ਨਹਿਰੀ ਪਾਣੀ ਦੇ ਸੋਕੇ ਨੇ ਕਿਸਾਨ ਤੇ ਪਿੰਡਾਂ ਦੇ ਲੋਕ ਪਾਏ ਸੁੱਕਣੇ

Sunday, Apr 22, 2018 - 10:49 AM (IST)

ਨਹਿਰੀ ਪਾਣੀ ਦੇ ਸੋਕੇ ਨੇ ਕਿਸਾਨ ਤੇ ਪਿੰਡਾਂ ਦੇ ਲੋਕ ਪਾਏ ਸੁੱਕਣੇ

ਸੰਗਤ ਮੰਡੀ (ਮਨਜੀਤ)-ਪਿਛਲੇ ਕਈ ਦਿਨਾਂ ਤੋਂ ਨਹਿਰੀ ਪਾਣੀ ਦੀ ਬੰਦੀ ਨੇ ਕਿਸਾਨ ਅਤੇ ਪਿੰਡਾਂ ਦੇ ਲੋਕ ਸੁੱਕਣੇ ਪਾਏ ਹੋਏ ਹਨ। ਇਲਾਕੇ 'ਚ ਪੈਂਦੇ ਕਈ ਵਾਟਰ ਵਰਕਸਾਂ ਦੇ ਟੈਂਕਾਂ 'ਚ ਪਾਣੀ ਖ਼ਤਮ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡਾਂ 'ਚ ਹਾਲਾਤ ਇਸ ਕਦਰ ਮਾੜੇ ਹਨ ਕਿ ਲੋਕ ਧਰਤੀ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਦੁਧਾਰੂ ਪਸ਼ੂਆਂ 'ਚ ਵੀ ਗੰਦਾ ਪਾਣੀ ਪੀਣ ਕਾਰਨ ਦੁੱਧ 'ਚ ਕਮੀ ਆ ਗਈ ਹੈ। ਪਿੰਡ ਸੰਗਤ ਕਲਾਂ ਅਤੇ ਗੁਰੂਸਰ ਸੈਣੇਵਾਲਾ ਸਮੇਤ ਕਈ ਵਾਟਰ ਵਰਕਸਾਂ ਦੇ ਟੈਂਕਾਂ 'ਚ ਪਾਣੀ ਖ਼ਤਮ ਹੋ ਚੁੱਕਿਆ ਹੈ, ਜੇਕਰ ਕੁਝ ਦਿਨ ਨਹਿਰੀ ਪਾਣੀ ਹੋਰ ਨਾ ਆਇਆ ਤਾਂ ਪਾਣੀ ਦੀ ਕਿੱਲਤ ਕਾਰਨ ਹਾਲਾਤ ਖ਼ਰਾਬ ਹੋ ਸਕਦੇ ਹਨ। 
ਨਰਮੇ ਦੀ ਅਗੇਤੀ ਬੀਜਾਈ ਪੱਛੜੀ
ਨਹਿਰੀ ਪਾਣੀ ਦੀ ਬੰਦੀ ਕਾਰਨ ਨਰਮੇ ਦੀ ਅਗੇਤੀ ਬੀਜਾਈ ਪੱਛੜ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਰਜਬਾਹੇ ਦੀ ਬੰਦੀ ਕਾਰਨ ਖ਼ੇਤਾਂ 'ਚ ਪਸ਼ੂਆਂ ਲਈ ਬੀਜਿਆ ਚਾਰਾ ਵੀ ਸੁੱਕ ਰਿਹਾ ਹੈ, ਕਿਉਂਕਿ ਪਾਵਰਕਾਮ ਵਿਭਾਗ ਵੱਲੋਂ ਖ਼ੇਤੀ ਮੋਟਰਾਂ ਲਈ ਬਿਜਲੀ ਦੀ ਸਪਲਾਈ ਵੀ ਬੰਦ ਕੀਤੀ ਹੋਈ ਹੈ। ਪਾਣੀ ਤੋਂ ਬਗੈਰ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਕਿਸਾਨਾਂ ਦਾ ਨਹਿਰੀ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਇਸ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ। 
ਕੀ ਕਹਿੰਦੇ ਨੇ ਨਹਿਰੀ ਵਿਭਾਗ ਦੇ ਜੇ. ਈ.
ਜਦ ਇਸ ਸਬੰਧੀ ਨਹਿਰੀ ਵਿਭਾਗ ਦੇ ਜੇ. ਈ. ਜਸਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸੰਗਤ ਕਲਾਂ ਦਾ ਜੋ ਵਾਟਰ ਵਰਕਸ ਹੈ ਇਹ ਪੰਚਾਇਤ ਵੱਲੋਂ ਅੱਗੇ ਠੇਕੇ 'ਤੇ ਦਿੱਤਾ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੀ ਪਿੰਡ 'ਚ ਪਾਣੀ ਛੱਡਣ ਦੀ ਜ਼ਿੰਮੇਵਾਰੀ ਨਹੀਂ ਬਲਕਿ ਉਹ ਤਾਂ ਉਨ੍ਹਾਂ ਨੂੰ ਟੈਕਨੀਕਲ ਸਪੋਰਟ ਕਰਦੇ ਹਨ। ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ 23 ਅਪ੍ਰੈਲ ਤੱਕ ਆਉਣ ਦੀ ਸੰਭਾਵਨਾ ਹੈ।


Related News