐਕਟਿਵ ਲੀਡਰ ਨੂੰ ਅੱਗੇ ਲਿਆਉਣਾ ਬਹੁਤ ਜ਼ਰੂਰੀ ਸੀ, ਜਿਹੜਾ ਕਿ ਕਾਂਗਰਸ ਹਾਈਕਮਾਨ ਨੂੰ ਬਹੁਤ ਪਹਿਲਾਂ ਫੈਸਲਾ ਲੈ ਲੈਣਾ ਚਾਹੀਦਾ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਕੈਪਟਨ ਤੋਂ ਬਾਅਦ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵੀ ਦਿੱਤਾ ਅਸਤੀਫ਼ਾ (ਵੀਡੀਓ)
ਇਸ ਸਬੰਧ ’ਚ ਇੰਡੀਅਨ ਓਵਰਸੀਜ਼ ਕਾਂਗਰਸ ਕੈਲੀਫੋਰਨੀਆ ਚੈਪਟਰ ਦੇ ਪ੍ਰਧਾਨ ਤੇ ਪੰਜਾਬ ਸਰਕਾਰ ਵਲੋਂ ਯੂ. ਐੱਸ. ਏ ’ਚ ਅਫੇਅਰਜ਼ ਵਿਭਾਗ ਦੇ ਕੋਆਰਡੀਨੇਟਰ ਸਰਬਜੀਤ ਸਿੰਘ ਮਾਨ ਨੇ ਜਗ ਬਾਣੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਜ਼ਿਆਦਾ ਸਮਾਂ ਆਪਣੇ ਫਾਰਮ ਹਾਊਸ ’ਚ ਹੀ ਗੁਜਾਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਤੋਂ ਹੁਣ ਪੰਜਾਬ ਵਾਸੀ ਹੀ ਨਹੀਂ ਬਲਕਿ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਵੀ ਬੇਹੱਦ ਖਫਾ ਹੋ ਗਏ ਸਨ, ਅਜਿਹੇ ਹਾਲਾਤਾਂ ’ਚ ਕੈਪਟਨ ਨੂੰ ਸਾਈਡ ਲਾਈਨ ਲਗਾਉਣਾ ਹੀ ਇਕ ਬਦਲ ਸੀ। ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਸੱਤਾ ’ਚ ਲਿਆਉਣ ਵਿਚ ਐੱਨ. ਆਰ. ਆਈਜ਼. ਦਾ ਵੀ ਬਹੁਤ ਵੱਡਾ ਯੋਗਦਾਨ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਢਿੱਲੀ ਕਾਰਗੁਜ਼ਾਰੀ ਨੇ ਸਾਡੀਆਂ ਵੀ ਆਸਾਂ ’ਤੇ ਪਾਣੀ ਫੇਰ ਕੇ ਰੱਖ ਦਿਤਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            