ਸੁਖਨਾ ਦਾ ਪਾਣੀ ਪੱਧਰ ਖਤਰੇ ਦੇ ਨਿਸ਼ਾਨ ਨੇੜੇ, 10 ਸਾਲਾਂ ਬਾਅਦ ਫਿਰ ਖੋਲ੍ਹਣੇ ਪੈ ਸਕਦੇ ਹਨ ਗੇਟ

08/24/2018 2:23:32 AM

 ਚੰਡੀਗਡ਼੍ਹ,   (ਵਿਜੇ)-  ਸੁਖਨਾ ਝੀਲ  ਦੇ ਕੈਚਮੈਂਟ ਏਰੀਆ ਵਿਚ ਇਕ ਵਾਰ ਹੋਰ ਜ਼ਬਰਦਸਤ ਮੀਂਹ ਪਿਆ ਤਾਂ ਕਿਸ਼ਨਗਡ਼੍ਹ ਕੋਲ ਬਣੇ ਰੈਗੂਲੇਟਰੀ ਕੰਢੇ ਦੇ ਗੇਟ ਖੋਲ੍ਹਣ ਦੀ ਨੌਬਤ ਆ ਸਕਦੀ ਹੈ। ਵੀਰਵਾਰ ਨੂੰ ਸੁਖਨਾ ਝੀਲ ਦਾ  ਪਾਣੀ  ਦਾ  ਪੱਧਰ 1160.05 ਫੁਟ ਕੋਲ ਪਹੁੰਚ ਗਿਆ, ਜੋ ਕਿ ਖਤਰੇ ਦੇ ਨਿਸ਼ਾਨ ਤੋਂ ਹੁਣ ਕੁਝ ਹੀ ਦੂਰ ਹੈ ਜੇਕਰ ਝੀਲ ਦੇ ਪਾਣੀ ਦਾ ਪੱਧਰ 1163 ਫੁਟ ਤਕ ਪਹੁੰਚ ਗਿਆ ਤਾਂ 10 ਸਾਲਾਂ ਬਾਅਦ ਰੈਗੂਲੇਟਰੀ   ਕੰਢੇ ਦੇ ਗੇਟ ਖੋਲ੍ਹਣੇ ਪੈ ਸਕਦੇ ਹਨ।  ਵੀਰਵਾਰ ਨੂੰ ਰੈਗੂਲੇਟਰੀ  ਕੰਢੇ ਦੇ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ। ਪਿਛਲੇ 24 ਘੰਟਿਆਂ ਦੌਰਾਨ ਸੁਖਨਾ ਝੀਲ ਦੇ ਕੈਚਮੈਂਟ ਏਰੀਏ ’ਚ ਅੌਸਤਨ ਮੀਂਹ ਦਰਜ ਕੀਤਾ ਗਿਆ ਹੈ। 
ਨੇਪਲੀ ਫਾਰੈਸਟ ਵਿਚ ਜਿਥੇ 18 ਐੱਮ. ਐੱਮ.  ਮੀਂਹ ਪਿਅਾ ਦੱਸਿਆ ਜਾ ਰਿਹਾ ਹੈ, ਉਥੇ ਹੀ ਕਾਂਸਲ ਵਿਚ 21.50 ਐੱਮ. ਐੱਮ. ਮੀਂਹ ਰਿਕਾਰਡ ਕੀਤਾ ਗਿਆ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਜੇਕਰ ਇਸ ਨਾਲੋਂ ਥੋਡ਼੍ਹਾ ਜ਼ਿਆਦਾ ਮੀਂਹ ਪਿਅਾ  ਤਾਂ ਪਾਣੀ  ਦਾ ਪੱਧਰ ਆਪਣੀ ਵੱਧ  ਤੋਂ  ਵੱਧ  ਹੱਦ ਤਕ ਪਹੁੰਚ ਜਾਵੇਗਾ। 1163 ਫੁੱਟ ਤੋਂ ਜ਼ਿਆਦਾ ਪਾਣੀ ਦਾ ਪੱਧਰ ਸੁਖਨਾ ਝੀਲ ’ਚ ਕਦੇ ਵੀ ਦਰਜ ਨਹੀਂ ਕੀਤਾ ਗਿਆ। ਵੀਰਵਾਰ ਨੂੰ ਵੀ ਯੂ. ਟੀ.  ਦੇ ਇੰਜੀਨੀਅਰਿੰਗ ਅਤੇ ਫਾਰੈਸਟ ਐਂਡ ਵਾਈਲਡ ਲਾਈਫ ਡਿਪਾਰਟਮੈਂਟ ਦੀ ਨਜ਼ਰ ਸੁਖਨਾ ਝੀਲ ਦੇ ਪਾਣੀ ਦੇ  ਪੱਧਰ ’ਤੇ ਹੀ ਸੀ। 2012 ਵਿਚ ਇਸਦੇ ਪਾਣੀ ਦਾ   ਪੱਧਰ 1162.9 ਫੁਟ ਤਕ ਪਹੁੰਚ ਗਿਆ ਸੀ, ਜਦੋਂਕਿ 2015 ’ਚ 1161.05 ਫੁਟ ਦਰਜ ਕੀਤਾ ਗਿਆ ਸੀ।  ਉਥੇ ਹੀ ਪਿਛਲੇ ਸਾਲ ਇਹ ਪੱਧਰ 1161.90 ਫੁੱਟ ਤਕ ਜਾ ਪਹੁੰਚਿਆ ਸੀ। 

ਫਿਰ ਵੀ ਲੱਗੇਗਾ ਸੀਵਰੇਜ ਪਲਾਂਟ
 ਮਾਨਸੂਨ ਮਿਹਰਬਾਨ ਹੁੰਦਿਅਾਂ ਹੀ ਸੁਖਨਾ ਝੀਲ ਹੁਣ ਪੂਰੀ ਤਰ੍ਹਾਂ ਭਰ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਸਾਲ ਸੁਖਨਾ ਝੀਲ ਦੇ ਸੁੱਕਣ ਦੀ ਕੋਈ ਗੁੰਜਾਇਸ਼ ਨਹੀਂ ਬਚੀ ਹੈ ਪਰ ਬਾਵਜੂਦ ਇਸਦੇ ਚੰਡੀਗਡ਼੍ਹ ਪ੍ਸ਼ਾਸਨ ਝੀਲ ਕੋਲ ਹੀ ਸੀਵਰੇਜ ਟਰੀਟਮੈਂਟ ਪਲਾਂਟ ਲਾਉਣ ਦੀ ਪੂਰੀ ਤਿਆਰੀ ਵਿਚ ਹੈ। ਸੂਤਰਾਂ ਅਨੁਸਾਰ ਪ੍ਰਸ਼ਾਸਨ ਨਹੀਂ ਚਾਹੁੰਦਾ ਹੈ ਕਿ ਭਵਿੱਖ ਵਿਚ ਸੁਖਨਾ ਵਿਚ ਪਾਣੀ ਦੀ ਕੋਈ ਘਾਟ ਰਹੇ। ਇਹੀ ਕਾਰਨ ਹੈ ਕਿ ਕੈਂਬਵਾਲਾ ਤੋਂ ਨਿਕਲਣ ਵਾਲੇ ਸੀਵਰੇਜ ਦੇ ਪਾਣੀ ਨੂੰ ਟਰੀਟ ਕਰਨ ਲਈ ਕਿਸ਼ਨਗਡ਼੍ਹ ਕੋਲ ਹੀ ਟਰੀਟਮੈਂਟ ਪਲਾਂਟ ਲਾਉਣ ਦਾ ਪ੍ਰਪੋਜ਼ਲ ਤਿਆਰ ਕੀਤਾ ਜਾ ਰਿਹਾ ਹੈ।  

ਗਾਰ ਤੇ ਵੀਡ ਫਿਰ ਬਣੇਗੀ ਪ੍ਰੇਸ਼ਾਨੀ
 ਸੁਖਨਾ ਝੀਲ ਵਿਚ ਪਾਣੀ ਦਾ ਪੱਧਰ ਤਾਂ ਵਧ ਰਿਹਾ ਹੈ ਪਰ ਇਸ ਨਾਲ ਝੀਲ ਦੀਆਂ ਦੋ ਹੋਰ ਵੱਡੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਨਹੀਂ ਮਿਲ ਸਕੇਗੀ।  ਦਰਅਸਲ ਸੁਖਨਾ ਝੀਲ ਵਿਚੋਂ ਵੀਡ ਕੱਢਣ ਦਾ ਕੰਮ  ਅਜੇ ਸ਼ੁਰੂ ਹੋਣਾ ਹੈ। ਇੰਜੀਨੀਅਰਿੰਗ ਵਿਭਾਗ ਨੇ ਪਹਿਲਾਂ ਵੀਡ ਕੱਢਣ ਦਾ ਕੰਮ ਕਾਫ਼ੀ ਹੌਲੀ ਰਫ਼ਤਾਰ ਨਾਲ ਕੀਤਾ ਸੀ, ਜਿਸ ਕਾਰਨ ਹੁਣ ਤਕ ਸੁਖਨਾ ਵਿਚ ਵੀਡ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਇਹੀ ਨਹੀਂ,  ਹੁਣ ਜਦੋਂਕਿ ਪਾਣੀ  ਦਾ ਪੱਧਰ ਵਧ ਰਿਹਾ ਹੈ ਅਜਿਹੇ ’ਚ ਵੀਡ ਕੱਢਣ ਦਾ ਕੰਮ ਵੀ ਹੌਲੀ ਹੋ ਜਾਵੇਗਾ। ਜਦੋਂਕਿ ਗਾਰ ਕੱਢਣ ਦਾ ਕੰਮ ਸ਼ੁਰੂ ਹੀ ਨਹੀਂ ਕੀਤਾ ਜਾ ਸਕਿਆ ਹੈ। 


Related News