ਅਧਿਆਪਕਾ ਦੀ ਬਦਲੀ ਰੱਦ ਕਰਵਾਉਣ ਲਈ ਪਿੰਡ ਵਾਸੀਆਂ ਨੇ ਸਕੂਲ ਨੂੰ ਜੜਿਆ ਤਾਲਾ
Thursday, Nov 03, 2022 - 09:38 PM (IST)
ਲਹਿਰਾਗਾਗਾ (ਗਰਗ) : ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਜਲੂਰ ਦੇ ਲੋਕਾਂ ਵੱਲੋਂ ਸਰਕਾਰੀ ਹਾਈ ਸਕੂਲ ਦੀ ਕੰਪਿਊਟਰ ਅਧਿਆਪਕਾ ਦੀ ਬਦਲੀ ਰੱਦ ਕਰਵਾਉਣ ਲਈ ਸਕੂਲ ਨੂੰ ਤਾਲਾ ਜੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ, ਗੁਰਵਿੰਦਰ ਸਿੰਘ ਸੂਚ, ਭਾਕਿਯੂ ਸਿੱਧੂਪੁਰ ਦੇ ਰਾਮਫਲ ਸਿੰਘ, ਸਰਪੰਚ ਨੈਬ ਸਿੰਘ, ਪੰਚ ਪਰਮਦੀਪ ਸਿੰਘ, ਨਵਦੀਪ ਸਿੰਘ ਸੋਨਾ ਆਦਿ ਨੇ ਦੱਸਿਆ ਕਿ ਸਕੂਲ ਦੀ ਕੰਪਿਊਟਰ ਅਧਿਆਪਕਾ ਦੀ ਬਦਲੀ ਵਿਭਾਗ ਵੱਲੋਂ ਕੀਤੀ ਗਈ ਹੈ, ਜਿਸ ਨੂੰ ਅੱਜ ਸਕੂਲ ’ਚੋਂ ਰਿਲੀਵ ਕੀਤਾ ਜਾਣਾ ਸੀ, ਜਿਸ ਕਾਰਨ ਅਧਿਆਪਕਾ ਦੀ ਬਦਲੀ ਰੁਕਵਾਉਣ ਲਈ ਅੱਜ ਸਮੂਹ ਪਿੰਡ ਵਾਸੀਆਂ ਵੱਲੋਂ ਸਕੂਲ ਨੂੰ ਤਾਲਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜੇਕਰ ਵਿਭਾਗ ਵੱਲੋਂ ਉਕਤ ਅਧਿਆਪਕਾ ਦੀ ਬਦਲੀ ਰੱਦ ਨਾ ਕੀਤੀ ਗਈ ਤਾਂ ਸੰਘਰਸ਼ ਤੇਜ਼ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਬਲਵਿੰਦਰ ਸਿੰਘ ਜਲੂਰ, ਮਨਦੀਪ ਸਿੰਘ, ਦਵਿੰਦਰਪਾਲ ਸਿੰਘ, ਮੰਟੂ ਚਹਿਲ, ਗੁਰਪ੍ਰੀਤ ਸਿੰਘ ਤੇ ਡਾ. ਰਿੰਕੂ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।
ਇਹ ਵੀ ਪੜ੍ਹੋ : ਇਮਰਾਨ 'ਤੇ ਜਾਨਲੇਵਾ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਭੜਕੀ ਹਿੰਸਾ, ਨੈਸ਼ਨਲ ਹਾਈਵੇਅ ਜਾਮ
ਬਦਲੀ ਰੱਦ ਕਰਵਾਉਣ ਦੀ ਕਰਾਂਗੇ ਕੋਸ਼ਿਸ਼ : ਸਕੂਲ ਮੁਖੀ
ਸਕੂਲ ਇੰਚਾਰਜ ਸੁਖਦੇਵ ਸਿੰਘ ਭੁਟਾਲ ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾ ਦੀ ਹੋਈ ਬਦਲੀ ਤਹਿਤ ਅੱਜ ਰਿਲੀਵ ਕੀਤਾ ਜਾਣਾ ਸੀ ਪਰ ਪਿੰਡ ਵਾਸੀਆਂ ਵੱਲੋਂ ਬਦਲੀ ਰੱਦ ਕਰਵਾਉਣ ਲਈ ਸਕੂਲ ਨੂੰ ਤਾਲਾ ਲਾ ਕੇ ਧਰਨਾ ਦੇਣ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ, ਜਿਨ੍ਹਾਂ ਨੇ ਉਕਤ ਅਧਿਆਪਕਾ ਨੂੰ ਇਕ ਹਫ਼ਤਾ ਰਿਲੀਵ ਨਾ ਕਰਨ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਅਧਿਆਪਕਾ ਵੱਲੋਂ ਬਦਲੀ ਰੱਦ ਕਰਵਾਉਣ ਲਈ ਦਿੱਤੀ ਅਰਜ਼ੀ ਅਤੇ ਕਿਸਾਨ ਜਥੇਬੰਦੀਆਂ, ਪੰਚਾਇਤ ਤੇ ਕਲੱਬ ਵੱਲੋਂ ਦਿੱਤੇ ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਭੇਜ ਕੇ ਸਾਡੇ ਵੱਲੋਂ ਵੀ ਬਦਲੀ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।