ਜਲ ਸਰੋਤ ਮੁਲਾਜ਼ਮਾਂ ਕੰਮਕਾਜ ਕੀਤਾ ਠੱਪ

Friday, Mar 09, 2018 - 03:06 AM (IST)

ਜਲ ਸਰੋਤ ਮੁਲਾਜ਼ਮਾਂ ਕੰਮਕਾਜ ਕੀਤਾ ਠੱਪ

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਮੁਲਾਜ਼ਮਾਂ ਵਲੋਂ ਅੱਜ ਦੂਜੇ ਦਿਨ ਵੀ ਜਨਵਰੀ ਅਤੇ ਫਰਵਰੀ ਮਹੀਨੇ ਦੀ ਤਨਖਾਹ ਨੂੰ ਲੈ ਕੇ ਸਮੁੱਚਾ ਕੰਮ ਠੱਪ ਕਰਕੇ ਨਿਗਰਾਨ ਇੰਜੀਨੀਅਰ, ਹੁਸ਼ਿਆਰਪੁਰ ਟਿਊਬਵੈੱਲ ਸਰਕਲ ਦੇ ਜ਼ਿਲਾ ਪ੍ਰੀਸ਼ਦ ਸਥਿਤ ਦਫ਼ਤਰ ਅੱਗੇ ਦਿਨ ਭਰ ਧਰਨਾ ਦਿੱਤਾ। ਧਰਨੇ ਦੌਰਾਨ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਜਲ ਸਰੋਤ ਦੀ ਮੈਨੇਜਮੈਂਟ ਦਾ ਖੂਬ ਪਿੱਟ ਸਿਆਪਾ ਕੀਤਾ। ਅੱਜ ਦੇ ਧਰਨੇ ਵਿਚ ਸਰਕਲ ਦਫ਼ਤਰ, ਸੰਚਾਲਣ ਤੇ ਸੰਭਾਲ ਮੰਡਲ ਅਤੇ ਟਿਊਬਵੈੱਲ ਉਸਾਰੀ ਮੰਡਲ ਲ/ਫ, ਹੁਸ਼ਿਆਰਪੁਰ ਨਾਲ ਸਬੰਧਤ ਸਮੁੱਚੇ ਦਫ਼ਤਰੀ ਅਤੇ ਫੀਲਡ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ, ਜਿਸ ਵਿਚ ਇਸਤਰੀ ਮੁਲਾਜ਼ਮਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਸਨ। ਅੱਜ ਦਾ ਧਰਨਾ ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ, ਚੰਡੀਗੜ੍ਹ ਦੇ ਸੱਦੇ 'ਤੇ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਸੂਬਾ ਸਕੱਤਰ ਸਤੀਸ਼ ਰਾਣਾ ਨੇ ਆਖਿਆ ਕਿ ਅੱਜ ਦੂਜੇ ਦਿਨ ਵੀ ਸਮੁੱਚੇ ਪੰਜਾਬ ਅੰਦਰ ਜਲ ਸਰੋਤ ਦੇ ਦਫ਼ਤਰਾਂ ਅੱਗੇ ਮੁਲਾਜ਼ਮਾਂ ਵੇਲੋਂ ਪੈਨ ਡਾਊਨ/ਟੂਲ ਡਾਊਨ ਹੜਤਾਲ ਕਰਕੇ ਦਫ਼ਤਰੀ ਅਤੇ ਫੀਲਡ ਦਾ ਸਮੁੱਚਾ ਕੰਮ ਠੱਪ ਕਰਕੇ ਦਿਨ ਭਰ ਦੇ ਧਰਨੇ ਦਿੱਤੇ। ਸ੍ਰੀ ਰਾਣਾ ਨੇ ਦਾਅਵਾ ਕੀਤਾ ਕਿ ਅੱਜ ਫਿਰ ਅਦਾਰੇ ਦਾ ਸਮੁੱਚਾ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ, ਇੱਥੋਂ ਤੱਕ ਕਿ ਡਰਾਈਵਰਾਂ ਦੇ ਹੜਤਾਲ 'ਤੇ ਹੋਣ ਕਾਰਨ ਅਧਿਕਾਰੀਆਂ ਨੂੰ ਸਰਕਾਰੀ ਮੀਟਿੰਗਾਂ ਵਿਚ ਜਾਣ ਲਈ ਵੀ ਆਪਣੇ ਨਿੱਜੀ ਵਹੀਕਲਾਂ ਦੀ ਵਰਤੋਂ ਕਰਨੀ ਪਈ। ਕਿਸੇ ਵੀ ਕਰਮਚਾਰੀ ਵੱਲੋਂ ਦਫ਼ਤਰ ਅਤੇ ਫੀਲਡ ਵਿਚ ਕੋਈ ਕੰਮ ਨਹੀਂ ਕੀਤਾ, ਕਿਉਂਕਿ ਇਸ ਅਦਾਰੇ ਦੇ ਮੁਲਾਜ਼ਮਾਂ ਨੂੰ ਮਹੀਨਾ ਜਨਵਰੀ ਅਤੇ ਫਰਵਰੀ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਤਨਖਾਹ ਨਸੀਬ ਨਹੀਂ ਹੋਈ। ਜਿਸ ਕਰਕੇ ਮੁਲਾਜ਼ਮ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਫਾਕੇ ਕੱਟਣ ਲਈ ਮਜਬੂਰ ਹੋ ਰਹੇ ਹਨ। 
ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਆਖਿਆ ਕਿ ਇਕ ਪਾਸੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਦੂਜੇ ਪਾਸੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਲਗਾਤਾਰ ਲਟਕਾਇਆ ਜਾ ਰਿਹਾ ਹੈ।   ਆਗੂਆਂ ਐਲਾਨ ਕੀਤਾ ਕਿ ਜਦੋਂ ਤੱਕ ਤਨਖਾਹ ਜਾਰੀ ਨਹੀਂ ਹੁੰਦੀ ਉਦੋਂ ਤੱਕ ਅਦਾਰੇ ਦਾ ਸਮੁੱਚਾ ਕੰਮ ਠੱਪ ਰਹੇਗਾ ਤੇ ਸਰਕਲ ਅੱਗੇ ਦਿਨ ਭਰ ਰੋਜ਼ਾਨਾ ਧਰਨਾ ਦਿੱਤਾ ਜਾਵੇਗਾ। ਅੱਜ ਦੇ ਧਰਨੇ ਨੂੰ ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ, ਚੰਡੀਗੜ੍ਹ ਦੇ ਸੂਬਾ ਸਕੱਤਰ ਸਤੀਸ਼ ਰਾਣਾ, ਰਾਜ ਕੁਮਾਰ, ਕੁਲਵਿੰਦਰ ਕੁਮਾਰ, ਗਰੀਬ ਦਾਸ, ਗੰਗਾ ਦੇਵੀ, ਅਮਰਾਵਤੀ, ਰਾਕੇਸ਼ ਕੁਮਾਰ, ਪਰਮਜੀਤ ਸਿੰਘ ਅਤੇ ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਦੇ ਆਗੂ ਹਰੀ ਕ੍ਰਿਸ਼ਨ, ਕੁਲ ਬਹਾਦੁਰ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਅਮਰਜੀਤ ਸਿੰਘ, ਸੁੱਖ ਰਾਮ ਅਤੇ ਪੰਜਾਬ ਜਲ ਸਰੋਤ ਸੇਵਾ ਮੁਕਤ ਮੁਲਾਜ਼ਮ ਯੂਨੀਅਨ ਦੇ ਆਗੂ ਬਲਦੇਵ ਸਿੰਘ ਨੇ ਸੰਬੋਧਨ ਕੀਤਾ।


Related News