ਵੋਟਰ ਸੂਚੀ ਵਿਚ ਰਜਿਸਟਰੇਸ਼ਨ ਅਤੇ ਵੇਰਵਿਆਂ ਵਿਚ ਸੋਧ ਲਈ ਸ਼ੁਰੂ ਕੀਤੀ ਜਾਵੇਗੀ ਵਿਸ਼ੇਸ਼ ਮੁਹਿੰਮ : ਡਾ. ਰਾਜੂ
Friday, Aug 13, 2021 - 05:29 PM (IST)

ਚੰਡੀਗੜ੍ਹ : ਪੰਜਾਬ ਵਿਚ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਵੋਟਰ ਸੂਚੀ ਦੀ ਸੋਧ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਗਈ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਕੋਵਿਡ19 ਮਹਾਮਾਰੀ ਦੇ ਮੱਦੇਨਜ਼ਰ ਮੌਜੂਦਾ ਸਥਿਤੀ ਵਿਚ ਚੋਣਾਂ ਕਰਵਾਉਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਚੋਣ ਕਮਿਸ਼ਨ ਇਸ ਅਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਡਾ. ਰਾਜੂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਵੋਟਰ ਸੂਚੀ ਵਿਚ ਵੇਰਵੇ ਰਜਿਸਟਰ ਕਰਨ, ਹਟਾਉਣ ਅਤੇ ਸੋਧਣ ਲਈ ਮਿਤੀ 01.01.2022 ਤੋਂ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਹੋ ਰਹੀ ਹੈ। ਇਸ ਵਿਸ਼ੇਸ਼ ਮੁਹਿੰਮ ਨੂੰ ਸਪੈਸ਼ਲ ਸਮਰੀ ਰਿਵੀਜ਼ਨ ਵਜੋਂ ਜਾਣਿਆ ਜਾਂਦਾ ਹੈ, ਇਸ ਨਾਲ ਨਾਗਰਿਕਾਂ ਨੂੰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਅਤੇ ਆਫਲਾਈਨ ਜਾਂ ਆਨਲਾਈਨ ਮਾਧਿਅਮ ਰਾਹੀਂ ਆਪਣੇ ਚੋਣ ਵੇਰਵਿਆਂ ਦੀ ਤਸਦੀਕ ਕਰਨ ਦਾ ਮੌਕਾ ਮਿਲਦਾ ਹੈ। ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਇਹ ਮੁਹਿੰਮ ਸੂਬੇ ਭਰ ਵਿਚ ਹਰੇਕ ਜ਼ਿਲ੍ਹੇ ਵਿਚ ਹਲਕਾ ਪੱਧਰ ਤੋਂ ਲੈ ਕੇ ਬੂਥ ਪੱਧਰ ਤੱਕ ਵਿਆਪਕ ਰੂਪ ਵਿਚ ਚਲਾਈ ਜਾਵੇਗੀ। ਬੂਥ ਲੈਵਲ ਅਫ਼ਸਰਾਂ (ਬੀਐਲਓਜ਼) ਵੱਲੋਂ 09.08.2021 ਤੋਂ 31.10.2021 ਵਿਚਕਾਰ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾਵੇਗਾ ਤਾਂ ਜੋ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਸਕੇ ਅਤੇ ਮੌਜੂਦਾ ਪਾੜੇ ਨੂੰ ਦੂਰ ਕੀਤਾ ਜਾ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਵੋਟਰ ਸੂਚੀਆਂ ਵਿਚ ਸੁਧਾਰ ਲਿਆਉਣ ਅਤੇ ਸਾਰੇ ਯੋਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਸਾਰੇ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਹਰ ਸਾਲ ਦੇ ਅੰਤ ਵਿਚ ਸਪੈਸ਼ਲ ਸਮਰੀ ਰਿਵੀਜ਼ਨ ਕੀਤੀ ਜਾਂਦੀ ਹੈ। ਉਹ ਲੋਕ ਜੋ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਨਹੀਂ ਕਰਾ ਸਕੇ ਅਤੇ ਜਿਹੜੇ ਵੋਟਰਾਂ ਨੂੰ ਵੋਟਰ ਸੂਚੀਆਂ ਵਿਚ ਗਲਤੀਆਂ ਮਿਲਦੀਆਂ ਹਨ ਜਾਂ ਜਿਹੜੇ ਵੋਟਰ ਕਿਸੇ ਹੋਰ ਹਲਕੇ ਵਿਚ ਚਲੇ ਗਏ ਹਨ, ਉਹ 1 ਜਨਵਰੀ, 2022 ਸਪੈਸ਼ਲ ਸਮਰੀ ਰਿਵੀਜ਼ਨ ਦੀ ਵਰਤੋਂ ਕਰ ਸਕਦੇ ਹਨ, ਜਿਨ੍ਹਾਂ ਦੀ ਉਮਰ 18 ਸਾਲ ਪੂਰੀ ਹੋ ਚੁੱਕੀ ਹੈ ਜਾਂ ਜੋ ਮਿਤੀ 01.01.2022 ਤੋਂ ਪਹਿਲਾਂ 18 ਸਾਲ ਦੇ ਹੋ ਜਾਣਗੇ।ਸੀਈਓ ਨੇ ਕਿਹਾ ਕਿ ਜਨਸੰਖਿਆ ਰਜਿਸਟਰ ਅਨੁਸੂਚੀ ਵਿਚ ਇੰਦਰਾਜ਼ਾਂ, ਮਲਟੀਪਲ ਐਂਟਰੀਆਂ ਅਤੇ ਤਰਕਸੰਗਤ ਗਲਤੀ ਨੂੰ ਹਟਾਉਣ ਦੀ ਪ੍ਰਕਿਰਿਆ 09.08.2021 ਤੋਂ 31.10.2021 ਵਿਚਕਾਰ ਹੋਵੇਗੀ। ਇਸ ਉਪਰੰਤ 01.11.2021 ਨੂੰ ਡਰਾਫਟ ਪ੍ਰਕਾਸ਼ਤ ਕੀਤਾ ਜਾਵੇਗਾ। ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ 01.11.2021 ਤੋਂ 30.11.2021 ਵਿਚਕਾਰ ਰੱਖੀ ਗਈ ਹੈ। ਸਾਰੇ ਪੋਲਿੰਗ ਸਟੇਸ਼ਨਾਂ 'ਤੇ 06.11.2021, 07.11.2021, 20.11.2021 ਅਤੇ 21.11.2021 ਨੂੰ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ।.
ਉਨ੍ਹਾਂ ਕਿਹਾ ਕਿ ਸੋਧੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਈਸੀਆਈ ਵੱਲੋਂ ਸੀਨੀਅਰ ਨਾਗਰਿਕਾਂ (80 ਸਾਲ ਤੋਂ ਵੱਧ), ਵੋਟਰ ਸੂਚੀ ਵਿੱਚ ਦਿਵਿਆਂਗ ਵਿਅਕਤੀਆਂ ਅਤੇ ਕੋਵਿਡ -19 ਦੇ ਸ਼ੱਕੀ ਜਾਂ ਪ੍ਰਭਾਵਤ ਵਿਅਕਤੀਆਂ ਨੂੰ ਪੋਸਟਲ ਬੈਲਟਸ (ਪੀਬੀ) ਪੇਪਰ ਰਾਹੀਂ ਵੋਟਿੰਗ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। 80 ਤੋਂ ਵੱਧ ਵੋਟਰਾਂ ਅਤੇ ਅਪਾਹਜ ਵਿਅਕਤੀਆਂ ਲਈ ਪੋਸਟਲ ਬੈਲਟ ਸੁਵਿਧਾ ਇੱਕ ਅਜਿਹੀ ਹੀ ਪਹਿਲ ਹੈ। ਡਾ. ਰਾਜੂ ਨੇ ਕਿਹਾ ਕਿ ਬੀ.ਐਲ.ਓਜ਼ ਸਾਰੇ ਘਰਾਂ ਦਾ ਦੌਰਾ ਕਰਕੇ ਚੋਣ ਵੇਰਵਿਆਂ ਦੀ ਤਸਦੀਕ ਕਰਨਗੇ। ਨਾਗਰਿਕ ਟੋਲ ਫ੍ਰੀ ਹੈਲਪ ਲਾਈਨ ਨੰ. 1950, ਮੋਬਾਈਲ ਐਪ (Voter Helpline), ਰਾਸ਼ਟਰੀ ਵੋਟਰ ਸੇਵਾ ਪੋਰਟਲ (nvsp.in) ਤੋਂ ਆਪਣੇ ਵੇਰਵਿਆਂ ਦੀ ਤਸਦੀਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਉਹ ਕਾਮਨ ਸਰਵਿਸ ਸੈਂਟਰਾਂ (ਸੀਐਸਸੀ) ਦਾ ਦੌਰਾ ਕਰ ਸਕਦੇ ਹਨ ਜਾਂ ਬੀਐਲਓਜ਼ ਨੂੰ ਫਾਰਮ ਭਰ ਕੇ ਇਸ ਦੀ ਹਾਰਡ ਕਾਪੀ ਜਮ੍ਹਾਂ ਕਰਵਾ ਸਕਦੇ ਹਨ।