ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਮਾਮਲੇ ’ਚ ਲੋੜੀਂਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ ’ਤੇ ਹਮਲਾ
Wednesday, Jul 20, 2022 - 11:22 AM (IST)

ਭਵਾਨੀਗੜ੍ਹ (ਕਾਂਸਲ): ਨੇੜਲੇ ਪਿੰਡ ਮਾਝੀ ਵਿਖੇ ਨਸ਼ੇ ਦੇ ਮਾਮਲੇ ਨੂੰ ਲੈ ਕੇ ਇਕ ਘਰ ’ਚ ਰੇਡ ਕਰਨ ਗਈ ਪੁਲਸ ਪਾਰਟੀ ਦੀ ਕੁੱਟਮਾਰ ਕਰਨ ਅਤੇ ਵਰਦੀ ਪਾੜ ਦੇਣ ਦੇ ਦੋਸ਼ ਹੇਠ ਪੁਲਸ ਵੱਲੋਂ ਦਰਜ਼ਨ ਤੋਂ ਵੱਧ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਮੁਖੀ ਇੰਸਪੈਕਟਰ ਪ੍ਰੀਤਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਸਥਾਨਕ ਪੁਲਸ ਦੇ ਹੈੱਡ ਕਾਂਸਟੇਬਲ ਜਗਤਾਰ ਸਿੰਘ ਦੀ ਅਗਵਾਈ ਹੇਠ ਰਾਜਸਥਾਨ ਪੁਲਸ ਦੇ ਹੈਡ ਕਾਂਸਟੇਬਲ ਬਾਲਚੰਦ ਤੇ ਸਿਪਾਹੀ ਅਸ਼ੋਕ ਕੁਮਾਰ ਨੇ ਥਾਣਾ ਭਵਾਨੀ ਮੰਡੀ ਜ਼ਿਲ੍ਹਾ ਜਾਲਵਾੜ ਰਾਜਸਥਾਨ ਵਿਖੇ ਨਸ਼ਾ ਵਿਰੋਧੀ ਐਕਟ ਐੱਨ.ਡੀ.ਪੀ.ਐੱਸ ਦੇ ਤਹਿਤ ਦਰਜ ਮਾਮਲੇ ’ਚ ਲੋੜੀਦੇ ਕਥਿਤ ਦੋਸ਼ੀ ਮੱਖਣ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਪਿੰਡ ਮਾਝੀ ਨੂੰ ਗ੍ਰਿਫ਼ਤਾਰ ਕਰਨ ਲਈ ਪਿੰਡ ਮਾਝੀ ਵਿਖੇ ਰੇਡ ਕੀਤੀ ਸੀ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਉਸ ਸਮੇਂ ਘਰ ਮੌਜੂਦ ਸੀ ਪਰ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ 'ਚ ਸੀ। ਜਿਸ ਨੂੰ ਪੁਲਸ ਪਾਰਟੀ ਨੇ ਮੁਸਤੈਦੀ ਨਾਲ ਕਾਬੂ ਕਰ ਲਿਆ।
ਇਹ ਵੀ ਪੜ੍ਹੋ- ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਿੱਲੀ 'ਚ ਅਕਾਲੀ ਦਲ ਦਾ ਵਿਰੋਧ ਪ੍ਰਦਰਸ਼ਨ
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੱਖਣ ਸਿੰਘ ਦੀ ਮਾਂ ਪੁਲਸ ਪਾਰਟੀ ਕੋਲ ਆ ਕੇ ਆਪਣੇ ਮੁੰਡੇ ਨੂੰ ਛੁਡਾਉਣ ਲਈ ਰੋਲਾ ਪਾਉਣ ਲੱਗ ਗਈ। ਉਸ ਦੀ ਮਾਂ ਦਾ ਰੋਲ ਸੁਣ ਕੇ ਮੌਕੇ 'ਤੇ ਆਏ ਪਿੰਡ ਵਾਸੀਆਂ ਸਮੇਤ 10-12 ਨਾਮਾਲੂਮ ਵਿਅਕਤੀ ਡੰਡੇ ਲੈ ਕੇ ਪੁਲਸ ਪਾਰਟੀ ਕੋਲ ਆਏ ਅਤੇ ਹੱਥੋ-ਪਾਈ ਕਰਕੇ ਮੱਖਣ ਸਿੰਘ ਨੂੰ ਜ਼ਬਰਦਸਤੀ ਛੁਡਾਉਣ ਲੱਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਕਤ ਵਿਅਕਤੀਆਂ ਨੇ ਪੁਲਸ ਪਾਰਟੀ ਦੀ ਕੁੱਟਮਾਰ ਕੀਤੀ ਤੇ ਵਰਦੀ ਪਾੜ ਦਿੱਤੀ। ਜਿਸ ਵਿਚ ਪਿੰਡ ਵਾਸੀਆਂ ਨੇ ਹੈੱਡ ਕਾਂਸਟੇਬਲ ਜਗਤਾਰ ਸਿੰਘ ਨੂੰ ਧੱਕਾ ਮਾਰ ਕੇ ਸੜਕ ਉਪਰ ਸੁੱਟ ਦਿੱਤਾ ਅਤੇ ਉਸ ਦਾ ਮੋਬਾਇਲ ਵੀ ਖੋਹ ਲਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਨਹੀਂ ਰੁਕ ਰਿਹਾ ਕੇਂਦਰੀ ਜੇਲ੍ਹ ’ਚੋਂ ਮੋਬਾਇਲ ਮਿਲਣ ਦਾ ਸਿਲਸਿਲਾ, 6 ਹਵਾਲਾਤੀਆਂ ਕੋਲੋਂ ਮਿਲੇ 6 ਮੋਬਾਇਲ
ਪਿੰਡ ਵਾਸੀਆਂ ਤੋਂ ਆਪਣੀ ਜਾਨ ਦਾ ਬਚਾਅ ਕਰਨ ਲਈ ਜਦੋਂ ਪੁਲਸ ਪਾਰਟੀ ਉੱਥੋਂ ਜਾਣ ਲੱਗੀ ਤਾਂ ਫਿਰ ਉਕਤ ਵਿਅਕਤੀਆਂ ਨੇ ਗੱਡੀ ਘੇਰ ਕੇ ਕਰਮਚਾਰੀਆਂ ਨਾਲ ਹੱਥੋ-ਪਾਈ ਕਰਨ ਦੀ ਕੋਸ਼ਿਸ਼ ਕੀਤਾ। ਬੜੀ ਮੁਸ਼ਕਿਲ ਨਾਲ ਪੁਲਸ ਪਾਰਟੀ ਆਪਣੀ ਜਾਨ ਬਚਾਈ ਅਤੇ ਇਸ ਘਟਨਾ ’ਚ ਜ਼ਖ਼ਮੀ ਹੋਏ ਹੈੱਡ ਕਾਂਸਟੇਬਲ ਜਗਤਾਰ ਸਿੰਘ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਿੱਥੋਂ ਉਨ੍ਹਾਂ ਨੂੰ ਰੈਫ਼ਰ ਕਰਕੇ ਸੰਗਰੂਰ ਭੇਜ ਦਿੱਤਾ ਹੈ। ਪੁਲਸ ਨੇ ਹੈਡ ਕਾਂਸਟੇਬਲ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸਾਰੇ ਵਿਅਕਤੀਆਂ ਵਿਰੁੱਧ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।