ਵਕਫ਼ ਬੋਰਡ ਦਾ ਕਲਰਕ ਰਿਸ਼ਵਤ ਲੈਂਦਾ ਰੰਗੇੇ ਹੱਥੀਂ ਕਾਬੂ

Tuesday, Jun 09, 2020 - 09:23 PM (IST)

ਵਕਫ਼ ਬੋਰਡ ਦਾ ਕਲਰਕ ਰਿਸ਼ਵਤ ਲੈਂਦਾ ਰੰਗੇੇ ਹੱਥੀਂ ਕਾਬੂ

ਮਾਨਸਾ, (ਸੰਦੀਪ ਮਿੱਤਲ)- ਸੀਨੀਅਰ ਕਪਤਾਨ ਪੁਲਸ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਯੂਨਿਟ ਮਾਨਸਾ ਦੀ ਟੀਮ, ਜਿਸ ਦੀ ਅਗਵਾਈ ਉਪ ਕਪਤਾਨ ਪੁਲਸ ਸੰਦੀਪ ਸਿੰਘ ਕਰ ਰਹੇ ਸਨ, ਵਲੋਂ ਵਕਫ਼ ਬੋਰਡ ਮਾਨਸਾ ਦੇ ਦਫ਼ਤਰ ’ਚ ਤਾਇਨਾਤ ਕਲਰਕ ਜਾਵੇਦ ਇਕਬਾਲ ਨੂੰ ਸ਼ਿਕਾਇਤਕਰਤਾ ਜਗਦੀਸ਼ ਸਿੰਘ ਕੋਲੋਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਜਗਦੀਸ਼ ਸਿੰਘ ਵਾਸੀ ਕਲਾਣਾ, ਤਹਿਸੀਲ ਬੁਢਲਾਡਾ ਜ਼ਿਲਾ ਮਾਨਸਾ ਵਲੋਂ ਵਿਜੀਲੈਂਸ ਦਫ਼ਤਰ ਮਾਨਸਾ ਪੁੱਜ ਕੇ ਬਿਆਨ ਲਿਖਵਾਇਆ ਗਿਆ ਕਿ ਉਸ ਵਲੋਂ ਪਿੰਡ ਕਲਾਣਾ ਵਿਖੇ ਵਕਫ਼ ਬੋਰਡ ਦੀ ਮਾਲਕੀ ਵਾਲੀ ਕਰੀਬ 8 ਕਨਾਲ ਜ਼ਮੀਨ ਸਾਲ 1994 ਤੋਂ ਲੈ ਕੇ 2020 ਤੱਕ ਪਟੇ ’ਤੇ ਲਈ ਗਈ ਸੀ, ਜਿਸਦੀ ਲੀਜ਼ 31 ਮਾਰਚ 2020 ਨੂੰ ਖ਼ਤਮ ਹੋ ਗਈ ਸੀ, ਜਿਸ ’ਤੇ ਉਸ ਵੱਲੋਂ ਜ਼ਮੀਨ ਦੁਬਾਰਾ ਲੀਜ਼ ’ਤੇ ਲੈਣ ਲਈ ਅਪਲਾਈ ਕੀਤਾ ਗਿਆ ਅਤੇ ਵਕਫ਼ ਬੋਰਡ ਵੱਲੋਂ ਇਹ ਜ਼ਮੀਨ ਉਸ ਨੂੰ ਅੱਗੇ ਵਾਸਤੇ ਫਿਰ ਲੀਜ਼ ’ਤੇ ਦੇ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਬਾਅਦ ’ਚ ਵਕਫ਼ ਬੋਰਡ ਵਲੋਂ ਸ਼ਿਕਾਇਤਕਰਤਾ ਨੂੰ ਲੀਜ਼ ’ਤੇ ਲਈ ਜ਼ਮੀਨ ’ਚੋਂ 1 ਕਨਾਲ 5 ਮਰਲੇ ਜ਼ਮੀਨ ਨੂੰ ਕਮਰਸ਼ੀਅਲ ਲੀਜ਼ ’ਚ ਤਬਦੀਲ ਕਰਵਾਉਣ ਲਈ ਕਿਹਾ ਗਿਆ, ਜਿਸ ’ਤੇ ਸ਼ਿਕਾਇਤਕਰਤਾ ਨੇ ਇਹ ਜ਼ਮੀਨ ਵੀ ਕਮਰਸ਼ੀਅਲ ਲੀਜ਼ ’ਤੇ ਆਪਣੇ ਨਾਮ ਕਰਵਾ ਲਈ। ਉਨ੍ਹਾਂ ਦੱਸਿਆ ਕਿ ਜਿਸ ਦੇ ਕਿਰਾਏ ਦੀ ਇਵਜ਼ ’ਚ ਜਾਵੇਦ ਇਕਬਾਲ ਵੱਲੋਂ ਕੁਝ ਦਿਨ ਪਹਿਲਾਂ ਉਸ ਕੋਲੋਂ 47,000/ ਰੁਪਏ ਹਾਸਲ ਕਰ ਲਏ ਗਏ ਸੀ ਪਰ ਇਸ ਦੀ ਕੋਈ ਰਸੀਦ ਜਾਰੀ ਨਹੀਂ ਸੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਵਕਫ਼ ਬੋਰਡ ਦੀ ਕਰੀਬ 1,16,000/ ਰੁਪਏ ਦੀ ਹੋਰ ਰਾਸ਼ੀ ਭਰਾਉਣ ਯੋਗ ਬਣਦੀ ਸੀ, ਪਰ ਉਕਤ ਕਲਰਕ ਸ਼ਿਕਾਇਤ ਕਰਤਾ ਵੱਲੋਂ 50,000/ ਰੁਪਏ ਦੀ ਹੋਰ ਵਾਧੂ ਰਕਮ ਰਿਸ਼ਵਤ ਵਜੋਂ ਮੰਗ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਮਿੰਨਤ ਤਰਲਾ ਕਰਨ ’ਤੇ ਉਹ 20,000/ ਰੁਪਏ ਰਿਸ਼ਵਤ ਲੈ ਕੇ ਲੀਜ਼ ਡੀਡ ਸਬੰਧੀ ਰਸੀਦਾਂ ਜਾਰੀ ਕਰਨ ਲਈ ਰਾਜ਼ੀ ਹੋ ਗਿਆ। ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਇਸ ਸਬੰਧ ’ਚ ਮੁਕੱਦਮਾ ਦਰਜ ਕਰ ਕੇ ਕਲਰਕ ਜਾਵੇਦ ਇਕਬਾਲ ਨੂੰ ਟਰੈਪ ਲਗਾ ਦੇ ਉਸਦੇ ਦਫ਼ਤਰ ’ਚੋਂ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਕਾਬੂ ਕੀਤਾ ਗਿਆ ਅਤੇ ਉਸ ਕੋਲੋਂ ਰਿਸ਼ਵਤ ਵਜੋਂ ਹਾਸਲ ਕੀਤੀ ਗਈ ਰਕਮ 20,000 ਰੁਪਏ ਬਰਾਮਦ ਕੀਤੀ ਗਈ।


author

Bharat Thapa

Content Editor

Related News