ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਅਦਾਲਤ ''ਚ ਹੋਏ ਪੇਸ਼, ਅਗਲੀ ਸੁਣਵਾਈ 30 ਨੂੰ
Saturday, Mar 07, 2020 - 05:25 PM (IST)
ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਦੇ ਕਸਬਾ ਪੱਟੀ ਵਿਖੇ 1983 ਦੌਰਾਨ ਮਸ਼ਹੂਰ ਡਾ. ਸੁਦਰਸ਼ਨ ਤ੍ਰੇਹਨ ਦੀ ਹੱਤਿਆ ਕੀਤੇ ਜਾਣ ਤਹਿਤ ਪੱਟੀ ਪੁਲਸ ਵੱਲੋਂ ਨਾਮਜ਼ਦ ਕੀਤੇ ਜਾ ਚੁੱਕੇ ਹਲਕਾ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਤਰਨਤਾਰਨ ਵਿਖੇ ਪੇਸ਼ ਹੋਏ। ਜਿਸ ਤਹਿਤ ਕੇਸ 'ਚ ਸ਼ਾਮਲ ਕੀਤੇ ਗਵਾਹਾਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਨੂੰ ਵੇਖ ਅਦਾਲਤ ਨੇ ਅਗਲੀ ਸੁਣਵਾਈ ਲਈ 30 ਮਾਰਚ ਦੀ ਤਰੀਕ ਤੈਅ ਕੀਤੀ ਹੈ।
ਜਾਣਕਾਰੀ ਅਨੁਸਾਰ ਜ਼ਿਲੇ ਦੇ ਪੱਟੀ ਸ਼ਹਿਰ ਅੰਦਰ ਸਥਿਤ ਤ੍ਰੇਹਨ ਹਸਪਤਾਲ ਦੇ ਡਾ. ਸੁਦਰਸ਼ਨ ਤ੍ਰੇਹਨ ਦੀ 30 ਸਤੰਬਰ 1983 ਵਾਲੀ ਸ਼ਾਮ ਨੂੰ ਕੁਝ ਵਿਅਕਤੀਆਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਇਸ ਕੇਸ ਸਬੰਧੀ ਕੁੱਝ ਸਮਾਂ ਬਾਅਦ ਵਿਰਸਾ ਸਿੰਘ ਵਲਟੋਹਾ ਨੂੰ ਪੱਟੀ ਪੁਲਸ ਵੱਲੋਂ ਨਾਮਜ਼ਦ ਕਰ ਲਿਆ ਗਿਆ ਸੀ। ਪਰ ਇਹ ਕਾਫੀ ਸਮਾਂ ਕੇਸ ਸਿਆਸਤ ਦਾ ਸ਼ਿਕਾਰ ਰਿਹਾ । ਫਿਰ ਜਨਵਰੀ 2020 ਦੌਰਾਨ ਇਹ ਮਾਮਲਾ ਐਡੀਸ਼ਨਲ ਸੈਸ਼ਨ ਜੱਜ ਪਰਮਜੀਤ ਕੌਰ ਦੀ ਅਦਾਲਤ, ਤਰਨਤਾਰਨ ਵਿਖੇ ਲਿਆਂਦਾ ਗਿਆ। ਜਿਸ ਦੀ ਸੁਣਵਾਈ ਕਰਦੇ ਹੋਏ ਮਾਣਯੋਗ ਜੱਜ ਵੱਲੋਂ ਪ੍ਰੋ. ਵਲਟੋਹਾ ਖਿਲਾਫ ਚਾਰਜ ਤੈਅ ਕਰਨ ਉਪਰੰਤ ਕੇਸ ਦੀ ਕਾਰਵਾਈ ਨੂੰ ਸ਼ੁਰੂ ਕੀਤਾ ਗਿਆ।
ਅਦਾਲਤ ਵੱਲੋਂ ਕੇਸ 'ਚ ਸ਼ਾਮਲ 5 ਗਵਾਹਾਂ ਨੂੰ ਭੇਜੀ ਸੰਮਨ ਸਬੰਧੀ ਆਈ ਰਿਪੋਰਟ ਤੋਂ ਸੰਤੁਸ਼ਟ ਨਾ ਹੁੰਦੇ ਹੋਏ ਮਿਤੀ 14 ਫਰਵਰੀ ਨੂੰ ਇਨ੍ਹਾਂ ਗਵਾਹਾਂ ਦੀ ਸਹੀ ਸਥਿਤੀ ਅਤੇ ਮੌਤ ਸਬੰਧੀ ਪੁਸ਼ਟੀ ਕਰਨ ਲਈ ਜ਼ਿਲੇ ਦੇ ਐੱਸ. ਐੱਸ. ਪੀ. ਧਰੁਵ ਦਹੀਆ ਨੂੰ ਹੁਕਮ ਸੁਣਾਇਆ ਗਿਆ ਸੀ। ਜਿਸ ਦੀ ਅੱਜ ਸੁਣਵਾਈ ਕਰਦੇ ਹੋਏ ਮਾਣਯੋਗ ਜੱਜ ਵੱਲੋਂ 30 ਮਾਰਚ ਦੀ ਅਗਲੀ ਤਰੀਕ ਤੈਅ ਕੀਤੀ ਗਈ ਹੈ। ਪ੍ਰੋ. ਇਸ ਸਬੰਧੀ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਉਨ੍ਹਾਂ ਨੂੰ ਜਾਣ-ਬੁੱਝ ਕੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਦਕਿ ਇਸ ਕੇਸ ਨਾਲ ਉਨ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੈ।