ਨਿਯਮਾਂ ਦੀ ਉਲੰਘਣਾ ਕਰਨ ’ਤੇ ਹੋਵੇਗੀ ਛੇ ਸਾਲ ਤੱਕ ਦੀ ਸਜ਼ਾ

Thursday, Jul 19, 2018 - 06:40 AM (IST)

ਚੰਡੀਗਡ਼੍ਹ,  (ਵਿਜੇ) :  ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਸ਼ਹਿਰ ’ਚ ਵਾਰ-ਵਾਰ ਮੁਹਿੰਮ ਚਲਾਈ ਜਾ ਰਹੀ ਹੈ। ਹੁਣ ਚੰਡੀਗਡ਼੍ਹ ਪ੍ਰਦੂਸ਼ਣ ਕੰਟਰੋਲ ਕਮੇਟੀ  (ਸੀ. ਪੀ. ਸੀ. ਸੀ.) ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ, ਜਿਸ ਤਹਿਤ ਸੀ. ਪੀ. ਸੀ. ਸੀ. ਨੇ ਸ਼ਹਿਰ ਵਿਚ ਮਲਟੀਟੋਨ ਹਾਰਨ, ਪ੍ਰੈਸ਼ਰ ਹਾਰਨ, ਕਰੈਕਰ ਸਾਊਂਡ ਤੇ ਮੋਡੀਫਾਈ ਮੋਟਰਸਾਈਕਲ ਦੇ ਸਾਈਲੈਂਸਰ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ।
ਖਾਸ ਗੱਲ ਇਹ ਹੈ ਕਿ ਨਵੇਂ ਨਿਯਮਾਂ ਅਨੁਸਾਰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੁਣ ਜੇਲ ਦੀ ਵੀ ਵਿਵਸਥਾ ਰੱਖੀ ਗਈ ਹੈ ਤੇ ਜੇਕਰ ਜ਼ਿਆਦਾ ਵਾਇਲੇਸ਼ਨ ਮਿਲੀ ਤਾਂ ਜੇਲ 6 ਸਾਲ ਤੱਕ ਵੀ ਹੋ ਸਕਦੀ ਹੈ। ਕੁਝ ਦਿਨ ਪਹਿਲਾਂ ਹੀ ਸੀ. ਪੀ. ਸੀ. ਸੀ. ਵੱਲੋਂ ਇਸ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ, ਜਿਸ ਤਹਿਤ ਇਨ੍ਹਾਂ ਦੀ ਮੈਨੂਫੈਕਚਰਿੰਗ ਕਰਨ ਵਾਲੀਆਂ ਯੂਨਿਟਾਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ। ਕਮੇਟੀ ਵੱਲੋਂ ਸਾਫ ਤੌਰ ’ਤੇ ਕਹਿ ਦਿੱਤਾ ਗਿਆ ਹੈ ਕਿ ਮਲਟੀਟੋਨ ਹਾਰਨ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ, ਜਿਨ੍ਹਾਂ ਨਾਲ ਭਵਿੱਖ ਵਿਚ ਜ਼ਿਆਦਾ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹੇ ’ਚ ਜਿਹੜੇ ਲੋਕ ਆਪਣੇ ਵਾਹਨਾਂ ’ਚ ਇਸਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਦੇ ਨਾਲ-ਨਾਲ ਮੈਨੂਫੈਕਚਰਿੰਗ ਯੂਨਿਟਾਂ  ’ਤੇ ਵੀ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਹੈ ਤੇ ਜੇਕਰ ਫਿਰ ਵੀ ਕੋਈ ਨਿਯਮ ਤੋਡ਼ਦਾ ਹੈ ਤਾਂ ਉਸਨੂੰ ਘੱਟ ਤੋਂ ਘੱਟ ਡੇਢ ਸਾਲ ਜੇਲ ਦੀ ਵਿਵਸਥਾ ਰੱਖੀ ਗਈ ਹੈ, ਜੋ ਕਿ 6 ਸਾਲ ਤਕ ਹੋ ਸਕਦੀ ਹੈ।  

ਮਾਰਚ ’ਚ ਮੰਗੇ ਗਏ ਸਨ ਸੁਝਾਅ 
ਨਵੇਂ ਦਿਸ਼ਾ-ਨਿਰਦੇਸ਼ ਬਣਾਏ ਜਾਣ ਤੋਂ ਪਹਿਲਾਂ ਕਮੇਟੀ ਵੱਲੋਂ ਮਾਰਚ ’ਚ ਲੋਕਾਂ ਤੋਂ ਸੁਝਾਅ ਮੰਗੇ ਗਏ ਸਨ। ਸੀ. ਪੀ. ਸੀ. ਸੀ. ਵੱਲੋਂ ਮੰਗੇ ਗਏ ਸੁਝਾਵਾਂ ਲਈ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿਚ ਸ਼ਹਿਰ  ਦੇ ਲੋਕਾਂ ਤੋਂ ਵੀ ਸੁਝਾਅ ਮੰਗੇ ਗਏ ਸਨ। ਲੋਕਾਂ ਤੋਂ ਪੁੱਛਿਆ ਗਿਆ ਸੀ ਕਿ ਸ਼ਹਿਰ ਵਿਚ ਆਵਾਜ਼ ਪ੍ਰਦੂਸ਼ਣ ਨੂੰ ਕੰਟਰੋਲ ’ਚ ਕਰਨ ਲਈ ਕੀ ਕੀਤਾ ਜਾ ਸਕਦਾ ਹੈ?  ਇਸ ’ਤੇ ਸ਼ਹਿਰ ਭਰ ਤੋਂ  ਸਿਰਫ 5 ਸੁਝਾਅ ਹੀ ਸੀ. ਪੀ. ਸੀ. ਸੀ. ਦੇ ਕੋਲ ਪਹੁੰਚੇ, ਜਿਸਦੇ ਆਧਾਰ ’ਤੇ ਨਵੇਂ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਗਏ ਹਨ। 
ਕੰਸਟਰਕਸ਼ਨ ਵਰਕ ਨੂੰ ਵੀ ਕੀਤਾ ਜਾਵੇ ਕੰਟਰੋਲ
ਰੈਜ਼ੀਡੈਂਟਸ ਵੱਲੋਂ ਸੀ. ਪੀ. ਸੀ. ਸੀ. ਨੂੰ ਜੋ ਸੁਝਾਅ ਭੇਜੇ ਗਏ ਸਨ, ਉਨ੍ਹਾਂ ’ਚ ਕਈ ਤਰ੍ਹਾਂ ਦੇ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲੇ ਕਾਰਨਾਂ ਦਾ ਜ਼ਿਕਰ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਇਕ ਕੰਸਟਰਕਸ਼ਨ ਵਰਕ ਵੀ ਸੀ।  ਕੰਸਟਰਕਸ਼ਨ ਵਿਚ ਏਅਰ ਕੰਪ੍ਰੈਸ਼ਰ, ਬੁਲਡੋਜ਼ਰ,  ਲੋਡਰਸ ਅਤੇ ਡੰਪ ਟਰੱਕਸ ਦੇ ਨਾਲ-ਨਾਲ  ਹੋਰ  ਵੀ ਸਮੱਗਰੀ ਸ਼ਾਮਲ ਹੁੰਦੀ ਹੈ। ਇਸ ਲਈ ਪਾਲਿਸੀ ਵਿਚ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਅਰਬਨ ਏਰੀਆ ’ਚ ਕੰਸਟਰਕਸ਼ਨ ਕਾਰਨ ਹੋਣ ਵਾਲੇ ਆਵਾਜ਼ ਪ੍ਰਦੂਸ਼ਣ ’ਤੇ ਵੀ ਕਾਬੂ ਰੱਖਿਆ ਜਾਵੇ। 
 


Related News