ਮਾਸਕ ਪਾ ਕੇ ਜਵਾਨ ਵਾਹਗਾ ਬਾਰਡਰ ''ਤੇ ਲਗਾਤਾਰ ਕਰ ਰਹੇ ਪਰੇਡ

6/6/2020 1:58:50 PM

ਅੰਮ੍ਰਿਤਸਰ (ਅਨੂ ਪੁਰੀ) : ਵਾਹਗਾ ਬਾਰਡਰ ਜਿੱਥੇ ਕੋਵਿਡ-19 ਤੋਂ ਪਹਿਲਾਂ ਦੇਸ਼ ਭਗਤੀ ਦਾ ਜਲਵਾ ਵੇਖਣ ਵਾਲਾ ਹੁੰਦਾ ਸੀ, ਉੱਥੇ ਹੁਣ ਚਾਰੇ ਪਾਸੇ ਪੱਸਰੀ ਸੁੰਨਸਾਨ ਸੀਨੇ ਨੂੰ ਚੀਰ ਜਾਂਦੀ ਹੈ। ਤਾਲਾਬੰਦੀ ਤੋਂ ਪਹਿਲਾਂ ਦੇਰ ਸ਼ਾਮ ਦੋਵਾਂ ਦੇਸ਼ਾਂ ਦੇ ਜਵਾਨ ਜੋਸ਼ੀਲੀ ਪਰੇਡ ਨਾਲ ਹਜ਼ਾਰਾਂ ਦਰਸ਼ਕਾਂ ਨੂੰ ਮੋਹ ਲੈਂਦੇ ਸਨ ਅਤੇ ਦੇਸ਼ ਭਗਤੀ ਦਾ ਜਾਦੂ ਸਿਰ ਚੜ ਕੇ ਬੋਲਦਾ ਸੀ। ਦੋਵਾਂ ਦੇਸ਼ਾਂ ਦੇ ਜਵਾਨ ਚੌੜੀਆਂ ਛਾਤੀਆਂ ਨਾਲ ਜਦੋਂ ਇਕ-ਦੂਜੇ ਦੇ ਸਾਹਮਣੇ ਹੁੰਦੇ ਤਾਂ ਦਰਸ਼ਕਾਂ ਦੇ ਸਾਹ ਰੁਕ ਜਾਂਦੇ ਸਨ। ਕੋਵਿਡ-19 ਕਾਰਨ ਇੱਥੇ ਭਾਵੇਂ ਦਰਸ਼ਕਾਂ ਦੀ ਆਮਦ ਰੋਕ ਦਿੱਤੀ ਗਈ ਹੈ ਪਰ ਪੂਰੇ ਅਦਬ ਨਾਲ ਝੰਡਾ ਉਤਰਨ ਦੀ ਰਸਮ ਅਜੇ ਵੀ ਜਾਰੀ ਹੈ। ਡ੍ਰੈੱਸ ਕੋਡ 'ਚ ਮਾਸਕ ਸ਼ਾਮਲ ਨਹੀਂ ਹੈ ਪਰ ਹੁਣ ਜਿੰਨੇ ਵੀ ਭਾਰਤੀ ਜਵਾਨ ਪਰੇਡ 'ਚ ਸ਼ਾਮਲ ਹੁੰਦੇ ਹਨ, ਉਹ ਮਾਸਕ ਪਾ ਕੇ ਹੀ ਪਰੇਡ ਦਾ ਹਿੱਸਾ ਬਣਦੇ ਹਨ।      

ਇਹ ਵੀ ਪੜ੍ਹੋ : ਘੱਲੂਘਾਰਾ ਦਿਹਾੜੇ ਮੌਕੇ ਜਥੇਦਾਰ ਸਾਹਿਬ ਦਾ ਅਹਿਮ ਬਿਆਨ, ਖਾਲਿਸਤਾਨ ਦੀ ਭਰੀ ਹਾਮੀ

ਅੰਮ੍ਰਿਤਸਰ ਦੇ ਉੱਘੇ ਪੱਤਰਕਾਰ ਰੌਬਿਨ ਸਿੰਘ ਵਲੋਂ ਵਾਹਗਾ ਬਾਰਡਰ ਦੀ ਕੀਤੀ ਗਈ ਰਿਪੋਰਟਿੰਗ ਨੇ ਵਾਹਗਾ ਬਾਰਡਰ ਦੇ ਗਹਿਮਾ-ਗਹਿਮੀ ਵਾਲੇ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ । ਆਸ ਪ੍ਰਗਟਾਈ ਜਾ ਰਹੀ ਹੈ ਕਿ ਰਿਟਰੀਟ ਸੈਰਾਮਨੀ ਵੇਖਣ ਦੀ ਹਜ਼ਾਰਾਂ ਲੋਕਾਂ ਦੀ ਇੱਛਾ ਜਲਦੀ ਹੀ ਪੂਰੀ ਹੋਵੇ। ਵਿਸ਼ਵ ਸਿਹਤ ਸੰਗਠਨ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੇ ਜਾਣ ਤੋਂ ਬਾਅਦ ਭਾਰਤ ਸਰਕਾਰ ਵਲੋਂ ਅਟਾਰੀ ਬਾਰਡਰ 'ਤੇ ਹੋਣ ਵਾਲੀ ਰਿਟਰੀਟ ਸੈਰਾਮਨੀ ਦੌਰਾਨ ਹੋਣ ਵਾਲੇ ਇਕੱਠ 'ਤੇ ਪਾਬੰਦੀ ਲਾ ਦਿੱਤੀ ਗਈ ਸੀ । ਦੱਸਣਯੋਗ ਹੈ ਕਿ ਅੱਜ ਵੀ ਰਿਟਰੀਟ ਸੈਰਾਮਨੀ ਪਹਿਲਾਂ ਵਾਂਗ ਹੀ ਹੋ ਰਹੀ ਪਰ ਅਜੇ ਉੱਥੇ ਸੈਲਾਨੀਆਂ ਦੇ ਜਾਣ 'ਤੇ ਪਾਬੰਦੀ ਹੈ ।

ਇਹ ਵੀ ਪੜ੍ਹੋ : ਕੇਂਦਰ ਦੇ ਰਵੱਈਏ 'ਤੇ ਅਫ਼ਸੋਸ ਜ਼ਾਹਰ ਕਰਦਿਆਂ ਬੋਲੇ ਕੈਪਟਨ, 'ਔਖੇ ਵੇਲੇ ਨਹੀਂ ਫੜ੍ਹੀ ਪੰਜਾਬ ਦੀ ਬਾਂਹ'


Anuradha

Content Editor Anuradha