ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਲਈ ਚੰਗੀ ਖ਼ਬਰ, ਸਰਕਾਰ ਨੇ ਲਿਆ ਇਹ ਫ਼ੈਸਲਾ

Thursday, Jul 27, 2023 - 09:34 AM (IST)

ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਲਈ ਚੰਗੀ ਖ਼ਬਰ, ਸਰਕਾਰ ਨੇ ਲਿਆ ਇਹ ਫ਼ੈਸਲਾ

ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਸਰਕਾਰ ਦੇ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਹੀ ਨਹੀਂ, ਸਗੋਂ ਉਨ੍ਹਾਂ ਦੀ ਵੋਕੇਸ਼ਨਲ ਟ੍ਰੇਨਿੰਗ ਵੱਲ ਵੀ ਮਜ਼ਬੂਤ ਕਦਮ ਚੁੱਕੇ ਜਾ ਰਹੇ ਹਨ। ਸੂਬਾ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ ਐੱਨ. ਐੱਸ. ਕਿਊ. ਐੱਫ਼. ਸਕੀਮ ਦੇ ਅਧੀਨ 2089 ਲੈਬਸ (ਵੋਕੇਸ਼ਨਲ ਐਜੂਕੇਸ਼ਨ) ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਦੇ ਤਹਿਤ ਸਕੂਲਾਂ 'ਚ ਵੋਕੇਸ਼ਨਲ ਐਜੂਕੇਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਵਲੋਂ ਚੁਣੇ ਗਏ ਟ੍ਰੇਡ ਮੁਤਾਬਕ ਥਿਓਰੇਟੀਕਲ ਸਿੱਖਿਆ ਦੇਣ ਦੇ ਨਾਲ-ਨਾਲ ਪ੍ਰੈਕਟੀਕਲ ਵੀ ਕਰਵਾਏ ਜਾਂਦੇ ਹਨ। ਹੁਣ ਸਰਕਾਰ ਵਲੋਂ ਤੈਅ ਕੀਤਾ ਗਿਆ ਹੈ ਕਿ ਵੋਕੇਸ਼ਨਲ ਐਜੂਕੇਸ਼ਨ ਦੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਟ੍ਰੇਡਜ਼ 'ਚ ਯੋਗਤਾ ਵਧਾਉਣ ਅਤੇ ਸਬੰਧਿਤ ਟ੍ਰੇਡ ਦੀ ਵਿਸਤ੍ਰਿਤ ਅਤੇ ਫਰਸਟ ਹੈਂਡ ਇੰਫਾਰਮੇਸ਼ਨ ਦੇਣ ਦੇ ਮਕਸਦ ਨਾਲ ਵਿਦਿਆਰਥੀਆਂ ਨੂੰ ਇੰਡਸਟਰੀ ਵਿਜ਼ਿਟ ਕਰਵਾਏ ਜਾਣ। ਇਸ ਦੇ ਲਈ ਸੂਬੇ ਭਰ ਦੇ ਵੋਕੇਸ਼ਨਲ ਐਜੂਕੇਸ਼ਨ ਦੇਣ ਵਾਲੇ ਸਕੂਲਾਂ ਲਈ ਸਵਾ 6 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਦੋਪਹੀਆ ਵਾਹਨਾਂ ਦੀ Parking ਹੋਈ Free, ਇਨ੍ਹਾਂ 'ਤੇ ਲੱਗੇਗਾ Double Charge
ਸਕੂਲਾਂ 'ਚ ਵੋਕੇਸ਼ਨਲ ਟ੍ਰੇਨਰ ਦਿੰਦੇ ਹਨ ਜਾਣਕਾਰੀ
ਸਕੂਲਾਂ 'ਚ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਵੋਕੇਸ਼ਨਲ ਐਜੂਕੇਸ਼ਨ ਦੇ ਤਹਿਤ ਕੱਪੜੇ ਤਿਆਰ ਕਰਨ, ਪਲੰਬਰ, ਆਈ. ਟੀ., ਬਿਊਟੀ ਐਂਡ ਵੈਲਨੈੱਸ, ਆਟੋਮੋਬਾਇਲ, ਪ੍ਰਾਈਵੇਟ ਸਿਕਿਓਰਿਟੀ, ਕੰਸਟ੍ਰਕਸ਼ਨ, ਐਗਰੀਕਲਚਰ, ਹੈਲਥ ਕੇਅਰ, ਟੂਰਿਜ਼ਮ ਐਂਡ ਹਾਸਪੀਟੈਲਿਟੀ ਅਤੇ ਰਿਟੇਲ ਜਿਹੇ ਟ੍ਰੇਡਜ਼ 'ਚ ਟ੍ਰੇਂਡ ਕੀਤਾ ਜਾ ਰਿਹਾ ਹੈ। ਟ੍ਰੇਨਰਾਂ ਵਲੋਂ ਇਸ ਸਬੰਧੀ ਸਕੂਲ ਲੈਬਸ 'ਚ ਪ੍ਰੈਕਟੀਕਲ ਕਰਵਾਏ ਜਾਂਦੇ ਹਨ, ਜਿਸ ਦੇ ਨਾਲ ਵਿਦਿਆਰਥੀਆਂ ਨੂੰ ਸਬੰਧਿਤ ਟ੍ਰੇਡ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਉਪਲੱਬਧ ਹੋ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਵੱਧ ਰਹੀ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ, ਮਿਲ ਰਹੀ ਮੁਫ਼ਤ RC ਦੀ ਸਹੂਲਤ ਪਰ...
ਇੰਡਸਟਰੀ ਵਿਜ਼ਿਟ ਨਾਲ ਵਧੇਗੀ ਯੋਗਤਾ
ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਭੇਜੇ ਗਏ ਪੱਤਰ 'ਚ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਇਹ ਠੀਕ ਹੈ ਕਿ ਸਕੂਲਾਂ 'ਚ ਸਥਿਤ ਐੱਨ. ਐੱਸ. ਕਿਊ. ਐੱਫ਼. ਲੈਬਸ 'ਚ ਬੱਚਿਆਂ ਨੂੰ ਟ੍ਰੇਡਸ ਬਾਰੇ ਸਮਰੱਥ ਜਾਣਕਾਰੀ ਉਪਲੱਬਧ ਕਰਵਾਈ ਜਾ ਰਹੀ ਹੈ, ਪਰ ਹੈਂਡਸ ਆਨ ਟ੍ਰੇਨਿੰਗ ਤੋਂ ਮਿਲਣ ਵਾਲੀ ਜਾਣਕਾਰੀ ਉਨ੍ਹਾਂ ਦੇ ਭਵਿੱਖ ਲਈ ਹੋਰ ਵੀ ਬਿਹਤਰ ਸਾਬਿਤ ਹੋਵੇਗੀ। ਇਸ ਲਈ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਜ਼ਿਲ੍ਹਿਆਂ ਲਈ ਜਾਰੀ ਕੀਤੀਆਂ ਗਈਆਂ ਗ੍ਰਾਂਟਸ ਦੀ ਵਰਤੋਂ ਕਰਦਿਆਂ ਵੋਕੇਸ਼ਨਲ ਐਜੂਕੇਸ਼ਨ ਪੜ੍ਹਾਉਣ ਵਾਲੇ ਸਾਰੇ ਸਕੂਲਾਂ ਨੂੰ ਹਦਾਇਤ ਦਿੱਤੀ ਜਾਵੇ ਕਿ ਸਬੰਧਿਤ ਸਕੂਲ 'ਚ ਚੱਲ ਰਹੇ 2 ਜਾਂ ਤਿੰਨਾਂ ਟ੍ਰੇਡਸ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਟ੍ਰੇਡ ਮੁਤਾਬਕ ਇੰਡਸਟਰੀ ਵਿਜ਼ਿਟ ਕਰਵਾਈ ਜਾਵੇ। ਇਹ ਇੰਡਸਟਰੀ ਵਿਜ਼ਿਟ ਅਗਸਤ ਮਹੀਨੇ 'ਚ ਅਤੇ ਫਿਰ ਅਕਤੂਬਰ-ਨਵੰਬਰ ਮਹੀਨੇ 'ਚ ਲਾਜ਼ਮੀ ਰੂਪ ਨਾਲ ਕਰਵਾਈ ਜਾਣੀ ਹੈ। ਇਸ ਦੇ ਲਈ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਇੰਡਸਟਰੀ ਵਿਜ਼ਿਟ ਦੌਰਾਨ ਵਿਦਿਆਰਥੀ ਜਦੋਂ ਕਾਰਜ ਨੂੰ ਖ਼ੁਦ ਆਪਣੇ ਸਾਹਮਣੇ ਹੁੰਦੇ ਹੋਏ ਵੇਖਣਗੇ ਅਤੇ ਸਵਾਲ ਪੁੱਛਣਗੇ ਤਾਂ ਉਨ੍ਹਾਂ ਨੂੰ ਪ੍ਰੋਸੈੱਸ ਦੀ ਪੂਰੀ ਸਮਝ ਪ੍ਰਾਪਤ ਹੋਵੇਗੀ ਅਤੇ ਇਹ ਉਨ੍ਹਾਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਅਤੇ ਸਬੰਧਿਤ ਟ੍ਰੇਡ ਵਿਚ ਯੋਗਤਾ ਵਧਾਉਣ 'ਚ ਬਹੁਤ ਵੱਡਾ ਯੋਗਦਾਨ ਦੇਵੇਗੀ।
ਇੰਡਸਟਰੀ ਵਿਜ਼ਿਟ ਤੋਂ ਬਾਅਦ ਲਏ ਜਾਣਗੇ ਟੈਸਟ
ਸਿੱਖਿਆ ਵਿਭਾਗ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਇੰਡਸਟਰੀ ਵਿਜ਼ਿਟ ਕਰਵਾਉਣ ਦੌਰਾਨ ਵੋਕੇਸ਼ਨਲ ਟ੍ਰੇਨਰ ਉਨ੍ਹਾਂ ਨੂੰ ਪੂਰੇ ਪ੍ਰੋਸੈੱਸ ਦੀ ਵਿਸਤ੍ਰਿਤ ਜਾਣਕਾਰੀ ਮੁਹੱਈਆ ਕਰਨ ਅਤੇ ਨਾਲ ਹੀ ਵਿਦਿਆਰਥੀਆਂ ਦੀਆਂ ਸ਼ੰਕਾਵਾਂ ਦੇ ਹੱਲ ਲਈ ਉਨ੍ਹਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਪ੍ਰੈਕਟੀਕਲੀ ਜਵਾਬ ਦੇਣ। ਇਸ ਦੇ ਨਾਲ ਹੀ ਇਹ ਵੀ ਧਿਆਨ ਰੱਖਿਆ ਜਾਵੇ ਕਿ ਵਿਜ਼ਿਟ ਕਰਵਾਉਣ ਤੋਂ ਬਾਅਦ ਵਿਦਿਆਰਥੀਆਂ ਤੋਂ ਫੀਡਬੈਕ ਅਤੇ ਜਾਣਕਾਰੀ ਸਬੰਧੀ ਟੈਸਟ ਵੀ ਲਿਆ ਜਾਵੇ ਤਾਂ ਕਿ ਅਗਲੀ ਵਾਰ ਦੀ ਵਿਜ਼ਿਟ ਨੂੰ ਉਸੇ ਹਿਸਾਬ ਨਾਲ ਪਲਾਨ ਕੀਤਾ ਜਾ ਸਕੇ। ਨਾਲ ਹੀ ਹਦਾਇਤ ਕੀਤੀ ਗਈ ਹੈ ਕਿ ਇੰਡਸਟਰੀ ਵਿਜ਼ਿਟ ਬਾਰੇ ਇਕ ਬ੍ਰੀਫ਼ ਰਿਪੋਰਟ ਵੀ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News