ਬਿਜਲੀ ਸੰਕਟ ਹੋਇਆ ਡੂੰਘਾ, ਇਸ ਇਲਾਕੇ ''ਚ ਬਿਜਲੀ ਸਪਲਾਈ ਰਹੀ ਠੱਪ, ਲੋਕਾਂ ਨੇ ਕੀਤਾ...
Wednesday, Jul 29, 2026 - 03:32 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)-ਖੇਤਰ ਦੇ ਸਭ ਤੋਂ ਵੱਧ ਆਬਾਦੀ ਵਾਲੇ ਪਿੰਡ ਤਖ਼ਤਗੜ੍ਹ ਦੇ ਅੱਧੇ ਹਿੱਸੇ ਦੀ ਬੀਤੀ ਰਾਤ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਗੁਸਾਏ ਪਿੰਡ ਵਾਸੀਆਂ ਅਤੇ ਖ਼ਪਤਕਾਰਾਂ ਨੇ ਅੱਜ ਸਵੇਰੇ ਨੂਰਪੁਰਬੇਦੀ–ਰੂਪਨਗਰ ਮੁੱਖ ਮਾਰਗ 'ਤੇ ਬੱਸ ਅੱਡਾ ਬੈਂਸ ਵਿਖੇ ਧਰਨਾ ਦੇ ਕੇ ਚੱਕਾ ਜਾਮ ਕਰ ਦਿੱਤਾ। ਇਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਸਵੇਰੇ ਡਿਊਟੀਆਂ 'ਤੇ ਜਾਣ ਵਾਲੇ ਕਰਮਚਾਰੀਆਂ, ਵਿਦਿਆਰਥੀਆਂ ਅਤੇ ਹੋਰ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬਿਜਲੀ ਦੀ ਨਾਕਸ ਸਪਲਾਈ ਨੂੰ ਲੈ ਕੇ ਪਾਵਰਕਾਮ ਅਧਿਕਾਰੀਆਂ ਨੂੰ ਜੰਮ ਕੇ ਕੋਸਿਆ।
ਇਹ ਵੀ ਪੜ੍ਹੋ: ਪਿਆਰਾ ਪੰਛੀ ਮੋਰ...ਵੇਖੋ Pinkoo TV ਦੀ ਖ਼ੂਬਸੂਰਤ ਵੀਡੀਓ
ਇਸ ਦੇ ਉਪਰੰਤ ਧਰਨੇ ਦੌਰਾਨ ਸੰਬੋਧਨ ਕਰਦੇ ਦੋਸ਼ ਲਗਾਇਆ ਕਿ ਇਲਾਕੇ 'ਚ ਬਿਜਲੀ ਦੀ ਸਮੱਸਿਆ ਲਗਾਤਾਰ ਬਣੀ ਹੋਈ ਹੈ ਪਰ ਪਾਵਰਕਾਮ ਵੱਲੋਂ ਇਸ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੁਰਾਣੀਆਂ ਅਤੇ ਜਰਜਰ ਤਾਰਾਂ ਕਾਰਨ ਅਕਸਰ ਫਾਲਟ ਪੈਂਦੇ ਹਨ, ਜਿਸ ਨਾਲ ਲੋਕਾਂ ਨੂੰ ਵਾਰ-ਵਾਰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਛੇ ਦਿਨ ਮੁਲਾਜ਼ਮਾਂ ਦੀ ਹੜਤਾਲ ਰਹਿਣ ਕਾਰਨ ਲੋਕਾਂ ਨੂੰ ਬਿਜਲੀ ਕੱਟਾਂ ਦੇ ਚਲਦਿਆਂ ਭਰ ਗਰਮੀ ਵਿਚ ਬੇਹਾਲ ਹੋਣਾ ਪਿਆ ਜਦਕਿ ਹੁਣ ਮੁਲਾਜ਼ਮਾਂ ਦੀ ਘਾਟ ਦਾ ਹਵਾਲਾ ਦੇ ਕੇ ਪਾਵਰਕਾਮ ਕਰਮਚਾਰੀ ਆਪਣੇ ਜਿੰਮੇਵਾਰੀ ਤੋਂ ਭੱਜ ਰਹੇ ਹਨ।
ਉਨ੍ਹਾਂ ਆਖਿਆ ਕਿ ਪਾਵਰਕਾਮ ਵੱਲੋਂ ਸੂਬੇ ਭਰ ਵਿਚ ਸਭ ਤੋਂ ਵੱਧ ਮਾਲੀਆ ਇਕੱਠਾ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਮੁਲਾਜ਼ਮਾਂ ਦੀ ਮੈਨੇਜਮੈਂਟ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਖ਼ਪਤਕਾਰਾਂ ਨੂੰ ਰੋਜ਼ਾਨਾ ਬਿਜਲੀ ਸਪਲਾਈ ਦੀ ਸੁਵਿਧਾ ਹਾਸਲ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਜੇਕਰ ਪਾਵਰਕਾਮ ਮੈਨੇਜਮੈਂਟ ਅਤੇ ਸਰਕਾਰ ਦਾ ਇਹੋ ਰਵੱਈਆ ਰਿਹਾ ਤਾਂ ਸਮੁੱਚੇ ਸੂਬੇ ਦੇ ਲੋਕ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ। ਉਨ੍ਹਾਂ ਆਖਿਆ ਕਿ ਬਿਜਲੀ ਗੁਲ ਹੋਣ ਦੀ ਸੂਰਤ ਨਾ ਤਾਂ ਅਧਿਕਾਰੀ ਅਤੇ ਨਾ ਹੀ ਮੁਲਾਜ਼ਮ ਖ਼ਪਤਕਾਰਾਂ ਦਾ ਫੋਨ ਸੁਣਦੇ ਹਨ, ਜਿਸ ਨਾਲ ਉਨ੍ਹਾਂ ਦੀ ਮੁਸ਼ਕਿਲ ਵਿਚ ਹੋਰ ਵੀ ਵਾਧਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
ਜ਼ਿਕਰਯੋਗ ਹੈ ਕਿ 28 ਜੁਲਾਈ ਨੂੰ ਬਲਾਕ ਨੂਰਪੁਰਬੇਦੀ ਦੇ ਕਰੀਬ 138 ਪਿੰਡਾਂ ਦੀ ਬਿਜਲੀ ਸਪਲਾਈ ਪੂਰਾ ਦਿਨ ਬੰਦ ਰਹੀ ਸੀ, ਜੋ ਰਾਤ ਕਰੀਬ 12 ਘੰਟਿਆਂ ਬਾਅਦ 10 ਵਜੇ ਬਹਾਲ ਹੋਈ। ਪਰ ਉਸੇ ਸਮੇਂ ਪਿੰਡ ਤਖ਼ਤਗੜ੍ਹ ਵਿੱਚ ਬਿਜਲੀ ਦੀ ਇਕ ਤਾਰ ਟੁੱਟ ਜਾਣ ਕਾਰਨ ਅੱਧੇ ਪਿੰਡ ਦੀ ਸਪਲਾਈ ਮੁੜ ਬੰਦ ਹੋ ਗਈ, ਜਿਸ ਕਾਰਨ ਲੋਕਾਂ ਨੂੰ ਪੂਰੀ ਰਾਤ ਹਨੇਰੇ ਵਿੱਚ ਗੁਜ਼ਾਰਨੀ ਪਈ। ਧਰਨੇ ਦੀ ਸੂਚਨਾ ਮਿਲਦਿਆਂ ਪਾਵਰਕਾਮ ਦੇ ਜੇ. ਈ.-1 ਕੁਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਔਲਖ ਤੋਂ ਇਲਾਵਾ ਸਥਾਨਕ ਥਾਣਾ ਮੁਖੀ ਗੁਰਮੁੱਖ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਏ।
ਅਧਿਕਾਰੀਆਂ ਦੇ ਭਰੋਸੇ ਉਪਰੰਤ ਖਪਤਕਾਰਾਂ ਨੇ ਚੱਕਾ ਜਾਮ ਹਟਾਇਆ
ਇਸ ਦੌਰਾਨ ਹਾਜ਼ਰ ਹੋਏ ਬਿਜਲੀ ਅਧਿਕਾਰੀਆਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਭਰੋਸਾ ਦਿੱਤਾ ਕਿ ਲੋਕਾਂ ਦੀ ਮੰਗ ਮੁਤਾਬਕ ਪੁਰਾਣੀਆਂ ਬਿਜਲੀ ਤਾਰਾਂ ਨੂੰ ਬਦਲਿਆ ਜਾਵੇਗਾ ਅਤੇ ਢੁੱਕਵੀਂ ਜਗ੍ਹਾ ਮੁਹੱਈਆ ਕਰਵਾਉਣ 'ਤੇ ਉੱਥੇ ਨਵਾਂ ਟਰਾਂਸਫਾਰਮਰ ਵੀ ਸਥਾਪਤ ਕੀਤਾ ਜਾਵੇਗਾ, ਜਿਸ ਨਾਲ ਭਵਿੱਖ 'ਚ ਬਿਜਲੀ ਸਪਲਾਈ ਸੁਚਾਰੂ ਅਤੇ ਨਿਰਵਿਘਨ ਬਣਾਈ ਰੱਖਣ ਵਿੱਚ ਮਦਦ ਮਿਲੇਗੀ। ਅਧਿਕਾਰੀਆਂ ਦੇ ਭਰੋਸੇ ਮਗਰੋਂ ਧਰਨਾਕਾਰੀਆਂ ਨੇ ਕਰੀਬ ਇਕ ਘੰਟੇ ਬਾਅਦ ਆਪਣਾ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਅਤੇ ਆਵਾਜਾਈ ਮੁੜ ਬਹਾਲ ਹੋ ਗਈ। ਪਿੰਡ ਵਾਸੀਆਂ ਅਤੇ ਹੋਰਨਾਂ ਖ਼ਪਤਕਾਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਪੱਕਾ ਹੱਲ ਨਾ ਕੀਤਾ ਗਿਆ ਤਾਂ ਉਹ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਹ ਵੀ ਪੜ੍ਹੋ: Punjab: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ! ਇਸ ਹਾਲ 'ਚ ਵੇਖ ਕੇ ਮਾਪਿਆਂ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
