ਗ੍ਰਿਫਤਾਰ ਹੋਏ ਹਰ ਕਿਸਾਨ ਦਾ ਕੇਸ ਲੜਾਂਗੇ : ਸਿਰਸਾ
Sunday, Feb 21, 2021 - 02:39 AM (IST)
ਜਲੰਧਰ, (ਚਾਵਲਾ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੁੰ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਤੇ ਕਿਸਾਨ ਹਮਾਇਤੀਆਂ ਵਿਚੋਂ ਅੱਜ 15 ਹੋਰਨਾਂ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ’ਚ ਗ੍ਰਿਫਤਾਰ ਕੀਤੇ ਹਰੇਕ ਕਿਸਾਨ ਦਾ ਕੇਸ ਦਿੱਲੀ ਕਮੇਟੀ ਲੜੇਗੀ।
ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਿਰਸਾ ਨੇ ਦੱਸਿਆ ਕਿ ਅੱਜ ਥਾਣਾ ਪੱਛਮੀ ਵਿਹਾਰ ਦੀ ਐੱਫ. ਆਈ. ਆਰ. ਜਿਸ ਅਧੀਨ ਧਾਰਾ 147, 148, 149, 186, 259, 270, 330,333, 353, 332 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਿਨ੍ਹਾਂ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਨ੍ਹਾਂ ਦੀਆਂ ਜ਼ਮਾਨਤਾਂ ਅੱਜ ਮਨਜ਼ੂਰ ਹੋਈਆਂ ਹਨ, ਜਿਨ੍ਹਾਂ ਵਿਚ ਜਗਸੇਰ ਸਿੰਘ ਬਠਿੰਡਾ, ਮੱਖਣ ਸਿੰਘ ਤਲਵੰਡੀ ਸਾਬੋ, ਬਰਿੰਦਰ ਸਿੰਘ ਤਲਵੰਡੀ ਸਾਬੋ, ਸੁਖਜਿੰਦਰ ਸਿੰਘ ਮਾਨਸਾ, ਜਸਵਿੰਦਰ ਸਿੰਘ ਮੁਕਤਸਰ ਸਾਹਿਬ, ਪਰਦੀਪ ਸਿੰਘ ਲੁਧਿਆਣਾ, ਸੁੱਖਰਾਜ ਸਿੰਘ ਫਿਰੋਜ਼ਪੁਰ, ਹਰਪ੍ਰੀਤ ਸਿੰਘ ਫਿਰੋਜ਼ਪੁਰ, ਯਾਦਵਿੰਦਰ ਸਿੰਘ ਫਾਜ਼ਿਲਕਾ, ਗੁਰਪ੍ਰੀਤ ਸਿੰਘ ਫਾਜ਼ਿਲਕਾ ਅਤੇ ਵਿੱਕੀ ਪੁੱਤਰ ਠਾਕੁਰ ਮਾਨਸਾ ਤੋਂ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਦੂਜਾ ਮਾਮਲਾ ਬੁਰਾੜੀ ਪੁਲਸ ਥਾਣੇ ਦਾ ਹੈ ਜਿਸ ਵਿਚ ਜਿਹੜੇ 5 ਵਿਅਕਤੀ ਗ੍ਰਿਫਤਾਰ ਕੀਤੇ ਗਏ ਸਨ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕੇਸ ਧਾਰਾ 307, 392 ਅਤੇ 397 ਤਹਿਤ ਦਰਜ ਕੀਤਾ ਗਿਆ ਸੀ ਤੇ 26 ਜਨਵਰੀ ਨੂੰ ਐੱਫ. ਆਈ. ਆਰ. ਨੰਬਰ 64 ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਰਾਜਿੰਦਰ ਸਿੰਘ, ਸਤਬੀਰ ਸਿੰਘ, ਸੰਦੀਪ ਸਿੰਘ, ਸੁਰਜੀਤ ਸਿੰਘ ਤੇ ਰਵੀ ਕੁਮਾਰ ਦੀ ਜ਼ਮਾਨਤ ਮਨਜ਼ੂਰ ਹੋਈ ਹੈ।
ਉਨ੍ਹਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਤੇ ਕਿਸਾਨ ਮੋਰਚੇ ਤੋਂ ਪ੍ਰੇਮ ਸਿੰਘ ਭੰਗੂ ਅਤੇ ਐਡਵੋਕੇਟ ਸੰਜੀਵ ਨਿਸਾਰ, ਵਿਰੇਂਦਰ ਸਿੰਘ ਸੰਧੂ, ਆਨੰਦ ਖੱਤਰੀ, ਜਸਪ੍ਰੀਤ ਸਿੰਘ ਰਾਏ, ਜਸਦੀਪ ਸਿੰਘ ਢਿੱਲੋਂ, ਹਰਪੁਨੀਤ ਰਾਏ, ਅਸ਼ਪ੍ਰੀਤ ਸਿੰਘ ਆਨੰਦ ਤੇ ਹੋਰਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਉੱਦਮ ਸਦਕਾ ਅੱਜ ਇਨ੍ਹਾਂ ਲੋਕਾਂ ਦੀ ਜ਼ਮਾਨਤ ਮਨਜ਼ੂਰ ਹੋਈ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਦੀ ਜ਼ਮਾਨਤ ਹਾਲੇ ਤੱਕ ਮਨਜ਼ੂਰ ਨਹੀਂ ਹੋਈ, ਉਹ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਨੂੰ ਇਹ ਭਰੋਸਾ ਦੁਆਉਣਾ ਚਾਹੁੰਦੇ ਹਨ ਕਿ ਇਨ੍ਹਾਂ ਦੀ ਜ਼ਮਾਨਤ ਜਲਦੀ ਤੋਂ ਜਲਦੀ ਮਨਜ਼ੂਰ ਹੋਵੇਗੀ ਤੇ ਉਹ ਅਕਾਲ ਪੁਰਖ ’ਤੇ ਭਰੋਸਾ ਰੱਖਣ।