ਵਾਰਡ ਨੰ. 44 ''ਚ ਮੁੜ ਚੋਣਾਂ, ਵੋਟਰਾਂ ''ਚ ਦਿਸਿਆ ਉਤਸ਼ਾਹ

02/27/2018 5:22:38 AM

ਲੁਧਿਆਣਾ(ਪੰਕਜ)-ਰਾਜ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਵਾਰਡ ਨੰਬਰ 44 ਦੇ ਬੂਥ ਨੰਬਰ 2 ਅਤੇ 3 'ਤੇ ਅੱਜ ਮੁੜ ਪਈਆਂ ਵੋਟਾਂ ਦੌਰਾਨ ਤਣਾਅਪੂਰਨ ਮਾਹੌਲ ਹੋਣ ਦੇ ਬਾਵਜੂਦ ਵੋਟਰਾਂ 'ਚ ਕਾਫੀ ਉਤਸ਼ਾਹ ਦਿਖਾਈ ਦਿੱਤਾ।  ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਵੋਟਿੰਗ ਪ੍ਰਕਿਰਿਆ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਆਪਣੇ ਉਮੀਦਵਾਰਾਂ ਦੇ ਹੱਕ 'ਚ ਡੇਰਾ ਜਮਾਈ ਰੱਖਿਆ। ਇਸ ਦੌਰਾਨ ਦੋਵਾਂ ਬੂਥਾਂ 'ਤੇ ਕੁਲ 1659 ਵੋਟਾਂ ਵਿਚੋਂ 1134 ਪੋਲ ਹੋਈਆਂ। ਦੁੱਗਰੀ ਸਥਿਤ ਵਾਰਡ ਨੰ. 44 ਦੇ ਬੂਥ ਨੰਬਰ 2 ਅਤੇ 3 'ਤੇ ਮੁੜ ਵੋਟਾਂ ਪੈਣ ਪਿੱਛੇ ਹਾਲਾਂਕਿ ਵੱਖ-ਵੱਖ ਕਾਰਨ ਚਰਚਾ ਦਾ ਵਿਸ਼ਾ ਬਣੇ ਰਹੇ ਪਰ ਅਧਿਕਾਰਤ ਤੌਰ 'ਤੇ ਜਿਥੇ ਇਸ ਲਈ ਈ. ਵੀ. ਐੱਮ. ਵਿਚ ਪਈਆਂ ਕੁੱਲ ਵੋਟਾਂ ਦੇ ਮੁਕਾਬਲੇ ਪੋਲਿੰਗ ਸਟਾਫ ਦੇ ਰਿਕਾਰਡ 'ਚ ਦਰਜ ਵੋਟਾਂ ਵਿਚ ਫਰਕ ਵਜ੍ਹਾ ਰਿਹਾ।
ਡਟੀ ਰਹੀ ਸੀਨੀਅਰ ਲੀਡਰਸ਼ਿਪ
ਮੁੜ ਵੋਟਾਂ ਪੈਣ ਦੌਰਾਨ ਆਪਣੇ ਉਮੀਦਵਾਰਾਂ ਦੀ ਮਦਦ ਅਤੇ ਵੋਟਰਾਂ ਨੂੰ ਰਿਝਾਉਣ ਲਈ ਸਿਆਸੀ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਨੇ ਸਾਰਾ ਦਿਨ ਬੂਥਾਂ 'ਤੇ ਡੇਰਾ ਰਮਾਈ ਰੱਖਿਆ। ਹਾਲਾਂਕਿ ਇਸ ਦੌਰਾਨ ਵੋਟਰਾਂ ਲਈ ਮਾਹੌਲ ਤਣਾਅਪੂਰਨ ਰਿਹਾ ਪਰ ਆਗੂ ਇਕ-ਦੂਜੇ ਦੇ ਨਾਲ ਦੋਸਤਾਨਾ ਪੂਰਨ ਰਹੇ। ਇਸ ਮੌਕੇ ਸ਼੍ਰੋਅਦ ਦੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਜ਼ਿਲਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਗੁਰਦੀਪ ਸਿੰਘ ਗੋਸ਼ਾ, ਤਜਿੰਦਰ ਸਿੰਘ ਡੰਗ, ਕਾਂਗਰਸ ਵੱਲੋਂ ਵਿਧਾਇਕ ਕੁਲਦੀਪ ਵੈਦ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜ, ਲੋਕ ਇਨਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ, ਸਿਮਰਜੀਤ ਬੈਂਸ (ਦੋਵੇਂ ਵਿਧਾਇਕ), ਪ੍ਰੇਮ ਮਿੱਤਲ, ਕਾਕਾ ਸੂਦ ਸਮੇਤ ਹੋਰ ਸੀਨੀਅਰ ਆਗੂ ਮੌਜੂਦ ਰਹੇ।
ਆਗੂਆਂ 'ਚ ਯਾਰੀ, ਵਰਕਰਾਂ ਵਿਚ ਮਾਰੋਮਾਰੀ 
ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂਆਂ 'ਚ ਇਕ-ਦੂਜੇ ਪ੍ਰਤੀ ਜਾਗਿਆ ਪਿਆਰ ਵੋਟਰਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਵਿਰੋਧੀ ਆਗੂਆਂ ਨੂੰ ਇਕ-ਦੂਜੇ ਦੇ ਗਲੇ ਲੱਗਦੇ ਦੇਖ ਕੇ ਵੋਟਰਾਂ 'ਚ ਇਸ ਗੱਲ ਸਬੰਧੀ ਗੁਫਤਗੂ ਹੁੰਦੀ ਰਹੀ ਕਿ 'ਆਗੂਆਂ 'ਚ ਯਾਰੀ, ਵਰਕਰਾਂ ਵਿਚ ਮਾਰਾਮਾਰੀ' ਅੱਜ ਪ੍ਰਤੱਖ ਦੇਖਣ ਨੂੰ ਮਿਲ ਗਈ।
ਸੁਰੱਖਿਆ ਦੇ ਰਹੇ ਸਖ਼ਤ ਇੰਤਜ਼ਾਮ
ਦੁਬਾਰਾ ਵੋਟਾਂ ਪੈਣ ਦੌਰਾਨ ਅੱਜ ਕਿਸੇ ਵੀ ਤਰ੍ਹਾਂ ਦੇ ਝਗੜੇ ਨੂੰ ਨਜਿੱਠਣ ਲਈ ਜਿਥੇ ਭਾਰੀ ਗਿਣਤੀ 'ਚ ਪੁਲਸ ਮੁਲਾਜ਼ਮ ਤਾਇਨਾਤ ਰਹੇ, ਉਥੇ ਪੋਲਿੰਗ ਸਟੇਸ਼ਨਾਂ 'ਚ ਵੋਟਰਾਂ ਅਤੇ ਉਮੀਦਵਾਰਾਂ ਤੋਂ ਇਲਾਵਾ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਕੁਝ ਆਗੂ ਪੁਲਸ ਨਾਲ ਬਹਿਸ ਕਰਦੇ ਵੀ ਦਿਖਾਈ ਦਿੱਤੇ।
ਨੌਜਵਾਨਾਂ ਅਤੇ ਬਜ਼ੁਰਗਾਂ 'ਚ ਦਿਸਿਆ ਜੋਸ਼
ਰੀ-ਪੋਲਿੰਗ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਦੇ ਨਾਲ-ਨਾਲ ਬਜ਼ੁਰਗਾਂ ਵਿਚ ਵੀ ਵੋਟ ਪਾਉਣ ਸਬੰਧੀ ਭਾਰੀ ਜੋਸ਼ ਦੇਖਣ ਨੂੰ ਮਿਲਿਆ। ਸਵੇਰ ਮਤਦਾਨ ਸ਼ੁਰੂ ਹੁੰਦੇ ਹੀ ਜਿਥੇ ਬਜ਼ੁਰਗ ਵੋਟਰਾਂ ਨੇ ਪਹਿਲਾਂ ਵੋਟ ਪਾਉਣ ਦਾ ਜਜ਼ਬਾ ਦਿਖਾਇਆ, ਉਥੇ ਬਾਅਦ ਦੁਪਹਿਰ ਕਾਲਜ ਅਤੇ ਕੰਮ ਤੋਂ ਪਰਤੇ ਨੌਜਵਾਨ ਵੋਟਰਾਂ ਦਾ ਪੋਲਿੰਗ ਬੂਥਾਂ 'ਤੇ ਪੂਰਾ ਜ਼ੋਰ ਰਿਹਾ।


Related News