ਗਰਮੀ 'ਚ ਪਾਣੀ ਦੀ ਕਿੱਲਤ, ਕਈ ਇਲਾਕਿਆਂ 'ਚ 4 ਦਿਨਾਂ ਤੋਂ ਪਾਣੀ ਬੰਦ

Sunday, Jun 10, 2018 - 04:23 AM (IST)

ਗਰਮੀ 'ਚ ਪਾਣੀ ਦੀ ਕਿੱਲਤ, ਕਈ ਇਲਾਕਿਆਂ 'ਚ 4 ਦਿਨਾਂ ਤੋਂ ਪਾਣੀ ਬੰਦ

ਬਠਿੰਡਾ(ਜ.ਬ.)-ਤੇਜ਼ ਗਰਮੀ ਦੌਰਾਨ ਕੀਤੀ ਗਈ ਨਹਿਰਬੰਦੀ ਕਾਰਨ ਮਹਾਨਗਰ ਵਿਚ ਪਾਣੀ ਦੀ ਕਿੱਲਤ ਵਧ ਗਈ ਹੈ। ਨਹਿਰ ਵਿਚ ਪਾਣੀ ਨਾ ਹੋਣ ਕਾਰਨ ਪਾਣੀ ਦੀ ਸਪਲਾਈ 'ਤੇ ਵੀ ਕੱਟ ਲਾ ਦਿੱਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਨਗਰ ਦੇ ਕਈ ਇਲਾਕਿਆਂ 'ਚ ਪਿਛਲੇ 4 ਦਿਨਾਂ ਤੋਂ ਪਾਣੀ ਦੀ ਸਪਲਾਈ ਬਿਲਕੁਲ ਠੱਪ ਹੈ। ਪਾਣੀ ਦਾ ਪ੍ਰੈਸ਼ਰ ਨਾ ਹੋਣ ਕਾਰਨ ਪਾਣੀ ਟੈਂਕੀਆਂ ਤਕ ਵੀ ਨਹੀਂ ਪਹੁੰਚ ਰਿਹਾ, ਜਿਸ ਨਾਲ ਰੋਜ਼ਾਨਾ ਦੇ ਕੰਮਾਂ ਵਿਚ ਵੀ ਮੁਸ਼ਕਲਾਂ ਆ ਰਹੀਆਂ ਹਨ। ਗੌਰਤਲਬ ਹੈ ਕਿ ਨਹਿਰ ਤੇ ਕੁਝ ਪੁਲਾਂ ਦੇ ਨਿਰਮਾਣ ਕਾਰਨ 4 ਦਿਨਾਂ ਤੋਂ ਨਹਿਰ ਬੰਦ ਹੈ। ਬੇਸ਼ੱਕ ਬਠਿੰਡਾ ਦੇ ਮੁੱਖ ਵਾਟਰ ਵਰਕਸਾਂ ਵਿਚ ਪਾਣੀ ਸਟੋਰ ਕਰ ਲਿਆ ਗਿਆ ਹੈ ਪਰ ਅਹਿਤਿਆਤ ਵਜੋਂ ਪਾਣੀ ਦੀ ਸਪਲਾਈ 'ਤੇ ਕੱਟ ਲਾ ਦਿੱਤਾ ਗਿਆ ਹੈ। ਇਸ ਕਾਰਨ ਜ਼ਿਆਦਾਤਰ ਇਲਾਕਿਆਂ 'ਚ ਪਾਣੀ ਦੀ ਸਪਲਾਈ ਬੇਹੱਦ ਘੱਟ ਹੋ ਗਈ ਹੈ ਜਦਕਿ ਕਈ ਇਲਾਕਿਆਂ ਵਿਚ ਪਾਣੀ ਪਹੁੰਚ ਹੀ ਨਹੀਂ ਰਿਹਾ। ਬਠਿੰਡਾ ਵਾਸੀਆਂ ਸੂਰਜ ਕੁਮਾਰ, ਨਿਤਿਨ ਗੁਪਤਾ, ਸਾਹਿਲ ਓਬਰਾਏ ਨੇ ਦੱਸਿਆ ਕਿ ਪਾਣੀ ਨਾ ਆਉਣ ਕਾਰਨ ਦਿੱਕਤਾਂ ਪੇਸ਼ ਆ ਰਹੀਆਂ ਹਨ। ਜ਼ਿਲਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਾਰੇ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਯਕੀਨੀ ਬਣਾਵੇ।
10 ਦਿਨਾਂ ਦਾ ਪਾਣੀ ਸਟੋਰ ਪਾਣੀ ਮੁਹੱਈਆ ਕਰਵਾਉਣ ਵਾਲੀ ਤ੍ਰਿਵੇਣੀ ਇੰਜੀਨੀਅਰਿੰਗ ਕੰਪਨੀ ਦੇ ਮੈਨੇਜਰ ਸ਼੍ਰੀਨਿਵਾਸ ਦੇ ਅਨੁਸਾਰ ਉਨ੍ਹਾਂ ਕੋਲ 10 ਦਿਨਾਂ ਦੇ ਪਾਣੀ ਦੀ ਸਟੋਰੇਜ ਹੈ। ਨਹਿਰਬੰਦੀ ਕਾਰਨ ਪਾਣੀ ਦੀ ਸਪਲਾਈ ਵਿਚ ਕੁਝ ਕਮੀ ਆਈ ਹੈ। ਲੋਕਾਂ ਤੱਕ ਜ਼ਰੂਰਤ ਦਾ ਪਾਣੀ ਪਹੁੰਚਾਇਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਸਥਿਤੀ ਠੀਕ ਹੋ ਜਾਵੇਗੀ।


Related News