ਲੁਧਿਆਣਾ : ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਸ਼ੁਰੂ
Saturday, Sep 22, 2018 - 09:19 AM (IST)

ਲੁਧਿਆਣਾ (ਸੰਜੇ ਗਰਗ) : ਜ਼ਿਲਾ ਲੁਧਿਆਣਾ ਅਧੀਨ ਪੈਂਦੇ 13 ਬਲਾਕਾਂ ਲਈ ਪਈਆਂ ਬਲਾਕ ਸੰਮਤੀ ਅਤੇ ਜ਼ਿਲਾ ਪਰਿਸ਼ਦ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਵੋਟਾਂ ਦੀ ਗਿਣਤੀ ਦਾ ਕੰਮ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਕੀਤਾ ਗਿਆ ਹੈ ਅਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਗਿਣਤੀ ਕੇਂਦਰਾਂ ਅੰਦਰ ਜਾਣ ਦੀ ਇਜਾਜ਼ਤ ਨਹੀਂ। ਗਿਣਤੀ ਕੇਂਦਰਾਂ ਦੇ ਬਾਹਰ 100 ਮੀਟਰ ਤੱਕ ਕਿਸੇ ਵੀ ਵਿਅਕਤੀ ਦੇ ਆਉਣ-ਜਾਣ 'ਤੇ ਰੋਕ ਲਾਈ ਹੋਈ ਹੈ।
ਜ਼ਿਲੇ ਅੰਦਰ 13 ਥਾਵਾਂ 'ਤੇ ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਸ਼ੁਰੂ ਕੀਤਾ ਗਿਆ ਹੈ ਅਤੇ ਸਭ ਤੋਂ ਪਹਿਲਾਂ ਬਕਸੇ ਖੋਲ੍ਹ•ਕੇ ਬੈਲਟ ਪੇਪਰ ਇੱਕਠੇ ਕੀਤੇ ਜਾ ਰਹੇ ਹਨ। ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਗਿਣਤੀ ਲਈ ਸਖ਼ਤ ਸੁਰੱਖਿਆ ਅਤੇ ਹੋਰ ਪ੍ਰਬੰਧ ਕੀਤੇ ਗਏ ਹਨ। ਗਿਣਤੀ ਲਈ 1200 ਤੋਂ ਵਧੇਰੇ ਦਾ ਸਟਾਫ਼ ਤਾਇਨਾਤ ਕੀਤਾ ਗਿਆ ਹੈ।
ਬਲਾਕ ਡੇਹਲੋਂ ਦੀ ਗਿਣਤੀ ਮਾਲਵਾ ਖਾਲਸਾ ਸਕੂਲ ਸਿਵਲ ਲਾਈਨਜ਼ ਲੁਧਿਆਣਾ, ਦੋਰਾਹਾ ਦੀ ਗਿਣਤੀ ਗੁਰੂ ਨਾਨਕ ਨੈਸ਼ਨਲ ਕਾਲਜ, ਜਗਰਾਓਂ ਦੀ ਲਾਲਾ ਲਾਜਪਤ ਰਾਏ (ਡੀ.ਏ.ਵੀ. ਕਾਲਜ), ਖੰਨਾ ਦੀ ਏ. ਐੱਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ-1 ਦੀ ਸਰਕਾਰੀ ਕਾਲਜ (ਲੜਕੇ) ਵਿਖੇ, ਲੁਧਿਆਣਾ-2 ਦੀ ਖਾਲਸਾ ਕਾਲਜ (ਲੜਕੀਆਂ), ਮਾਛੀਵਾੜਾ ਦੀ ਐੱਸ. ਐੱਸ. ਡੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮਲੌਦ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਪੱਖੋਵਾਲ ਦੀ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ, ਰਾਏਕੋਟ ਦੀ ਐੱਸ. ਜੀ. ਜੀ. ਐੱਸ. ਐੱਸ. ਸਕੂਲ ਪਿੰਡ ਗੋਂਦਵਾਲ, ਸਮਰਾਲਾ ਦੀ ਮਾਲਵਾ ਕਾਲਜ ਬੋਂਦਲੀ ਵਿਖੇ, ਸਿੱਧਵਾਂ ਬੇਟ ਦੀ ਗੁਰੂ ਅਰਜਨ ਦੇਵ ਪੋਲੀਟੈਕਨਿਕ ਕਾਲਜ ਅਤੇ ਬਲਾਕ ਸੁਧਾਰ ਦੀ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਚੱਲ ਰਹੀ ਹੈ।