ਪਿੰਡ ਕੰਡਾਲਾ ਦੇ ਦਲਿਤ ਮੁਹੱਲੇ ’ਚ ਤਿੰਨ ਮਹੀਨਿਆਂ ਤੋਂ ਨਹੀਂ ਪਹੁੰਚ ਰਿਹਾ ਪਾਣੀ

Tuesday, Jul 10, 2018 - 06:45 AM (IST)

ਪਿੰਡ ਕੰਡਾਲਾ ਦੇ ਦਲਿਤ ਮੁਹੱਲੇ ’ਚ ਤਿੰਨ ਮਹੀਨਿਆਂ ਤੋਂ ਨਹੀਂ ਪਹੁੰਚ ਰਿਹਾ ਪਾਣੀ

ਮੋਹਾਲੀ, (ਕੁਲਦੀਪ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਵੇਂ ਤੰਦਰੁਸਤ ਪੰਜਾਬ ਵਰਗੇ ਮਿਸ਼ਨ ਚਲਾਏ ਜਾ ਰਹੇ ਹਨ  ਪਰ ਹੇਠਲੇ ਪੱਧਰ ’ਤੇ ਅਫ਼ਸਰਾਂ ਵਲੋਂ ਕੋਤਾਹੀ ਇਸ ਕਦਰ ਵਰਤੀ ਜਾ ਰਹੀ ਹੈ ਕਿ ਕਈ ਥਾਈਂ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ। ਵਿਧਾਨ ਸਭਾ ਹਲਕਾ ਮੋਹਾਲੀ ਅਧੀਨ ਪੈਂਦੇ ਪਿੰਡ ਕੰਡਾਲਾ ਦੇ ਦਲਿਤ ਮੁਹੱਲੇ ਵਿਚ ਅਜਿਹਾ ਵਰਤਾਰਾ ਹੋ ਰਿਹਾ ਹੈ। ਇੱਥੋਂ ਦੇ ਦਲਿਤ ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਉਨ੍ਹਾਂ ਦੇ ਮੁਹੱਲੇ ਵਿਚ ਪਾਣੀ ਨਹੀਂ ਆ ਰਿਹਾ ਹੈ, ਜਦਕਿ ਪਿੰਡ ਵਿਚ ਜ਼ਿਮੀਂਦਾਰਾਂ ਦੇ ਮੁਹੱਲੇ ਵਿਚ ਪਾਣੀ ਦੀ ਸਪਲਾਈ ਨਿਰਵਿਘਨ ਚੱਲ ਰਹੀ ਹੈ। ਲੋਕਾਂ ਵਲੋਂ ਬਾਕਾਇਦਾ ਲਿਖਤੀ ਸ਼ਿਕਾਇਤ ਵੀ ਐੱਸ. ਡੀ. ਓ. ਵਾਟਰ ਸਪਲਾਈ ਨੂੰ ਦਿੱਤੀ ਗਈ ਅਤੇ ਸ਼ਿਕਾਇਤ ਦੀ ਇਕ ਕਾਪੀ ਐਕਸੀਅਨ ਨੂੰ ਵੀ ਭੇਜੀ ਗਈ ਪਰ ਪਾਣੀ ਦੀ ਸਪਲਾਈ ਚਾਲੂ ਨਹੀਂ ਹੋਈ।
 ਪਿੰਡ ਕੰਡਾਲਾ ਦੇ ਸਾਬਕਾ ਸਰਪੰਚ ਗੁਰਮੀਤ ਕੌਰ, ਮਨਵੀਰ ਕੌਰ ਪੰਚ, ਦਰਸ਼ਨ ਸਿੰਘ ਪੰਚ, ਸੁਰਿੰਦਰ ਸਿੰਘ ਨੇ ਕਿਹਾ ਕਿ ਪਿੰਡ ਕੰਡਾਲਾ ਦੇ ਲੋਕਾਂ ਨੂੰ ਪੀਣ, ਨਹਾਉਣ ਜਾਂ ਕੱਪਡ਼ੇ ਆਦਿ ਧੋਣ ਲਈ ਪਾਣੀ ਤਾਂ ਦੂਰ ਦੀ ਗੱਲ, ਇਥੇ ਤਾਂ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹਲਕੇ ਵਿਚ ਪਸ਼ੂ ਵੀ ਪਾਣੀ ਤੋਂ ਪਿਆਸੇ ਹੋਏ ਪਏ ਹਨ।
 ਪ੍ਰੇਸ਼ਾਨ ਹੋਏ ਲੋਕਾਂ ਨੇ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭਡ਼ਾ ਨਾਲ ਸੰਪਰਕ ਕੀਤਾ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਕੁੰਭਡ਼ਾ ਨੇ ਕਿਹਾ ਕਿ ਪਿੰਡ ਕੰਡਾਲਾ ਵਿਚ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਪਾਣੀ ਦੀ ਸਪਲਾਈ ਦੇਣ ਵਿਚ ਕੀਤਾ ਜਾ ਰਿਹਾ ਪੱਖਪਾਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਦੋ ਦਿਨਾਂ ਵਿਚ ਪਿੰਡ ਕੰਡਾਲਾ ਦੇ ਦਲਿਤ ਮੁਹੱਲੇ ਵਿਚ ਪਾਣੀ ਦੀ ਸਪਲਾਈ ਚਾਲੂ ਨਾ ਹੋਈ ਤਾਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪਿੰਡ ਕੰਡਾਲਾ ਦਾ ਸਮੁੱਚਾ ਦਲਿਤ ਭਾਈਚਾਰਾ ਇਕੱਠਾ ਹੋ ਕੇ ਤੰਦਰੁਸਤ ਮਿਸ਼ਨ ਦਾ ਘਡ਼ਾ ਭੰਨੇਗਾ।
 


Related News