''ਕੋਵਿਡ-19 ਪਿੱਛੋਂ ਗੰਭੀਰ ਆਰਥਿਕ ਮੰਦੀ ਆਉਣ ਦੀ ਚੇਤਾਵਨੀ''
Tuesday, Mar 17, 2020 - 09:20 PM (IST)
ਚੰਡੀਗੜ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਕੋਰੋਨਾ ਵਾਇਰਸ ਇਕ ਵੱਡੀ ਆਫ਼ਤ ਹੈ ਜਿਸ ਨਾਲ ਅਰਥਚਾਰੇ ਵਿੱਚ ਗੰਭੀਰ ਮੰਦੀ ਆਉਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਸਥਿਤੀ ਪਹਿਲਾਂ ਹੀ ਖਰਾਬ ਹੈ ਅਤੇ ਜੇ ਇਹ ਹੋਰ ਫੈਲਦਾ ਹੈ ਤਾਂ ਹਾਲਾਤ ਹੋਰ ਵਿਗੜ ਜਾਣਗੇ। ਉਨ੍ਹਾਂ ਨੇ ਕੌਵਿਡ-19 ਤੋਂ ਬਾਅਦ ਅਰਥਵਿਵਸਥਾ ਵਿੱਚ ਗੰਭੀਰ ਮੰਦੀ ਆਉਣ ਦੀ ਚਿਤਾਵਨੀ ਦਿੱਤੀ। ਅੱਜ ਇੱਥੇ ਇਕ ਸੰਮੇਲਨ ਦੋਰਾਨ ਮੁੱਖ ਮੰਤਰੀ ਨੇ ਪੂਰੀ ਤਰ੍ਹਾਂ ਤਿਆਰ ਰਹਿਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਹਰ ਤਰ੍ਹਾਂ ਦਾ ਇਹਤਿਆਤ ਵਰਤਣ ਲਈ ਆਖਿਆ। ਉਨ੍ਹਾਂ ਕਿਹਾ ਕਿ ਹੱਥ ਮਿਲਾਉਣ ਵਰਗੀਆਂ ਪੁਰਾਣੀਆਂ ਆਦਤਾਂ ਛੇਤੀਂ ਮਰਦੀਆਂ ਨਹੀਂ ਹੁੰਦੀਆਂ ਪਰ ਇਸ ਨੂੰ ਬਦਲਣ ਦੀ ਲੋੜ ਹੈ। ਭਾਰਤ ਸਰਕਾਰ ਅਤੇ ਵਿਸ਼ਵ ਸਿਹਤ ਸੰਸਥਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਮੱਸਿਆ ਨਾਲ ਨਿਪਟਣ ਲਈ ਹਰੇਕ ਕਦਮ ਚੁੱਕ ਰਹੀ ਹੈ ਪਰ ਲੋਕਾਂ ਨੂੰ ਵੀ ਇਸ ਦੇ ਖ਼ਤਰਿਆਂ ਦਾ ਅਹਿਸਾਸ ਕਰਦੇ ਹੋਏ ਆਪਣੇ ਆਪ ਸਾਵਧਾਨੀ ਵਰਤਣੀ ਚਾਹੀਦੀ ਹੈ।