ਨਵੀਂ ਵਾਰਡਬੰਦੀ ਮੁਤਾਬਕ ਚੰਡੀਗੜ੍ਹ ’ਚ ਤਿਆਰ ਹੋ ਰਹੇ ਵਾਰਡਾਂ ਦੇ ਨਕਸ਼ੇ, ਜਲਦ ਹੀ ਨੋਟੀਫਿਕੇਸ਼ਨ ਹੋਣ ਦੀ ਸੰਭਾਵਨਾ
Monday, Jun 12, 2023 - 12:32 PM (IST)
 
            
            ਜਲੰਧਰ (ਖੁਰਾਣਾ) : ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਅਗਸਤ ਦੇ ਆਖਰੀ ਹਫਤੇ ਜਾਂ ਸਤੰਬਰ ’ਚ ਨਗਰ ਨਿਗਮ ਚੋਣਾਂ ਕਰਵਾਉਣ ਦੀ ਤਿਆਰੀ ਕਰ ਲਈ ਹੈ। ਇਸ ਲਈ ਜਲੰਧਰ ਨਿਗਮ ਦੀ ਵਾਰਡਬੰਦੀ ਨੂੰ ਫਾਈਨਲ ਰੂਪ ਦਿੱਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਕੁਝ ਹਫਤੇ ਪਹਿਲਾਂ ਚੰਡੀਗੜ੍ਹ ’ਚ ਹੋਈ ਡੀਲਿਮੀਟੇਸ਼ਨ ਬੋਰਡ ਦੀ ਬੈਠਕ ਦੌਰਾਨ ਵਾਰਡਬੰਦੀ ਦੇ ਜਿਸ ਖਰੜੇ ਨੂੰ ਮਨਜ਼ੂਰੀ ਦਿੱਤੀ ਗਈ ਤੇ ਉਸ ਦੀ ਸਾਫਟ ਕਾਪੀ ਨੂੰ ਸੋਸ਼ਲ ਮੀਡੀਆ ’ਚ ਲੀਕ ਕਰ ਦਿੱਤਾ ਗਿਆ। ਹੁਣ ਉਸ ਵਾਰਡਬੰਦੀ ’ਚ ਵੀ ਕੁਝ ਬਦਲਾਅ ਹੋ ਚੁੱਕੇ ਹਨ। ਨਵੀਆਂ ਤਬਦੀਲੀਆਂ ਅਧੀਨ ਕੁਝ ਐੱਸ.ਸੀ. ਰਿਜ਼ਰਵ ਵਾਰਡ ਜਨਰਲ ਸ਼੍ਰੇਣੀ ਦੇ ਕੀਤੇ ਗਏ ਹਨ, ਜਦਕਿ ਨਾਲ ਲੱਗਦੇ ਵਾਰਡਾਂ ਨੂੰ ਰਿਜ਼ਰਵ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਨਵੇਂ ਬਦਲਾਅ ਤਹਿਤ ਜੋ ਵਾਰਡ ਐੱਸ.ਸੀ. ਰਿਜ਼ਰਵ ਕਰ ਦਿੱਤੇ ਗਏ ਹਨ ਉਨ੍ਹਾਂ ’ਚ ਹਲਚਲ ਮਚੀ ਹੋਈ ਹੈ ਤੇ ਉਨ੍ਹਾਂ ਵਾਰਡਾਂ ’ਚ ਆਮ ਆਦਮੀ ਪਾਰਟੀ ਦੀ ਟਿਕਟ ਦੇ ਵੀ ਜੋ ਦਾਅਵੇਦਾਰ ਸਨ ਉਹ ਲਿਮਿਲਾਏ ਬੈਠੇ ਹਨ। ਪਤਾ ਲੱਗਾ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਨੇਤਾ ਦੋ-ਤਿੰਨ ਦਿਨ ’ਚ ਹੀ ਜਲੰਧਰ ਨਗਰ ਨਿਗਮ ਦੀ ਵਾਰਡਬੰਦੀ ਦਾ ਨੋਟੀਫਿਕੇਸ਼ਨ ਜਾਰੀ ਕਰਵਾ ਸਕਦੇ ਹਨ, ਜਿਸ ਤੋਂਬਾਅਦ ਆਮ ਪਬਲਿਕ ਤੋਂ ਇਤਰਾਜ਼ ਮੰਗਣ ਦੀ ਪ੍ਰਕਿਰਿਆ ਚਲਾਈ ਜਾਵੇਗੀ।
ਇਹ ਵੀ ਪੜ੍ਹੋ : ਹੁਣ ਸੈਲਾਨੀਆਂ ਨੂੰ ਨਹੀਂ ਕਰਨੀ ਪਵੇਗੀ ਸਿਰ-ਖਪਾਈ : ਪੰਜਾਬ ਟੂਰਿਜ਼ਮ ’ਚ ਆਨਲਾਈਨ ਹੋਣਗੀਆਂ ਸਹੂਲਤਾਂ
ਨਕਸ਼ਿਆਂ ਦੀ ਉਡੀਕ ’ਚ ਹੈ ਜ਼ਿਆਦਾਤਰ ਨੇਤਾ
ਸੋਸ਼ਲ ਮੀਡੀਆ ’ਚ ਵਾਰਡਬੰਦੀ ਦਾ ਜੋ ਡਰਾਫਟ ਘੁੰਮ ਰਿਹਾ ਹੈ ਉਸ ’ਚ ਕਈ ਵਾਰਡਾਂ ਦੀਆਂ ਸਰਹੱਦਾਂ ਇੰਝ ਲਿਖੀਆਂ ਗਈਆਂ ਹਨ ਜੋ ਵਧੇਰੇ ਲੋਕਾਂ ਦੀ ਸਮਝ ’ਚ ਨਹੀਂ ਆ ਰਹੀਆਂ। ਇਸ ਲਈ ਵਾਰਡਾਂ ਦੇ ਨਕਸ਼ਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਚੰਡੀਗੜ੍ਹ ’ਚ ਸਾਰੇ ਵਾਰਡਾਂ ਦੇ ਨਕਸ਼ੇ ਤਿਆਰ ਹੋ ਚੁੱਕੇ ਹਨ ਪਰ ਹਾਲ ਹੀ ’ਚ ਵਾਰਡਬੰਦੀ ਦੇ ਡਰਾਫਟ ’ਚ ਜੋ ਤਬਦੀਲੀ ਹੋਈ ਹੈ, ਹੁਣ ਉਨ੍ਹਾਂ ਨਕਸ਼ਿਆਂ ਨੂੰ ਉਸ ਹਿਸਾਬ ਨਾਲ ਬਦਲਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਡਰਾਫਟ ਨੋਟੀਫਾਈ ਹੁੰਦੇ ਹੀ ਸਬੰਧਤ ਵਾਰਡਾਂ ਦੇ ਨਕਸ਼ੇ ਜਲੰਧਰ ਨਿਗਮ ’ਚ ਭੇਜ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਸਮਾਰਟ ਸਿਟੀ ਦਾ ਪੈਸਾ ਖਾਣ ਵਾਲਿਆਂ ਨੂੰ ਹੁਣ ਵਿਜੀਲੈਂਸ ਜਾਂਚ ਦਾ ਡਰ ਸਤਾਉਣ ਲੱਗਾ, ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਖ਼ਰਾਬ ਹੋਈ
ਹੁਣ ਵੀ ਕਈ ਕਾਂਗਰਸੀ ‘ਆਪ’ ਵਿਚ ਜਾਣ ਨੂੰ ਤਿਆਰ
ਜਦੋਂ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ’ਤੇ ਕਬਜ਼ਾ ਕੀਤਾ ਹੈ, ਜਲੰਧਰ ਦੀ ਕਾਂਗਰਸ ’ਚ ਕਾਫੀ ਉਥਲ-ਪੁਥਲ ਹੋ ਚੁੱਕੀ ਹੈ ਤੇ ਸ਼ਹਿਰ ਦੇ ਕਈ ਕਾਂਗਰਸੀ ਨੇਤਾ ਆਮ ਆਦਮੀ ਪਾਰਟੀ ’ਚ ਜਾ ਚੁੱਕੇ ਹਨ। ਕਾਂਗਰਸ ਦੇ ਕਈ ਸਾਬਕਾ ਕੌਂਸਲਰ ਵੀ ਹੁਣ ‘ਆਪ’ ਦੀਆਂ ਟਿਕਟਾਂ ਦੇ ਦਾਅਵੇਦਾਰ ਹਨ। ਮੰਨਿਆ ਜਾ ਰਿਹਾ ਹੈ ਕਿ ਸੁਸ਼ੀਲ ਰਿੰਕੂ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਹੁਣ ਹੋਰ ਵੀ ਕਈ ਕਾਂਗਰਸੀ ਨੇਤਾ ‘ਆਪ’ ’ਚ ਜਾਣ ਨੂੰ ਤਿਆਰ ਹਨ। ਇਸ ਲਈ ਨਿਗਮ ਚੋਣਾਂ ਦਾ ਐਲਾਨ ਹੁੰਦੇ ਹੀ ਇਕ ਵਾਰ ਫਿਰ ਸਿਆਸੀ ਪਾਰਟੀ ’ਚ ਉਥਲ-ਪੁਥਲ ਹੋਣ ਦੇ ਚਾਂਸ ਹਨ।
ਇਹ ਵੀ ਪੜ੍ਹੋ : ਖੇਤੀ ਲਈ ਨਹਿਰੀ ਪਾਣੀ ਦੀ ਘਾਟ ਅਤੇ ਖੇਤੀ ਸਬੰਧੀ ਕਿਸਾਨਾਂ ਨੂੰ ਆ ਰਹੀਆਂ ਦਿੱਕਤਾਂ ਵੱਲ ਧਿਆਨ ਦੇਵੇ ਪੰਜਾਬ ਸਰਕਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            