ਅਸੀਂ ਪੂਰੇ ਦੇਸ਼ ਦੀ ਜਵਾਨੀ ਬਚਾਈ, ਡਰੱਗਜ਼ ਲਈ ਕੇਂਦਰ ਜ਼ਿੰਮੇਵਾਰ : ਸੁਖਬੀਰ ਬਾਦਲ (ਵੀਡੀਓ)

07/01/2016 3:14:20 PM

ਪੰਜਾਬ ਦੀ ਸਿਆਸਤ ਇਸ ਵਾਰ ਬੜੀ ਹੀ ਦਿਲਚਸਪ ਬਣਦੀ ਜਾ ਰਹੀ ਹੈ। ਹਰ ਰੋਜ਼ ਸਿਆਸਤ ''ਚ ਇਕ ਨਵਾਂ ਮੋੜ ਨਜ਼ਰ ਆਉਂਦਾ ਹੈ। ਵਿਰੋਧੀ ਪਾਰਟੀਆਂ ਲਗਾਤਾਰ ਸੱਤਾ ਧਿਰ ਨੂੰ ਵੱਖ-ਵੱਖ ਮੁੱਦਿਆਂ ''ਤੇ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਹੁਕਮਰਾਨ ਅੱਜ ਵੀ ਦਾਅਵੇ ਨਾਲ ਆਖ ਰਹੇ ਹਨ ਕਿ 2017 ਵਿਚ ਵੀ ਪੰਜਾਬ ਦੀ ਸੱਤਾ ਉਨ੍ਹਾਂ ਦੇ ਹੱਥਾਂ ਵਿਚ ਹੋਵੇਗੀ। ਓਧਰ ਤੀਜੀ ਪਾਰਟੀ ਵਜੋਂ ਉੱਭਰੀ ਆਮ ਆਦਮੀ ਪਾਰਟੀ ਵੀ ਕਾਂਗਰਸ ਤੇ ਅਕਾਲੀ ਦਲ ਦੀਆਂ ਕਮੀਆਂ ਗਿਣਾਉਂਦਿਆਂ ਸੱਤਾ ''ਤੇ ਕਾਬਜ਼ ਹੋਣ ਦੇ ਸੁਪਨੇ ਵੇਖ ਰਹੀ ਹੈ। ਹੁਣ ਤਕ ਤਾਂ ਮੁਕਾਬਲਾ ਤਿਕੋਣਾ ਜਾਪ ਰਿਹਾ ਹੈ ਪਰ ਸਿਆਸੀ ਪੰਡਿਤ ਇਹ ਵੀ ਕਿਆਸ ਅਰਾਈਆਂ ਲਗਾ ਰਹੇ ਹਨ ਕਿ 2017 ''ਚ ਭਾਈਵਾਲੀ ਟੁੱਟ ਸਕਦੀ ਹੈ ਤੇ ਚੌਥੀ ਪਾਰਟੀ ਦੇ ਰੂਪ ''ਚ ਬੀ.ਜੇ.ਪੀ. ਵੀ ਵੱਖਰੇ ਤੌਰ ''ਤੇ ਚੋਣ ਲੜਨ ਦੀ ਲਲਕਾਰ ਮਾਰ ਸਕਦੀ ਹੈ ਪਰ ਇਨ੍ਹਾਂ ਸਾਰੇ ਸਵਾਲਾਂ ਅਤੇ ਕਿਆਸ ਅਰਾਈਆਂ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਿਸ ਤਰ੍ਹਾਂ ਵੇਖਦੇ ਹਨ ਤੇ 2017 ਦੇ ਚੋਣ ਮੈਦਾਨ ਲਈ ਅਕਾਲੀ ਦਲ ਦੀ ਕੀ ਤਿਆਰੀ ਹੈ, ਇਸ ਬਾਰੇ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਉਹ ਬੀਤੇ ਦਿਨ ਜਗ ਬਾਣੀ ਦੇ ਸਟੂਡੀਓ ਪਹੁੰਚੇ। ਪੇਸ਼ ਹਨ ਉਨ੍ਹਾਂ ਨਾਲ ਕੀਤੀ ਮੁਲਾਕਾਤ ਦੇ ਮੁੱਖ ਅੰਸ਼।

ਪ੍ਰਸ਼ਨ : ਸੁਖਬੀਰ ਜੀ, 2017 ਦੀਆਂ ਚੋਣਾਂ ਨੂੰ ਲੈ ਕੇ ਸਾਰੇ ਹੀ ਸਿਆਸੀ ਖੇਮੇ ਪੂਰੇ ਸਰਗਰਮ ਹਨ ਤਾਂ ਅਜਿਹੇ ''ਚ ਅਕਾਲੀ ਦਲ ਦੀ ਕੀ ਤਿਆਰੀ ਹੈ?
ਉੱਤਰ : ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ, ਜੋ ਹਮੇਸ਼ਾ ਹੀ ਤਿਆਰੀ ਵਿਚ ਰਹਿੰਦੀ ਹੈ। ਸਾਡੀ ਪਾਰਟੀ ਲੋਕਾਂ ਦੀ ਪਾਰਟੀ ਹੈ ਤੇ ਹਰ ਵਕਤ ਲੋਕਾਂ ਵਿਚ ਹੀ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੀ ਹੈ। ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਜ਼ਿਆਦਾਤਰ  ਮੈਦਾਨੇ ਜੰਗ ਵਿਚ ਰਹਿੰਦੀ ਹੈ, ਜਿਸ ਨੂੰ 2017 ਦੀਆਂ ਚੋਣਾਂ ਤੋਂ ਕੋਈ ਖਦਸ਼ਾ ਨਹੀਂ ਹੈ। ਸੋ ਸਾਡਾ ਮੁੱਦਾ ਸਿਰਫ ਤੇ ਸਿਰਫ ਵਿਕਾਸ ਹੈ।
ਪ੍ਰਸ਼ਨ : ਤੁਸੀਂ ਵਿਕਾਸ ਦੀ ਗੱਲ ਕੀਤੀ, ਪਿਛਲੇ 9 ਸਾਲਾਂ ''ਚ ਸਰਕਾਰ ਦੀਆਂ ਕਿਹੜੀਆਂ ਪ੍ਰਾਪਤੀਆਂ ਹਨ, ਜਿਨ੍ਹਾਂ ''ਤੇ ਤੁਹਾਨੂੰ ਮਾਣ ਹੈ?
ਉੱਤਰ : ਪਿਛਲੇ 9 ਸਾਲਾਂ ''ਚ ਸਾਡੀ ਸਰਕਾਰ ਨੇ ਜਨਤਾ ਦੀ ਹਰ ਮੁਸ਼ਕਲ ਦਾ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਨਤੀਜਿਆਂ ਨੂੰ ਅੱਜ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਉਦਾਹਰਣ ਦੇ ਤੌਰ ''ਤੇ ਤੁਸੀਂ ਅੱਜ ਬਿਜਲੀ ਦੀ ਹੀ ਗੱਲ ਕਰ ਲਵੋ। ਸਾਡੀ ਸਰਕਾਰ ਬਣਨ ਤੋਂ ਪਹਿਲਾਂ ਅਜਿਹਾ ਸਮਾਂ ਸੀ ਜਦੋਂ ਪਿੰਡਾਂ ਤੇ ਸ਼ਹਿਰਾਂ ''ਚ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗਦੇ ਸਨ ਪਰ ਅੱਜ ਪਿੰਡਾਂ ਵਿਚ ਵੀ 24 ਘੰਟੇ ਬਿਜਲੀ ਰਹਿੰਦੀ ਹੈ। ਸੋ ਮੈਂ ਬੜੇ ਮਾਣ ਨਾਲ ਆਖ ਸਕਦਾ ਹਾਂ ਕਿ ਬਿਜਲੀ ਦੀ ਸਮੱਸਿਆ ਨੂੰ ਕਈ ਦੂਜੇ ਸੂਬੇ ਵੀ ਹੱਲ ਨਹੀਂ ਕਰ ਸਕੇ ਪਰ ਸਾਡੀ ਸਰਕਾਰ ਨੂੰ ਇਹ ਪ੍ਰਾਪਤੀ ਹਾਸਲ ਹੋਈ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ ਲੱਗਭਗ ਸੜਕਾਂ ਨਵੀਆਂ ਅਤੇ ਫੋਰ ਲੇਨ ਬਣਾਈਆਂ ਗਈਆਂ ਹਨ। ਹਾਲਾਂਕਿ ਕਈ ਪ੍ਰੋਜੈਕਟ ਅਜੇ ਵਿਕਾਸ ਅਧੀਨ ਹਨ, ਜੋ ਕਿ ਜਲਦੀ ਹੀ ਪੂਰੇ ਹੋ ਜਾਣਗੇ। ਇਸ ਤੋਂ ਇਲਾਵਾ ਕਿਸਾਨਾਂ ਦੇ ਲਈ ਕਈ ਨਵੀਆਂ ਸਕੀਮਾਂ, ਸਿੱਖਿਆ ਦਾ ਵਿਕਾਸ ਤੇ ਪੇਂਡੂ ਖੇਤਰ ਦੇ ਵਿਕਾਸ ਤੋਂ ਇਲਾਵਾ ਲੋਕਾਂ ਦੀ ਸਿਹਤ ਸੰਬੰਧੀ ਵੀ ਸਾਡੀ ਸਰਕਾਰ ਨੇ ਕਈ ਤਰ੍ਹਾਂ ਦੀਆਂ ਲਾਹੇਵੰਦ ਸਕੀਮਾਂ ਸ਼ੁਰੂ ਕੀਤੀਆਂ, ਜਿਨ੍ਹਾਂ ਦਾ ਲੋਕ ਪੂਰਾ ਲਾਹਾ ਲੈ ਰਹੇ ਹਨ। ਅਸੀਂ ਅੱਜ ਵੀ ਸੂਬੇ ਦੇ ਵਿਕਾਸ ਲਈ ਹਰ ਰੋਜ਼ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕਰ ਰਹੇ ਹਾਂ।
ਪ੍ਰਸ਼ਨ : ਚਰਚਾ ਚੱਲ ਰਹੀ ਹੈ ਕਿ ਬੀ.ਜੇ.ਪੀ. ਨਵਜੋਤ ਸਿੰਘ ਸਿੱਧੂ ਵੱਲ ਤਵੱਜੋ ਦੇ ਰਹੀ ਹੈ ਤੇ 2017 ''ਚ ਭਾਜਪਾ ਵੱਖਰੇ ਤੌਰ ''ਤੇ ਲੜਨ ਦੀ ਤਿਆਰੀ ਕਰ ਰਹੀ ਹੈ, ਕੀ ਕਹੋਗੇ?
ਉੱਤਰ : ਅਕਾਲੀ-ਭਾਜਪਾ ਗਠਜੋੜ ਪੱਕਾ ਹੈ, ਜੋ ਕਦੇ ਵੀ ਟੁੱਟ ਨਹੀਂ ਸਕਦਾ। ਰਹੀ ਗੱਲ ਨਵਜੋਤ ਸਿੰਘ ਸਿੱਧੂ ਨੂੰ ਕੋਰ ਕਮੇਟੀ ਦਾ ਮੈਂਬਰ ਜਾਂ ਰਾਜ ਸਭਾ ਮੈਂਬਰ ਬਣਾਉਣ ਦੀ ਤਾਂ ਉਹ ਬੀ.ਜੇ.ਪੀ. ਦੇ ਲੀਡਰ ਹਨ, ਅਸੀਂ ਉਨ੍ਹਾਂ ਦਾ ਸੁਆਗਤ ਕਰਦੇ ਹਾਂ ਪਰ ਇਥੇ ਮੈਂ ਦੱਸਣਾ ਚਾਹਾਂਗਾ ਕਿ ਭਾਜਪਾ ਕਿਸ ਨੂੰ ਅੱਗੇ ਲੈ ਕੇ ਆਉਂਦੀ ਹੈ ਜਾਂ ਕਿਸ ਨੂੰ ਪ੍ਰਧਾਨ ਬਣਾਉਂਦੀ ਹੈ, ਇਸ ਗੱਲ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਸਾਡਾ ਰਿਸ਼ਤਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਾ ਹੋ ਕੇ ਸਗੋਂ ਭਾਜਪਾ ਪਾਰਟੀ ਨਾਲ ਹੈ।
ਪ੍ਰਸ਼ਨ : ਪੰਜਾਬ ''ਚ ਪਿਛਲੇ ਦਿਨੀਂ ਕਈ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚੋਂ ਧਾਰਮਿਕ ਮੁੱਦੇ ਬੜੇ ਅਹਿਮ ਰਹੇ। ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀ ਧਿਰਾਂ ਸਰਕਾਰ ਨੂੰ ਕਟਹਿਰੇ ''ਚ ਖੜ੍ਹਾ ਕਰ ਰਹੀਆਂ ਹਨ, ਸੋ ਬਤੌਰ ਗ੍ਰਹਿ ਮੰਤਰੀ ਤੁਸੀਂ ਕੀ ਕਾਰਵਾਈ ਕੀਤੀ?
ਉੱਤਰ : ਪੰਜਾਬ ਦੀ ਕਾਨੂੰਨ ਵਿਵਸਥਾ ਤੇ ਮਾਹੌਲ ਦੂਜੇ ਸੂਬਿਆਂ ਤੋਂ ਕਿਤੇ ਬਿਹਤਰ ਹੈ। ਸੁਰੱਖਿਆ ਪੱਖੋਂ ਪੰਜਾਬ ਦੇਸ਼ ''ਚੋਂ ਤੀਜੇ ਨੰਬਰ ਦਾ ਸੂਬਾ ਹੈ। ਸੋ ਮੇਰੇ ਮੁਤਾਬਕ ਇਹ ਸਿਰਫ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਹਨ। ਰਹੀ ਗੱਲ ਬੀਤੇ ਦਿਨਾਂ ''ਚ ਹੋਈਆਂ ਘਟਨਾਵਾਂ ਦੀ ਤਾਂ ਅਸੀਂ ਉਨ੍ਹਾਂ ਸਾਰੀਆਂ ਘਟਨਾਵਾਂ ਨਾਲ ਸੰਬੰਧਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਸਮੇਂ-ਸਮੇਂ ''ਤੇ ਪੰਜਾਬ ''ਚੋਂ ਜੁਰਮ ਨੂੰ ਖਤਮ ਕਰਨ ਲਈ ਵਿਧੀਆਂ ਬਣਾਉਂਦੇ ਰਹਿੰਦੇ ਹਾਂ।
ਪ੍ਰਸ਼ਨ : ਨਸ਼ਿਆਂ ਦੇ ਮੁੱਦੇ ''ਤੇ ਸਿਆਸਤ ਕਾਫੀ ਭਖੀ ਹੋਈ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਕਿ ਇਸ ਲਈ ਸਰਕਾਰ ਜ਼ਿੰਮੇਵਾਰ ਹੈ, ਤੁਸੀਂ ਸਹਿਮਤ ਹੋ?
ਉੱਤਰ : ਨਸ਼ਿਆਂ ਦੇ ਮੁੱਦੇ ''ਤੇ ਸੂਰਵੀਰਾਂ ਦੀ ਕੌਮ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਪੰਜਾਬੀ ਨੌਜਵਾਨਾਂ ਨੂੰ ਬਦਨਾਮ ਕਰਨ ਦੀ ਸ਼ੁਰੂਆਤ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕੀਤੀ ਸੀ। ਗਾਂਧੀ ਪਰਿਵਾਰ ਦੀ ਦਿਲੋਂ ਹੀ ਪੰਜਾਬੀ ਕੌਮ ਨਾਲ ਦੁਸ਼ਮਣੀ ਰਹੀ ਹੈ। ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਨੈਸ਼ਨਲ ਮੀਡੀਆ ਨੇ ਪੰਜਾਬ ਨੂੰ ਬਦਨਾਮ ਕਰ ਦਿੱਤਾ ਤੇ ਹੁਣ ਆਮ ਆਦਮੀ ਪਾਰਟੀ ਵਾਲੇ ਪੰਜਾਬ ਦੀ ਬਦਨਾਮੀ ਕਰ ਰਹੇ ਹਨ। ਵਿਰੋਧੀ ਪਾਰਟੀਆਂ ਦਾ ਮਕਸਦ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਬਦਨਾਮ ਕਰਨਾ ਸੀ ਪਰ ਸਾਨੂੰ ਬਦਨਾਮ ਕਰਨ ਦੀ ਬਜਾਏ ਉਨ੍ਹਾਂ ਪੂਰੀ ਪੰਜਾਬ ਕੌਮ ਨੂੰ ਬਦਨਾਮ ਕਰ ਦਿੱਤਾ। ਮੇਰਾ ਮੰਨਣਾ ਹੈ ਕਿ ਪੰਜਾਬ ''ਚ ਕਿਸੇ ਤਰ੍ਹਾਂ ਦਾ ਨਸ਼ਾ ਪੈਦਾ ਨਹੀਂ ਹੁੰਦਾ, ਇਸ ਲਈ ਪੰਜਾਬ ਨੇ ਤਾਂ ਦੂਜੇ ਸੂਬਿਆਂ ਨੂੰ ਨਸ਼ਿਆਂ ਤੋਂ ਬਚਾਇਆ ਹੈ। ਨਸ਼ਾ ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਆਉਂਦਾ ਹੈ, ਜਿਸ ਨੂੰ ਰੋਕਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ, ਕਿਉਂਕਿ ਬਾਰਡਰ ਦਾ ਪੂਰਾ ਕੰਟਰੋਲ ਕੇਂਦਰ ਦੇ ਹੱਥ ਵਿਚ ਹੈ। ਸੋ ਕੇਂਦਰ ਸਰਕਾਰ ਦੀ ਨਾਕਾਮੀ ਕਰਕੇ ਹੀ ਨÎਸ਼ਾ ਸਰਹੱਦ ਪਾਰ ਤੋਂ ਪੰਜਾਬ ''ਚ ਆਉਂਦਾ ਹੈ, ਜਿਸ ਨੂੰ ਪੰਜਾਬ ਪੁਲਸ ਕਾਬੂ ਕਰ ਲੈਂਦੀ ਹੈ ਤੇ ਲੋਕ ਉਲਟਾ ਇਹ ਸੋਚਦੇ ਹਨ ਕਿ ਪੰਜਾਬ ''ਚ ਇੰਨਾ ਨਸ਼ਾ ਕਿੱਥੋਂ ਆ ਗਿਆ? ਸੋ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬ ਪੁਲਸ ਤਾਂ ਕੇਂਦਰ ਦੀ ਨਾਕਾਮੀ ਕਾਰਨ ਪੰਜਾਬ ''ਚ ਆਏ ਨਸ਼ੇ ਨੂੰ ਖਤਮ ਕਰ ਰਹੀ ਹੈ। ਜੇਕਰ ਸਾਡੀ ਪੁਲਸ ਇਹ ਨਸ਼ਾ ਨਹੀਂ ਫੜਦੀ ਤਾਂ ਇਸ ਦੀ ਸਮੱਗਲਿੰਗ ਨਾਲ ਲੱਗਦੇ ਗੁਆਂਢੀ ਸੂਬਿਆਂ ਵਿਚ ਵੀ ਹੋਵੇਗੀ, ਮੇਰੇ ਮੁਤਾਬਕ ਪੰਜਾਬ ਪੁਲਸ ਦਾ ਇਸ ਉਪਰਾਲੇ ਵਜੋਂ ਧੰਨਵਾਦ ਕਰਨਾ ਬਣਦਾ ਹੈ। ਮੈਂ ਸਾਫ ਦੱਸਦਾ ਹਾਂ ਕਿ ਲੋਕਾਂ ਜਾਂ ਵਿਰੋਧੀ ਪਾਰਟੀਆਂ ਦਾ ਇਹ ਭਰਮ ਦੂਰ ਕਰਨ ਲਈ ਅਸੀਂ ਪੰਜਾਬ ਪੁਲਸ ਦੀ ਨਵੀਂ ਸ਼ੁਰੂ ਹੋ ਰਹੀ ਭਰਤੀ ਤੋਂ ਪਹਿਲਾਂ ਡੋਪ ਟੈਸਟ ਲਾਜ਼ਮੀ ਕਰ ਦਿੱਤਾ ਹੈ। 7 ਹਜ਼ਾਰ ਪੁਲਸ ਪੋਸਟਾਂ ਲਈ ਕਰੀਬ ਸਾਢੇ 6 ਲੱਖ ਨੌਜਵਾਨਾਂ ਨੇ ਅਰਜ਼ੀਆਂ ਦਾਖਲ ਕੀਤੀਆਂ ਹਨ। ਅਸੀਂ ਸਾਰੇ ਨੌਜਵਾਨਾਂ ਦੇ ਡਰੱਗ ਟੈਸਟ ਕਰਾਂਗੇ ਤੇ ਉਸਦੇ ਨਤੀਜੇ ਆਪਣੇ-ਆਪ ਹੀ ਬਦਨਾਮ ਕਰਨ ਵਾਲਿਆਂ ਦੀ ਬੋਲਤੀ ਬੰਦ ਕਰ ਦੇਣਗੇ।
ਪ੍ਰਸ਼ਨ : 2017 ਦੀਆਂ ਚੋਣਾਂ ''ਚ ਤੁਸੀਂ ਸੋਸ਼ਲ ਮੀਡੀਆ ਦੀ ਕੀ ਅਹਿਮੀਅਤ ਸਮਝਦੇ ਹੋ?
ਉੱਤਰ : ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਅੱਜ ਹਰ ਵਿਅਕਤੀ ਕੋਲ ਮੋਬਾਇਲ ਫੋਨ ਹੈ ਜੋ ਹਰ ਵੇਲੇ ਇੰਟਰਨੈੱਟ ਨਾਲ ਜੁੜਿਆ ਹੋਇਆ ਹੈ। ਸੋਸ਼ਲ ਮੀਡੀਆ ਦੇ ਕੁਝ ਨੁਕਸਾਨ ਵੀ ਹਨ ਕਿਉਂਕਿ ਇਸ ਰਾਹੀਂ ਕਈ ਵਾਰ ਇਕ ਵਿਅਕਤੀ ਦੂਜੇ ਦੀ ਬਦਨਾਮੀ ਕਰ ਰਿਹਾ ਹੁੰਦਾ ਹੈ ਜੋ ਪਲਾਂ ਵਿਚ ਹੀ ਵਾਇਰਲ ਹੋ ਜਾਂਦੀ ਹੈ ਤੇ ਲੋਕ ਸਮਝ ਲੈਂਦੇ ਹਨ ਕਿ ਸ਼ਾਇਦ ਸਾਰੀ ਦੁਨੀਆ ਹੀ ਇਹ ਗੱਲ ਮਹਿਸੂਸ ਕਰਦੀ ਹੈ। ਸੋਸ਼ਲ ਮੀਡੀਆ ''ਤੇ ਝੂਠ ਬੋਲਣ ਤੇ ਬਦਨਾਮੀ ਕਰਨ ''ਚ ਅਹਿਮ ਭੂਮਿਕਾ ਆਮ ਆਦਮੀ ਪਾਰਟੀ ਨਿਭਾ ਰਹੀ ਹੈ, ਜਿਸ ਨੇ ਪੱਕੇ ਤੌਰ ''ਤੇ ਆਪਣੇ ਬੰਦੇ ਬਿਠਾਏ ਹੋਏ ਹਨ, ਜੋ 24 ਘੰਟੇ ਪੰਜਾਬ ਤੇ ਸਰਕਾਰ ਖਿਲਾਫ ਝੂਠਾ ਪ੍ਰਚਾਰ ਕਰ ਰਹੇ ਹਨ। ਸੋ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਸੋਸ਼ਲ ਮੀਡੀਆ ''ਤੇ ਫੈਲਾਏ ਜਾ ਰਹੇ ਗਲਤ ਏਜੰਡੇ ਤੋਂ ਬਚਣ ਦੀ ਲੋੜ ਹੈ।
ਪ੍ਰਸ਼ਨ : ਕਿਸ ਦੀ ਅਗਵਾਈ ਹੇਠ 2017 ਦੀ ਚੋਣ ਲੜੀ ਜਾਵੇਗੀ?
ਉੱਤਰ : ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ
(ਰਮਨਦੀਪ ਸਿੰਘ ਸੋਢੀ/ਲਾਭ ਸਿੰਘ ਸਿੱਧੂ)


Related News