ਓਵਰਟਾਈਮ ਦਾ ਦੁੱਗਣਾ ਭੁਗਤਾਨ! ਨਾਈਟ ਸ਼ਿਫਟ ਲਾਉਣ ਵਾਲੀਆਂ ਮਹਿਲਾ ਮੁਲਾਜ਼ਮਾਂ ਨੂੰ ਵੀ ਰਾਹਤ

Monday, Jul 20, 2026 - 11:16 AM (IST)

ਓਵਰਟਾਈਮ ਦਾ ਦੁੱਗਣਾ ਭੁਗਤਾਨ! ਨਾਈਟ ਸ਼ਿਫਟ ਲਾਉਣ ਵਾਲੀਆਂ ਮਹਿਲਾ ਮੁਲਾਜ਼ਮਾਂ ਨੂੰ ਵੀ ਰਾਹਤ

ਚੰਡੀਗੜ੍ਹ (ਸ਼ੀਨਾ) : ਪ੍ਰਸ਼ਾਸਨ ਨੇ ਮੁਲਾਜ਼ਮਾਂ ਦੀ ਸੁਰੱਖਿਆ, ਸਿਹਤ ਤੇ ਕੰਮਕਾਜੀ ਹਾਲਾਤਾਂ ਨੂੰ ਹੋਰ ਬਿਹਤਰ ਬਣਾਉਣ ਦੇ ਮਕਸਦ ਨਾਲ 'ਚੰਡੀਗੜ੍ਹ ਆਕਿਊਪੇਸ਼ਨਲ ਸੇਫਟੀ, ਹੈਲਥ ਐਂਡ ਵਰਕਿੰਗ ਕੰਡੀਸ਼ਨਜ਼ ਰੂਲਜ਼-2026' ਦਾ ਡਰਾਫਟ ਜਾਰੀ ਕਰ ਦਿੱਤਾ ਹੈ। ਡਰਾਫਟ ’ਚ ਕਰਮਚਾਰੀਆਂ ਦੇ ਹੱਕਾਂ ਅਤੇ ਨਿਯੋਗਤਾਵਾਂ ਦੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਕਈ ਅਹਿਮ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਨੇ ਇਸ ਡਰਾਫਟ ’ਤੇ 45 ਦਿਨਾਂ ਅੰਦਰ ਲੋਕਾਂ ਤੋਂ ਸੁਝਾਅ ਅਤੇ ਇਤਰਾਜ਼ ਵੀ ਮੰਗੇ ਹਨ। ਡਰਾਫਟ ਮੁਤਾਬਕ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਹਰ ਸੰਸਥਾ ਲਈ ਆਪਣੇ ਮੁਲਾਜ਼ਮਾਂ ਨੂੰ ਅਪਾਇੰਟਮੈਂਟ ਲੈਟਰ ਜਾਰੀ ਕਰਨਾ ਲਾਜ਼ਮੀ ਹੋਵੇਗਾ। ਜਿਨ੍ਹਾਂ ਮੁਲਾਜ਼ਮਾਂ ਨੂੰ ਅਜੇ ਤੱਕ ਨਿਯੁਕਤੀ ਪੱਤਰ ਨਹੀਂ ਮਿਲਿਆ, ਉਨ੍ਹਾਂ ਨੂੰ ਨਿਯਮ ਲਾਗੂ ਹੋਣ ਤੋਂ ਤਿੰਨ ਮਹੀਨਿਆਂ ਦੇ ਅੰਦਰ ਅਪਾਇੰਟਮੈਂਟ ਲੈਟਰ ਦੇਣਾ ਪਵੇਗਾ।

ਆਨਲਾਈਨ ਰਜਿਸਟ੍ਰੇਸ਼ਨ 'ਤੇ 7 ਦਿਨਾਂ ’ਚ ਮਨਜ਼ੂਰੀ

ਡਰਾਫਟ ’ਚ ਸਾਰੇ ਅਦਾਰਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਵਿਵਸਥਾ ਕੀਤੀ ਗਈ ਹੈ। ਮੁਲਾਜ਼ਮਾਂ ਦੀ ਗਿਣਤੀ ਦੇ ਆਧਾਰ ’ਤੇ ਰਜਿਸਟ੍ਰੇਸ਼ਨ ਫ਼ੀਸ ਤੈਅ ਕੀਤੀ ਜਾਵੇਗੀ। ਅਰਜ਼ੀ ਦੇਣ ਤੋਂ ਬਾਅਦ 7 ਦਿਨਾਂ ’ਚ ਜੇਕਰ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਂਦਾ ਤਾਂ ਉਸ ਨੂੰ ਆਪਣੇ ਆਪ ਮਨਜ਼ੂਰ ਮੰਨਿਆ ਜਾਵੇਗਾ। ਨਵੇਂ ਨਿਯਮਾਂ ਤਹਿਤ ਕਿਸੇ ਵੀ ਮੁਲਾਜ਼ਮ ਤੋਂ ਹਫ਼ਤੇ ’ਚ ਵੱਧ ਤੋਂ ਵੱਧ 48 ਘੰਟੇ ਹੀ ਕੰਮ ਲਿਆ ਜਾ ਸਕੇਗਾ। ਇਕ ਦਿਨ ’ਚ ਆਰਾਮ ਸਮੇਤ ਕੁੱਲ ਕੰਮ ਦੇ ਘੰਟੇ 12 ਤੋਂ ਵੱਧ ਨਹੀਂ ਹੋਣਗੇ। ਲਗਾਤਾਰ ਪੰਜ ਘੰਟੇ ਕੰਮ ਕਰਵਾਉਣ ਤੋਂ ਬਾਅਦ ਘੱਟੋ-ਘੱਟ 30 ਮਿੰਟ ਦਾ ਆਰਾਮ ਦੇਣਾ ਲਾਜ਼ਮੀ ਹੋਵੇਗਾ। ਕੋਈ ਮੁਲਾਜ਼ਮ ਨਿਰਧਾਰਤ ਸਮੇਂ ਤੋਂ ਵੱਧ ਕੰਮ ਕਰਦਾ ਹੈ ਤਾਂ ਉਸ ਨੂੰ ਓਵਰਟਾਈਮ ਦਾ ਭੁਗਤਾਨ ਆਮ ਤਨਖ਼ਾਹ ਦੀ ਦੁੱਗਣੀ ਦਰ ਨਾਲ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ 3, 4 ਤੇ 5 ਅਗਸਤ ਨੂੰ ਸਫ਼ਰ ਕਰਨ ਵਾਲੇ ਸਾਵਧਾਨ! PRTC ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ

ਮਹਿਲਾ ਮੁਲਾਜ਼ਮਾਂ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ

ਡਰਾਫਟ ’ਚ ਮਹਿਲਾ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਖ਼ਾਸ ਤਰਜ਼ੀਹ ਦਿੱਤੀ ਗਈ ਹੈ। ਇਸ ਅਨੁਸਾਰ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਮਹਿਲਾ ਮੁਲਾਜ਼ਮਾਂ ਤੋਂ ਸਿਰਫ਼ ਉਨ੍ਹਾਂ ਦੀ ਲਿਖ਼ਤੀ ਸਹਿਮਤੀ ਨਾਲ ਹੀ ਕੰਮ ਲਿਆ ਜਾ ਸਕੇਗਾ। ਇਸ ਦੌਰਾਨ ਨਿਯੋਗਤਾ ਨੂੰ ਸੁਰੱਖਿਅਤ ਆਵਾਜਾਈ, ਸੀ. ਸੀ. ਟੀ. ਵੀ. ਨਿਗਰਾਨੀ, ਪੂਰੀ ਰੌਸ਼ਨੀ ਅਤੇ ਹੋਰ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣੇ ਹੋਣਗੇ। ਇਸ ਤੋਂ ਇਲਾਵਾ ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਔਰਤਾਂ ਨੂੰ ਖ਼ਤਰਨਾਕ ਕੰਮਾਂ ’ਚ ਨਾ ਲਗਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ, ਸਕੂਲ-ਕਾਲਜ ਅਤੇ ਦਫ਼ਤਰ ਰਹਿਣਗੇ ਬੰਦ

40 ਸਾਲ ਤੋਂ ਉੱਪਰ ਦੇ ਕਰਮਚਾਰੀਆਂ ਦੀ ਮੁਫ਼ਤ ਸਿਹਤ ਜਾਂਚ

ਡਰਾਫਟ ’ਚ 40 ਸਾਲ ਤੋਂ ਵੱਧ ਉਮਰ ਦੇ ਕਰਮਚਾਰੀਆਂ ਲਈ ਹਰ ਸਾਲ ਇਕ ਵਾਰ ਮੁਫ਼ਤ ਸਿਹਤ ਜਾਂਚ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ, ਜਦੋਂ ਕਿ ਖ਼ਤਰਨਾਕ ਉਦਯੋਗਾਂ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਸਾਲ ’ਚ ਦੋ ਵਾਰ ਮੈਡੀਕਲ ਜਾਂਚ ਲਾਜ਼ਮੀ ਹੋਵੇਗੀ। ਡਰਾਫਟ ’ਚ ਗਰਮੀ ਦੇ ਮੌਸਮ ਦੌਰਾਨ ਬਾਹਰ ਜਾਂ ਉੱਚ ਤਾਪਮਾਨ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਵੀ ਖ਼ਾਸ ਪ੍ਰਬੰਧ ਕੀਤੇ ਗਏ ਹਨ। ਨਿਯੋਗਤਾਵਾਂ ਨੂੰ ਕਰਮਚਾਰੀਆਂ ਲਈ ਠੰਡੇ ਪਾਣੀ, ਆਰਾਮ ਦੀ ਵਿਵਸਥਾ ਅਤੇ ਹੀਟ ਸਟ੍ਰੈੱਸ ਤੋਂ ਬਚਾਅ ਲਈ ਲੋੜੀਂਦੇ ਉਪਾਅ ਕਰਨਾ ਲਾਜ਼ਮੀ ਹੋਵੇਗਾ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਡਰਾਫਟ ’ਤੇ ਪ੍ਰਾਪਤ ਹੋਣ ਵਾਲੇ ਸੁਝਾਵਾਂ ਅਤੇ ਇਤਰਾਜ਼ਾਂ ’ਤੇ ਵਿਚਾਰ ਕਰਨ ਤੋਂ ਬਾਅਦ ਅੰਤਿਮ ਨਿਯਮ ਲਾਗੂ ਕੀਤੇ ਜਾਣਗੇ, ਜਿਸ ਨਾਲ ਚੰਡੀਗੜ੍ਹ ’ਚ ਕੰਮ ਕਰਨ ਵਾਲੇ ਹਜ਼ਾਰਾਂ ਕਰਮਚਾਰੀਆਂ ਨੂੰ ਬਿਹਤਰ, ਸੁਰੱਖਿਅਤ ਤੇ ਸਿਹਤਮੰਦ ਕੰਮਕਾਜੀ ਮਾਹੌਲ ਮਿਲ ਸਕੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


author

Babita

Content Editor

Related News