12 ਬਿਜਲੀ ਘਰਾਂ ’ਚ ਭਰਿਆ ਪਾਣੀ, ਲੱਖਾਂ ਖਪਤਕਾਰਾਂ ਦੀ ਬੱਤੀ ਗੁੱਲ

Tuesday, Sep 02, 2025 - 02:21 AM (IST)

12 ਬਿਜਲੀ ਘਰਾਂ ’ਚ ਭਰਿਆ ਪਾਣੀ, ਲੱਖਾਂ ਖਪਤਕਾਰਾਂ ਦੀ ਬੱਤੀ ਗੁੱਲ

ਜਲੰਧਰ (ਪੁਨੀਤ) – ਪਾਵਰਕਾਮ ਅਤੇ ਟਰਾਂਸਕੋ ਅਧੀਨ ਆਉਂਦੇ 12 ਬਿਜਲੀ ਘਰਾਂ (ਸਬ-ਸਟੇਸ਼ਨਾਂ) ਵਿਚ ਪਾਣੀ ਭਰਨ ਕਾਰਨ ਲੱਖਾਂ ਖਪਤਕਾਰਾਂ ਦੀ ਬੱਤੀ ਘੰਟਿਆਂ ਤਕ ਗੁੱਲ ਰਹੀ। ਇਸ ਕਾਰਨ ਘਰੇਲੂ, ਇੰਡਸਟਰੀ ਸਮੇਤ ਕਮਰਸ਼ੀਅਲ ਬਿਜਲੀ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਪੇਸ਼ ਆਈਆਂ। ਉਥੇ ਹੀ ਬਿਜਲੀ ਦੇ ਫਾਲਟ ਦੀਆਂ 4400 ਤੋਂ ਜ਼ਿਆਦਾ ਸ਼ਿਕਾਇਤਾਂ ਦੌਰਾਨ ਸ਼ਹਿਰ ਦੇ ਕਈ ਇਲਾਕਿਆਂ ਵਿਚ 12 ਤੋਂ 15 ਘੰਟਿਆਂ ਤਕ ਬਲੈਕਆਊਟ ਰਿਹਾ।

ਸ਼ਹਿਰ ਵਿਚ ਹਾਲਾਤ ਇੰਨੇ ਖਰਾਬ ਹੋ ਗਏ ਕਿ ਕਈ ਇਲਾਕਿਆਂ ਵਿਚ ਟਰਾਂਸਫਾਰਮਰਾਂ ਤਕ ਪਾਣੀ ਪਹੁੰਚ ਗਿਆ, ਜਿਸ ਕਾਰਨ ਸਪਲਾਈ ਨੂੰ ਬੰਦ ਕਰਨਾ ਪਿਆ। ਉਥੇ ਹੀ ਗਲੀਆਂ-ਮੁਹੱਲਿਆਂ ਵਿਚ ਲੱਗੇ ਮੀਟਰ ਬਕਸਿਆਂ ਦੇ ਪਾਣੀ ਵਿਚ ਡੁੱਬ ਜਾਣ ਕਾਰਨ ਸੈਂਕੜੇ ਇਲਾਕਿਆਂ ਵਿਚ ਬਿਜਲੀ ਸਪਲਾਈ ਪ੍ਰੇਸ਼ਾਨੀ ਦਾ ਸਬੱਬ ਬਣੀ।

ਸਬ-ਸਟੇਸ਼ਨਾਂ ਵਿਚ ਪਾਣੀ ਭਰਨ ਦੇ ਕ੍ਰਮ ਵਿਚ ਸ਼ਹਿਰ ਦਾ ਅਹਿਮ 132 ਕੇ. ਵੀ. ਚਿਲਡਰਨ ਪਾਰਕ ਸਬ-ਸਟੇਸ਼ਨ 7 ਘੰਟਿਆਂ ਤੋਂ ਜ਼ਿਆਦਾ ਸਮੇਂ ਤਕ ਬੰਦ ਰਿਹਾ। ਟਰਾਂਸਕੋ (ਟੀ. ਸੀ. ਐੱਲ.) ਅਧੀਨ ਆਉਂਦੇ ਉਕਤ ਸਬ-ਸਟੇਸ਼ਨ ਤੋਂ ਜ਼ਿਆਦਾਤਰ ਸਪਲਾਈ ਜਲੰਧਰ ਸੈਂਟਰਲ ਹਲਕੇ ਦੇ ਅਹਿਮ ਸਥਾਨਾਂ ਨੂੰ ਜਾਂਦੀ ਹੈ, ਇਸ ਕਾਰਨ ਭਾਰੀ ਪ੍ਰੇਸ਼ਾਨੀਆਂ ਪੇਸ਼ ਆਈਆਂ।

ਇਸ ਦੇ ਨਾਲ ਹੀ ਪਾਵਰਕਾਮ ਅਧੀਨ ਆਉਂਦੇ 66 ਕੇ. ਵੀ. ਚਾਰਾ ਮੰਡੀ, ਬੜਿੰਗਾਂ, ਮਕਸੂਦਾਂ, ਰੇਡੀਅਲ, ਟਾਂਡਾ ਰੋਡ, ਆਦਮਪੁਰ, ਕਾਲਾ ਸੰਘਿਆਂ, ਪਾਸ਼ਟਾਂ, ਹੁਸ਼ਿਆਰਪੁਰ ਰੋਡ, ਜੀ. ਟੀ. ਰੋਡ ਫਗਵਾੜਾ, ਦੌਲਤਪੁਰ ਬਿਜਲੀ ਘਰ ਪਾਣੀ ਵਿਚ ਡੁੱਬ ਗਏ, ਜਿਸ ਕਾਰਨ ਘੰਟਿਆਂ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੀ।

ਕਈ ਬਿਜਲੀ ਘਰਾਂ ਦੀ ਸਪਲਾਈ ਸਵੇਰੇ 4 ਵਜੇ ਦੇ ਕਰੀਬ ਬੰਦ ਕਰਨੀ ਪਈ, ਜਿਨ੍ਹਾਂ ਵਿਚੋਂ ਕਈ ਬਿਜਲੀ ਘਰ 2 ਘੰਟੇ ਬਾਅਦ ਸ਼ੁਰੂ ਕਰ ਦਿੱਤੇ ਗਏ। ਸਬ-ਸਟੇਸ਼ਨਾਂ ਦੀ ਸਥਿਤੀ ਅਜਿਹੀ ਸੀ ਕਿ ਅੰਡਰਗਰਾਊਂਡ ਕੇਬਲ ਪਾਣੀ ਨਾਲ ਭਰ ਗਈ ਅਤੇ ਪਾਣੀ ਫਰਸ਼ ’ਤੇ ਵਹਿ ਰਿਹਾ ਸੀ।

ਕੇਬਲ ਦੇ ਟ੍ਰੈਂਚ (ਖੱਡਿਆਂ ’ਚ ਪਾਣੀ) ਆਉਣਾ ਕਰਮਚਾਰੀਆਂ ਲਈ ਕਰੰਟ ਦਾ ਕਾਰਨ ਬਣ ਸਕਦਾ ਸੀ, ਜਿਸ ਕਾਰਨ ਸਾਵਧਾਨੀ ਵਜੋਂ ਬਿਜਲੀ ਘਰਾਂ ਨੂੰ ਬੰਦ ਕਰਨਾ ਪਿਆ। 66 ਕੇ. ਵੀ. ਰੇਡੀਅਲ ਨੂੰ ਸ਼ਾਮ 4 ਤੋਂ 6:30 ਵਜੇ ਤੱਕ ਬੰਦ ਰੱਖਿਆ ਗਿਆ, ਜਿਸ ਕਾਰਨ ਟੀ-1, ਟੀ-2 ਦੀ ਸਪਲਾਈ ਪ੍ਰਭਾਵਿਤ ਹੋਈ। ਬੜਿੰਗਾਂ 4-6 ਵਜੇ ਤੱਕ ਬੰਦ ਰਿਹਾ। ਦੌਲਤਪੁਰ ਸਬ-ਸਟੇਸ਼ਨ ਸਭ ਤੋਂ ਲੰਬੇ ਸਮੇਂ ਤੱਕ ਬੰਦ ਰਿਹਾ। ਅੱਧਾ ਇਲਾਕਾ ਸਵੇਰੇ 2:30 ਵਜੇ ਚਾਲੂ ਹੋਇਆ ਜਦੋਂ ਕਿ ਬਾਕੀ ਇਲਾਕਾ ਦੁਪਹਿਰ 2 ਵਜੇ ਚਾਲੂ ਹੋਇਆ।

ਕਈ ਫੈਕਟਰੀਆਂ ਵਿਚ ਕਰਨੀ ਪਈ ਛੁੱਟੀ
ਉਥੇ ਹੀ ਬਿਜਲੀ ਬੰਦ ਹੋਣ ਕਾਰਨ ਕਈ ਇਲਾਕਿਆਂ ਵਿਚ ਫੈਕਟਰੀਆਂ ਦਾ ਕੰਮਕਾਜ ਅੱਜ ਠੱਪ ਰਿਹਾ। ਵੱਖ-ਵੱਖ ਇਲਾਕਿਆਂ ਵਿਚ ਫੈਕਟਰੀਆਂ ਵਿਚ ਛੁੱਟੀ ਕਰਦੇ ਹੋਏ ਲੇਬਰ ਨੂੰ ਵਾਪਸ ਭੇਜ ਦਿੱਤਾ।
 


author

Inder Prajapati

Content Editor

Related News