ਲੁਧਿਆਣਾ ''ਚ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਸ਼ੁਰੂ

11/16/2017 3:48:30 PM

ਲੁਧਿਆਣਾ : ਡਿਪਟੀ ਕਮਿਸ਼ਨਰ ਲੁਧਿਆਣਾ ਪਰਦੀਪ ਅਗਰਵਾਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ, 2018 ਨੂੰ ਆਧਾਰ ਮੰਨ ਕੇ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ 15 ਨਵੰਬਰ ਤੋਂ 14 ਦਸੰਬਰ, 2017 ਤੱਕ ਕੀਤਾ ਜਾਣਾ ਹੈ, ਇਸ ਨੂੰ ਪੂਰੀ ਤਰਾਂ ਕਾਮਯਾਬ ਕਰਨ ਲਈ ਜ਼ਿਲੇ ਦੀਆਂ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਪ੍ਰੋਗਰਾਮ ਭਾਰਤ ਚੋਣ ਕਮਿਸ਼ਨ ਵੱਲੋਂ ਹਰ ਸਾਲ ਜਾਰੀ ਕੀਤਾ ਜਾਂਦਾ ਹੈ ਅਤੇ ਇਸ ਨੂੰ ਅਗਾਮੀ ਨਗਰ ਨਿਗਮ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਨਾਲ ਜੋੜ ਕੇ ਨਾ ਦੇਖਿਆ ਜਾਵੇ, ਇਸ ਸੁਧਾਈ ਪ੍ਰੋਗਰਾਮ ਦਾ ਇਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਿਆਸੀ ਪਾਰਟੀਆਂ ਬੂਥ ਲੈਵਲ ਅਫਸਰ ਦੇ ਨਾਲ ਆਪਣਾ ਇੱਕ-ਇੱਕ ਬੂਥ ਲੈਵਲ ਏਜੰਟ ਨਿਯੁਕਤ ਕਰ ਸਕਦੀਆਂ ਹਨ, ਜਿਸ ਦਾ ਪੂਰਾ ਬਾਇਓ ਡਾਟਾ ਸਮੇਤ ਫੋਟੋ ਜ਼ਿਲਾ ਪ੍ਰਸ਼ਾਸ਼ਨ ਨੂੰ ਅਗੇਤਾ ਭੇਜਣਾ ਜ਼ਰੂਰੀ ਹੋਵੇਗਾ ਤਾਂ ਕਿ ਉਸ ਨੂੰ ਸ਼ਨਾਖਤੀ ਕਾਰਡ ਜਾਰੀ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਹੱਥ ਨਾਲ ਵੋਟ ਫਾਰਮ ਭਰਨ ਦੀ ਬਜਾਏ ਆਨਲਾਈਨ ਪੋਰਟਲ ਦੀ ਵਧੇਰੇ ਵਰਤੋਂ ਕੀਤੀ ਜਾਵੇ, ਜੋ ਕਿ ਅਸਾਨ ਅਤੇ ਡਾਟਾ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਈ ਸਿੱਧ ਹੋਵੇਗਾ ਅਤੇ ਫਾਰਮ ਆਨਲਾਈਨ ਕਰਦੇ ਸਮੇਂ ਜਨਮ ਮਿਤੀ ਜਾਂ ਰਿਹਾਇਸ਼ ਦਾ ਪਰੂਫ ਨਾਲ ਨੱਥੀ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ ਦੀ ਡਰਾਫਟ ਪ੍ਰਕਾਸ਼ਨਾ 15 ਨਵੰਬਰ, 2017 ਨੂੰ ਕੀਤੀ ਗਈ ਹੈ। ਇਸ ਸਬੰਧੀ ਦਾਅਵੇ ਅਤੇ ਇਤਰਾਜ਼ 14 ਦਸੰਬਰ, 2017 ਤੱਕ ਦਿੱਤੇ ਜਾ ਸਕਣਗੇ। 3 ਜਨਵਰੀ, 2018 ਤੱਕ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਮਿਤੀ 13 ਜਨਵਰੀ, 2018 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦੌਰਾਨ ਜਿਸ ਕਿਸੇ ਨੇ ਵੀ ਨਵੀਂ ਵੋਟ ਬਣਾਉਣੀ ਹੈ ਜਾਂ ਕੋਈ ਦਰੁੱਸਤੀ ਕਰਵਾਉਣੀ ਹੈ ਜਾਂ ਵੋਟ ਕਟਵਾਉਣੀ ਹੈ ਤਾਂ ਆਪਣੇ ਬੀ. ਐਲ.ਓ. ਨਾਲ ਰਾਬਤਾ ਕਰ ਸਕਦਾ ਹੈ। ਮਿਤੀ 15 ਨਵੰਬਰ ਤੋਂ 30 ਨਵੰਬਰ ਤੱਕ ਬੀ.ਐਲ. ਓ. ਰਾਹੀਂ ਘਰ-ਘਰ ਜਾ ਕੇ ਵੋਟਰਾਂ ਦੇ ਵੇਰਵੇ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਇਸ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਜ਼ਿਲਾ ਚੋਣ ਦਫ਼ਤਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।  


Related News