ਕਿੰਨਰਾਂ ਦੇ ਦੋ ਧੜਿਆਂ ''ਚ ਹੋਈ ਹਿੰਸਕ ਝੜਪ

09/05/2017 3:46:15 AM

ਖਰੜ,   (ਗਗਨਦੀਪ)-  ਸਥਾਨਕ ਸ਼ਹਿਰ 'ਚ ਪਿਛਲੇ ਕਈ ਸਾਲਾਂ ਤੋਂ ਕਿੰਨਰਾਂ ਦੇ ਜੋਤੀ ਮਹੰਤ ਅਤੇ ਪੂਜਾ ਮਹੰਤ ਧੜੇ ਦਰਮਿਆਨ ਚੱਲ ਰਹੀ ਲੜਾਈ ਦੌਰਾਨ ਅੱਜ ਫਿਰ ਹਿੰਸਕ ਝੜਪ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਖਰੜ ਵਿਖੇ ਜ਼ੇਰੇ ਇਲਾਜ ਮਹੰਤ ਸਾਨੀਆ ਨੇ ਦੱਸਿਆ ਕਿ ਉਹ ਪੂਜਾ ਮਹੰਤ ਦਾ ਚੇਲਾ ਹੈ ਅਤੇ ਅੱਜ ਦੁਪਹਿਰ ਲਗਭਗ 12 ਵਜੇ ਮਹੰਤ ਦੀਪਿਕਾ ਅਤੇ ਮਹੰਤ ਚਾਂਦਨੀ ਨਾਲ ਸਨੀ ਇਨਕਲੇਵ ਵਿਖੇ ਇਕ ਵਿਆਹ ਵਾਲੇ ਘਰ ਵਧਾਈ ਮੰਗਣ ਗਏ ਤਾਂ ਉਥੇ ਅਚਾਨਕ ਜੋਤੀ ਮਹੰਤ ਦੇ ਚੇਲਿਆਂ ਲਕਸ਼ਮੀ ਅਤੇ ਸ਼ਬੋ ਆਦਿ ਨੇ 15-20 ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਦੌਰਾਨ ਉਹ ਤਿੰਨੋਂ ਗੰਭੀਰ ਜ਼ਖਮੀ ਹੋ ਗਏ। 
ਇਸ ਮਾਮਲੇ ਸਬੰਧੀ ਜਦੋਂ ਜੋਤੀ ਮਹੰਤ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਲਿਖਤੀ ਫੈਸਲੇ ਅਨੁਸਾਰ ਸਨੀ ਇਨਕਲੇਵ ਉਸ ਦਾ ਇਲਾਕਾ ਹੈ ਅਤੇ ਪੂਜਾ ਮਹੰਤ ਜਾਂ ਉਸ ਦੇ ਚੇਲੇ ਇਸ ਖੇਤਰ ਵਿਚੋਂ ਵਧਾਈ ਨਹੀਂ ਲੈ ਸਕਦੇ। ਉਸ ਨੇ ਦੱਸਿਆ ਕਿ ਅੱਜ ਉਸ ਦੇ ਚੇਲੇ ਸਨੀ ਇਨਕਲੇਵ ਵਿਚ ਵਧਾਈ ਲੈਣ ਗਏ ਤਾਂ ਪੂਜਾ ਮਹੰਤ ਦੇ ਚੇਲਿਆਂ ਨੇ ਉਸ ਦੇ ਚੇਲਿਆਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਦੌਰਾਨ ਉਸ ਦਾ ਚੇਲਾ ਸ਼ੱਬੋ ਗੰਭੀਰ ਜ਼ਖ਼ਮੀ ਹੋ ਗਿਆ, ਜੋ ਕਿ ਸਿਵਲ ਹਸਪਤਾਲ ਖਰੜ ਵਿਖੇ ਜ਼ੇਰੇ ਇਲਾਜ ਹੈ। ਇਸ ਸਬੰਧੀ ਹਸਪਤਾਲ ਪ੍ਰਸ਼ਾਸਨ ਵਲੋਂ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਥਾਣਾ ਸਿਟੀ ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News