ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ 100 ਪਿੰਡ ਅਤੇ ਖੇਤ ਡੁੱਬੇ, ਹਜ਼ਾਰਾਂ ਏਕੜ ਫ਼ਸਲ ਬਰਬਾਦ

Sunday, Aug 20, 2023 - 08:05 AM (IST)

ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ 100 ਪਿੰਡ ਅਤੇ ਖੇਤ ਡੁੱਬੇ, ਹਜ਼ਾਰਾਂ ਏਕੜ ਫ਼ਸਲ ਬਰਬਾਦ

ਫਿਰੋਜ਼ਪੁਰ/ਨੰਗਲ/ਹਾਜ਼ੀਪੁਰ (ਕੁਮਾਰ, ਪਰਮਜੀਤ, ਜ. ਬ., ਸੈਣੀ, ਜੋਸ਼ੀ)- ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਨਾਲ ਹੁਸੈਨੀਵਾਲਾ ਸਥਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਯਾਦਗਾਰ ਵੀ ਪਾਣੀ ’ਚ ਘਿਰ ਗਈ ਹੈ ਅਤੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਭਾਰਤ-ਪਾਕਿ ਸਰਹੱਦ ’ਤੇ ਸਤਲੁਜ ਦਰਿਆ ਦੇ ਕੋਲ ਵੱਸੇ ਲਗਭਗ 100 ਪਿੰਡ ਹੜ੍ਹ ਦੇ ਪਾਣੀ ’ਚ ਡੁੱਬ ਗਏ ਹਨ। ਹੁਸੈਨੀਵਾਲਾ ਹੈੱਡ ਵਰਕਸ ਤੋਂ ਕੱਲ 2,58,910 ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਫਾਜ਼ਿਲਕਾ ਦੇ ਸਰਹੱਦੀ ਪਿੰਡ ਅਤੇ ਖੇਤ ਹੜ੍ਹ ਦੇ ਪਾਣੀ ’ਚ ਡੁੱਬ ਗਏ ਹਨ। ਸਤਲੁਜ ਦਰਿਆ ਦੇ ਨਾਲ ਲੱਗਦੇ ਇਨ੍ਹਾਂ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਨਾਲ ਉਨ੍ਹਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਅਤੇ ਸਬਜ਼ੀਆਂ ਨਸ਼ਟ ਹੋ ਗਈਆਂ ਹਨ। ਉਹ ਸਭ ਕੁਝ ਆਪਣੇ ਘਰਾਂ ’ਚ ਛੱਡ ਕੇ ਬਾਹਰ ਸੁਰੱਖਿਅਤ ਥਾਵਾਂ ’ਤੇ ਆਏ ਹੈ। ਦਰਿਆ ’ਚ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਕਈ ਦਰਖਤ ਡਿੱਗ ਗਏ ਅਤੇ ਇਕ ਜੇ. ਸੀ. ਬੀ. ਮਸ਼ੀਨ ਰੁੜ੍ਹ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹ ਦੇ ਮੱਦੇਨਜ਼ਰ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਰੀ ਹੋਏ ਹੁਕਮ

ਉੱਥੇ ਹੀ, ਜ਼ਿਲ੍ਹਾ ਪ੍ਰਸ਼ਾਸਨ, ਪੁਲਸ, ਬੀ.ਐੱਸ.ਐੱਫ., ਫ਼ੌਜ ਅਤੇ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਲੋਕਾਂ ਨੂੰ ਪਿੰਡਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਰਹੀਆਂ ਹਨ। ਪਸ਼ੂਆਂ ਨੂੰ ਵੀ ਸੁਰੱਖਿਅਤ ਕੱਢਿਆ ਜਾ ਰਿਹਾ ਹੈ। ਰਾਹਤ ਟੀਮਾਂ ਨੂੰ ਰਾਤ ਦੇ ਸਮੇਂ ਲੋਕਾਂ ਨੂੰ ਰੈਸਕਿਊ ਕਰਨ ’ਚ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਦੂਜੇ ਪਾਸੇ ਐਕਸੀਅਨ ਡ੍ਰੇਨੇਜ ਫਿਰੋਜ਼ਪੁਰ ਗੀਤੇਸ਼ ਉਪਵੇਦਾ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਹੁਸੈਨੀਵਾਲਾ ਹੈੱਡ ਵਰਕਸ ’ਚ ਲਗਭਗ 2 ਲੱਖ 80 ਹਜ਼ਾਰ ਕਿਊਸਿਕ ਪਾਣੀ ਸੀ, ਜਦੋਂ ਕਿ ਭਾਖੜਾ ਤੋਂ 47000 ਅਤੇ ਪੌਂਗ ਡੈਮ ਤੋਂ 78000 ਕਿਊਸਿਕ ਪਾਣੀ ਹੋਰ ਛੱਡਿਆ ਗਿਆ ਹੈ, ਜਿਸ ਨੂੰ ਪੁੱਜਣ ’ਚ ਅਜੇ ਸਮਾਂ ਲੱਗੇਗਾ। ਸੰਭਾਵਨਾ ਹੈ ਕਿ ਹੁਣ ਪਾਣੀ ਦਾ ਪੱਧਰ ਘੱਟ ਹੋਣਾ ਸ਼ੁਰੂ ਹੋ ਜਾਵੇਗਾ। 

ਇਹ ਵੀ ਪੜ੍ਹੋ : ਛੱਤੀਸਗੜ੍ਹ ਪੁੱਜੇ ਕੇਜਰੀਵਾਲ ਤੇ ਭਗਵੰਤ ਮਾਨ, ਔਰਤਾਂ ਨੂੰ 1000 ਰੁ. ਮਹੀਨਾ ਸਣੇ ਦਿੱਤੀਆਂ 10 ਗਾਰੰਟੀਆਂ

ਓਧਰ, ਹਿਮਾਚਲ ਪ੍ਰਦੇਸ਼ ਦੇ ਉੱਪਰੀ ਖੇਤਰਾਂ ਤੋਂ ਪਾਣੀ ਦੀ ਆਮਦ ’ਚ ਗਿਰਾਵਟ ਕਾਰਨ ਭਾਖੜਾ ਬੰਨ੍ਹ ’ਚ ਪਾਣੀ ਦਾ ਪੱਧਰ 1674.39 ਫੁੱਟ ਦਰਜ ਕੀਤਾ ਗਿਆ। ਸ਼ਨੀਵਾਰ ਨੂੰ ਵੀ ਭਾਖੜਾ ਬੰਨ੍ਹ ਦੇ ਫਲੱਡ ਗੇਟ ਖੁੱਲ੍ਹੇ ਰਹੇ ਅਤੇ ਸਤਲੁਜ ਦਰਿਆ ’ਚ ਘੱਟ ਪਾਣੀ ਛੱਡਿਆ ਗਿਆ। ਭਾਖੜਾ ਬੰਨ੍ਹ ਦੀ ਗੋਬਿੰਦ ਸਾਗਰ ਝੀਲ ’ਚ ਪਾਣੀ ਦੀ ਆਮਦ 48173 ਕਿਊਸਿਕ ਦਰਜ ਕੀਤੀ ਗਈ ਅਤੇ ਭਾਖੜਾ ਬੰਨ੍ਹ ਤੋਂ ਨੰਗਲ ਡੈਮ ਲਈ 57,509 ਕਿਊਸਿਕ ਪਾਣੀ ਛੱਡਿਆ ਗਿਆ। ਦੂਜੇ ਪਾਸੇ ਪੌਂਗ ਡੈਮ ਝੀਲ ’ਚ ਪਾਣੀ ਦੀ ਆਮਦ ਘੱਟ ਹੋਣ ’ਤੇ ਡੈਮ ਤੋਂ ਪਾਣੀ ਘੱਟ ਛੱਡਿਆ ਗਿਆ ਹੈ ਪਰ ਡੈਮ ’ਚ ਪਾਣੀ ਦਾ ਪੱਧਰ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ 2.27 ਫੁੱਟ ਉੱਪਰ ਚੱਲ ਰਿਹਾ ਹੈ। ਪੌਂਗ ਡੈਮ ਤੋਂ ਸਪਿਲਵੇ ਰਾਹੀਂ 60,993 ਅਤੇ ਪਾਵਰ ਹਾਊਸ ਰਾਹੀਂ 17,124 (ਕੁੱਲ 78,117) ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਗਿਆ। ਉੱਥੇ ਹੀ ਸ਼ਾਹ ਨਹਿਰ ਬੈਰਾਜ ’ਚੋਂ ਅੱਜ 66,417 ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ ਗਿਆ ਹੈ। ਜਿਸ ਕਾਰਨ ਅੰਮ੍ਰਿਤਸਰ ਸਥਿਤ ਬਿਆਸ ਅਤੇ ਕਪੂਰਥਲਾ ਦੇ ਭੁਲੱਥ ਹਲਕਿਆਂ ’ਚ ਕਈ ਪਿੰਡ ਹੜ੍ਹ ਦੀ ਲਪੇਟ ’ਚ ਆਏ ਹੋਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News