''ਅਸੀਂ ਟੈਕਸ ਦਿੰਦੇ ਹਾਂ, ਕਰੋ ਮੱਕੜ ਸਾਹਿਬ ਨਾਲ ਗੱਲ''

Sunday, Dec 03, 2017 - 07:30 AM (IST)

''ਅਸੀਂ ਟੈਕਸ ਦਿੰਦੇ ਹਾਂ, ਕਰੋ ਮੱਕੜ ਸਾਹਿਬ ਨਾਲ ਗੱਲ''

ਜਲੰਧਰ, (ਪ੍ਰੀਤ)— ਵਡਾਲਾ ਚੌਕ ਨੇੜੇ ਸੁਚਾਰੂ ਟ੍ਰੈਫਿਕ ਵਿਚ ਅੜਿੱਕਾ ਬਣਨ ਕਾਰਨ ਜ਼ਬਤ ਕੀਤੇ ਗਏ ਟਰੱਕ ਨੂੰ ਥਾਣੇ ਲਿਜਾਂਦੇ ਸਮੇਂ ਰਸਤੇ ਵਿਚ ਹੀ ਟਰੱਕ ਮਾਲਕ ਨੇ ਘੇਰ ਲਿਆ। ਟਰੱਕ ਮਾਲਕ ਨੇ ਟਰੱਕ ਵਿਚ ਸਵਾਰ ਹੈੱਡ ਕਾਂਸਟੇਬਲ ਲਖਬੀਰ ਸਿੰਘ ਅਤੇ ਡਰਾਈਵਰ ਨਾਲ ਹੱਥੋਪਾਈ ਕੀਤੀ। 
ਸੜਕ 'ਤੇ ਡਰਾਈਵਰ ਤੇ ਹੈੱਡ ਕਾਂਸਟੇਬਲ ਨਾਲ ਧੱਕਾਮੁੱਕੀ ਦੇਖ ਉਥੋਂ ਲੰਘ ਰਹੇ ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਵੀ ਰੁਕ ਗਏ। ਏ. ਡੀ. ਸੀ. ਪੀ. ਨੇ ਮਾਮਲੇ ਦੀ ਜਾਂਚ ਤੋਂ ਬਾਅਦ ਟਰੱਕ ਮਾਲਕ ਨੀਰਜ ਮੱਕੜ ਵਾਸੀ ਫਗਵਾੜਾ ਗੇਟ ਖਿਲਾਫ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਪੁਲਸ ਨੇ ਨੀਰਜ ਮੱਕੜ ਖਿਲਾਫ ਥਾਣਾ ਨੰਬਰ 6 ਵਿਚ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। 
ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਨੇ ਅੱਜ ਸਵੇਰੇ ਟ੍ਰੈਫਿਕ ਸਟਾਫ ਦੇ ਸਬ- ਇੰਸਪੈਕਟਰ ਰਮੇਸ਼ ਲਾਲ ਨੂੰ ਨਿਰਦੇਸ਼ ਦਿੱਤੇ ਕਿ ਨਕੋਦਰ ਰੋਡ 'ਤੇ ਟਰੱਕ-ਟਰਾਲੀਆਂ ਸੜਕ 'ਤੇ ਖੜ੍ਹੀਆਂ ਨਾ ਹੋਣ ਤਾਂ ਜੋ ਟ੍ਰੈਫਿਕ ਸੁਚਾਰੂ ਰਹੇ। ਇਸ ਮੁਹਿੰਮ ਵਿਚ ਐੱਸ. ਆਈ. ਰਮੇਸ਼ ਲਾਲ ਨੇ ਵਡਾਲਾ ਚੌਕ ਦੇ ਨੇੜੇ ਸੜਕ 'ਤੇ ਖੜ੍ਹੇ ਟਰੱਕ ਚਾਲਕਾਂ ਨੂੰ ਸੜਕ ਤੋਂ ਟਰੱਕ ਹਟਾਉਣ ਲਈ ਕਿਹਾ ਅਤੇ ਉਨ੍ਹਾਂ ਨੇ ਇਨਕਾਰ ਕਰਦੇ ਹੋਏ ਜਵਾਬ ਦਿੱਤਾ ਕਿ 'ਅਸੀਂ ਰੋਡ ਟੈਕਸ ਦਿੰਦੇ ਹਾਂ, ਕਿਉਂ ਸਾਈਡ 'ਤੇ ਕਰੀਏ ਟਰੱਕ।' ਐੱਸ. ਆਈ. ਰਮੇਸ਼ ਲਾਲ ਨੇ ਕਿਹਾ ਕਿ ਉਹ ਵਾਹਨ ਸੜਕ 'ਤੇ ਚਲਾਉਣ ਦਾ ਟੈਕਸ ਦਿੰਦੇ ਹਨ, ਨਾ ਕਿ ਸੜਕ 'ਤੇ ਖੜ੍ਹਾ ਕਰਨ ਦਾ। ਜਾਂਚ ਦੌਰਾਨ ਟਰੱਕ ਚਾਲਕ ਨੇ ਕੋਈ ਵੀ ਦਸਤਾਵੇਜ਼ ਨਹੀਂ ਦਿੱਤਾ ਅਤੇ ਨਾ ਹੀ ਲਾਇਸੈਂਸ ਦਿਖਾਇਆ। ਇਸ ਦੌਰਾਨ ਟਰੱਕ ਚਾਲਕ ਨੇ ਆਪਣੇ ਮਾਲਕ ਨੂੰ ਫੋਨ ਕੀਤਾ ਅਤੇ ਟ੍ਰੈਫਿਕ ਕਰਮਚਾਰੀਆਂ ਨੂੰ ਧਮਕਾਉਂਦੇ ਹੋਏ ਕਿਹਾ ਕਿ 'ਇਹ ਟਰੱਕ ਮੱਕੜ ਸਾਹਿਬ ਦਾ ਹੈ, ਕਰੋ ਮੱਕੜ ਸਾਹਿਬ ਨਾਲ ਗੱਲ।' ਜਦੋਂ ਐੱਸ. ਆਈ. ਰਮੇਸ਼ ਲਾਲ ਨੇ ਇਨਕਾਰ ਕੀਤਾ ਤਾਂ ਡਰਾਈਵਰ ਉਥੇ ਟਰੱਕ ਛੱਡ ਕੇ ਭੱਜ ਗਿਆ। 
ਇਸ ਦੇ ਬਾਅਦ ਐੱਸ. ਆਈ. ਰਮੇਸ਼ ਲਾਲ ਨੇ ਇੱਟਾਂ ਨਾਲ ਲੱਦਿਆ ਟਰੱਕ ਜ਼ਬਤ ਕਰ ਲਿਆ। ਉਨ੍ਹਾਂ ਨੇ ਉਥੋਂ ਡਰਾਈਵਰ ਲਿਆ ਅਤੇ ਜ਼ਬਤ ਟਰੱਕ ਟ੍ਰੈਫਿਕ ਥਾਣੇ ਲਈ ਭੇਜ ਦਿੱਤਾ। ਨਾਲ ਹੀ ਹੈੱਡ ਕਾਂਸਟੇਬਲ ਲਖਬੀਰ ਨੂੰ ਵੀ ਭੇਜਿਆ ਗਿਆ। ਹੈੱਡ ਕਾਂਸਟੇਬਲ ਲਖਬੀਰ ਅਤੇ ਡਰਾਈਵਰ ਟਰੱਕ ਲੈ ਕੇ ਥਾਣੇ ਜਾ ਰਹੇ ਸਨ ਕਿ ਮਸੰਦ ਚੌਕ ਨੇੜੇ ਰਸਤੇ ਵਿਚ ਟਰੱਕ ਮਾਲਕ ਨੀਰਜ ਮੱਕੜ ਤੇ ਉਸਦਾ ਭਰਾ ਜੈਗੋਪਾਲ ਮੱਕੜ ਦੋਵਾਂ ਨੇ ਆਪਣੀ ਏਸੈਂਟ ਕਾਰ ਟਰੱਕ ਅੱਗੇ ਲਗਾ ਦਿੱਤੀ ਅਤੇ ਉਤਰਦੇ ਹੀ ਟਰੱਕ ਚਾਲਕ ਨੂੰ ਟਰੱਕ ਤੋਂ ਹੇਠਾਂ ਉਤਾਰ ਕੇ ਹੱਥੋਪਾਈ ਕੀਤੀ। ਹੈੱਡ ਕਾਂਸਟੇਬਲ ਲਖਬੀਰ ਨੇ ਕਿਹਾ ਕਿ ਟਰੱਕ ਜ਼ਬਤ ਕੀਤਾ ਗਿਆ ਹੈ ਅਤੇ ਥਾਣੇ ਲਿਜਾਇਆ ਜਾ ਰਿਹਾ ਹੈ ਪਰ ਨੀਰਜ ਮੱਕੜ ਨੇ ਇਕ ਨਾ ਸੁਣੀ ਅਤੇ ਹੈੱਡ ਕਾਂਸਟੇਬਲ ਦਾ ਦੋਸ਼ ਹੈ ਕਿ ਨੀਰਜ ਮੱਕੜ ਨੇ ਉਨ੍ਹਾਂ ਨਾਲ ਧੱਕਾਮੁੱਕੀ ਅਤੇ ਦੁਰਵਿਵਹਾਰ ਕੀਤਾ ਹੈ। 
ਇਸ ਦੌਰਾਨ ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਉਥੋਂ ਲੰਘ ਰਹੇ ਸਨ ਕਿ ਸੜਕ 'ਤੇ ਕਰਮਚਾਰੀਆਂ ਨਾਲ ਵਿਵਾਦ ਹੁੰਦਾ ਦੇਖ ਕੇ ਰੁਕ ਗਏ। ਮਾਮਲਾ ਸਮਝਦੇ ਹੀ ਉਨ੍ਹਾਂ ਨੇ ਦੋਵਾਂ ਭਰਾਵਾਂ ਨੂੰ ਥਾਣੇ ਪਹੁੰਚਣ ਲਈ ਕਿਹਾ। ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਜਾਂਚ ਵਿਚ ਸਪੱਸ਼ਟ ਹੋਇਆ ਹੈ ਕਿ ਟਰੱਕ ਮਾਲਕ ਨੀਰਜ ਮੱਕੜ ਨੇ ਪੁਲਸ ਕਰਮਚਾਰੀ ਦੀ ਡਿਊਟੀ 'ਚ ਅੜਿੱਕਾ ਪਾਇਆ ਅਤੇ ਧੱਕਾਮੁਕੀ ਕੀਤੀ। ਮਾਮਲੇ ਦੀ ਤੈਅ ਤੱਕ ਜਾਣ ਤੋਂ ਬਾਅਦ ਏ. ਡੀ. ਸੀ. ਪੀ. ਹੀਰ ਨੇ ਨੀਰਜ ਮੱਕੜ ਖਿਲਾਫ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਦੇਰ ਸ਼ਾਮ ਥਾਣਾ ਨੰਬਰ 6 ਵਿਚ ਨੀਰਜ ਮੱਕੜ ਵਾਸੀ ਫਗਵਾੜਾ ਗੇਟ  ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਦਾ ਕਹਿਣਾ ਹੈ ਕਿ ਜਾਂਚ ਵਿਚ ਨੀਰਜ ਦੇ ਭਰਾ ਦਾ ਕੋਈ ਕਸੂਰ ਨਹੀਂ ਪਾਇਆ ਗਿਆ। 
ਨਕੋਦਰ ਚੌਕ ਤੋਂ ਵਡਾਲਾ ਚੌਕ ਤੱਕ ਗਲਤ ਪਾਰਕਿੰਗ ਦੇ 64 ਚਲਾਨ
ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਸਪੈਸ਼ਲ ਮੁਹਿੰਮ ਦੌਰਾਨ ਨਕੋਦਰ ਰੋਡ 'ਤੇ ਟ੍ਰੈਫਿਕ ਵਿਚ ਅੜਿੱਕਾ ਬਣ ਰਹੇ ਸੜਕ 'ਤੇ ਖੜ੍ਹੇ ਟਰੱਕ ਤੇ ਟਰਾਲੀਆਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ। ਏ. ਡੀ. ਸੀ. ਪੀ. ਹੀਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਸ਼ਾਮ ਤੱਕ ਸੜਕ 'ਤੇ ਖੜ੍ਹੇ ਟਰੱਕ, ਟਰਾਲੀਆਂ ਦੇ ਗਲਤ ਪਾਰਕਿੰਗ ਦੇ 64 ਚਲਾਨ ਕੱਟੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਕੋਦਰ ਰੋਡ 'ਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਤਾਂ ਜੋ ਟ੍ਰੈਫਿਕ ਸੁਚਾਰੂ ਰਹੇ।


Related News