20 ਦਿਨਾਂ ਤੋਂ ਬੰਦ ਵਾਟਰ ਸਪਲਾਈ ਦੀ ਟੈਂਕੀ, ਪਾਣੀ ਦੀ ਕਿੱਲਤ ਨੇ ਮਚਾਈ ਹਾਹਾਕਾਰ!

Tuesday, Jun 16, 2020 - 02:22 PM (IST)

ਡਕਾਲਾ (ਨਰਿੰਦਰ) : ਸਰਕਲ ਬਲਬੇੜਾ ਦੇ ਪਿੰਡ ਅਲੀਪੁਰ ਜੱਟਾਂ (ਡੇਰਾ ਬਾਜੀਗਰ) ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਮਹਿਕਮੇ ਦੀ ਪਿਛਲੇ 20 ਦਿਨ ਤੋਂ ਬੰਦ ਪਈ ਵਾਟਰ ਸਪਲਾਈ ਦੀ ਟੈਂਕੀ ਕਾਰਨ ਪੈਦਾ ਹੋਈ ਪਾਣੀ ਦੀ ਕਿੱਲਤ ਨੇ ਲੋਕਾਂ ’ਚ ਹਾਹਾਕਾਰ ਮਚਾ ਦਿੱਤੀ ਹੈ। ਇਸ ਸਮੱਸਿਆ ਨੂੰ ਲੈ ਕੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਖਿਲਾਫ ਭੜਕੇ ਪਿੰਡ ਵਾਸੀਆਂ ਨੇ ਖਾਲੀ ਬਾਲਟੀਆਂ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਮਹਿਕਮੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ 20 ਦਿਨਾਂ ਤੋਂ ਪਿੰਡ ਵਿਖੇ ਸਥਿਤ ਵਾਟਰ ਸਪਲਾਈ ਦੀ ਟੈਂਕੀ ਬੰਦ ਹੋਣ ਕਾਰਨ ਪੈਦਾ ਹੋਈ ਪਾਣੀ ਦੀ ਘਾਟ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਦੀ ਵਰਤੋਂ ਅਤੇ ਪਸ਼ੂਆਂ ਲਈ ਉਨ੍ਹਾਂ ਨੂੰ ਪਾਣੀ ਲੈਣ ਲਈ ਨੇੜਲੇ ਇਲਾਕੇ 'ਚ ਜਾਣਾ ਪੈ ਰਿਹਾ ਹੈ। ਗਰਮੀ ਦਾ ਮੌਸਮ ਹੋਣ ਕਾਰਨ ਪਾਣੀ ਦੀ ਲਾਗਤ ਕਾਫੀ ਜ਼ਿਆਦਾ ਹੈ ਪਰ ਘਰਾਂ ’ਚ ਪਾਣੀ ਨਾ ਹੋਣ ਕਾਰਨ ਬੱਚਿਆਂ ਅਤੇ ਔਰਤਾਂ ਨੂੰ ਵੀ ਕਾਫੀ ਔਂਕੜਾਂ ਪੇਸ਼ ਆ ਰਹੀਆਂ ਹਨ। ਸਰਪੰਚ ਅਮਰ ਸਿੰਘ ਨੇ ਦੱਸਿਆ ਕਿ ਪਹਿਲਾਂ ਵਾਟਰ ਸਪਲਾਈ ਦਾ ਟਰਾਂਸਫਾਰਮਰ ਖਰਾਬ ਹੋ ਗਿਆ ਸੀ। ਗ੍ਰਾਮ ਪੰਚਾਇਤ ਨੇ ਨਵਾਂ ਟਰਾਂਸਫਾਰਮਰ ਰਖਵਾ ਦਿੱਤਾ ਸੀ ਪਰ ਇਸ ਦੇ ਨਾਲ ਹੀ ਵਾਟਰ ਸਪਲਾਈ ਟੈਂਕੀ ਦੀ ਮੋਟਰ ’ਚ ਖਰਾਬੀ ਆ ਗਈ, ਜਿਸ ਨਾਲ ਪਿੰਡ ’ਚ ਪਿਛਲੇ 20 ਦਿਨਾਂ ਤੋਂ ਪਾਣੀ ਦੀ ਕਿੱਲਤ ਪੈਦਾ ਹੋਈ ਹੈ। ਮਹਿਕਮੇ ਦੇ ਅਧਿਕਾਰੀਆਂ ਨੂੰ ਵਾਰ-ਵਾਰ ਸੂਚਿਤ ਕਰਨ ’ਤੇ ਵੀ ਮੋਟਰ ਨੂੰ ਠੀਕ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਸਾਰੇ ਪਿੰਡ ਵਾਸੀ ਪਰੇਸ਼ਾਨ ਹਨ।


Babita

Content Editor

Related News