ਆਜ਼ਾਦੀ ਦੇ ਸੱਤ ਦਹਾਕੇ ਬਾਅਦ ਵੀ ਵਿੱਦਿਆ ਪੱਖੋਂ ਪੱਛੜਿਆ ਪਿੰਡ ਮਦਰੱਸਾ

01/19/2019 4:56:40 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਭਾਵੇਂ ਸਰਕਾਰ ਹਮੇਸ਼ਾ ਵਾਅਦੇ ਕਰਦੀ ਨਹੀਂ ਥੱਕਦੀ ਕਿ ਪਿੰਡਾਂ ਨੂੰ ਸ਼ਹਿਰਾਂ ਵਰਗਾ ਬਣਾਇਆ ਜਾ ਰਿਹਾ ਹੈ ਤੇ ਪੇਂਡੂ ਖੇਤਰ ਦੇ ਲੋਕਾਂ ਨੂੰ ਸਭ ਸੁੱਖ ਸਹੂਲਤਾ ਮੁਹੱਈਆ ਕਰਵਾਈਆ ਜਾ ਰਹੀਆਂ ਹਨ ਪਰ ਅਸਲ ਵਿਚ ਸ਼ਹਿਰਾਂ ਤੋਂ ਦੂਰ ਦੁਰਾਡੇ ਵਸੇ ਅਨੇਕਾਂ ਪਿੰਡ ਅਜਿਹੇ ਵੀ ਹਨ, ਜਿਥੋਂ ਦੇ ਬਾਸ਼ਿੰਦਿਆਂ ਨੂੰ ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਸੁਖ ਸਹੂਲਤਾਂ ਨਹੀਂ ਮਿਲੀਆਂ। ਅਜਿਹੀ ਹੀ ਇਕ ਮਿਸਾਲ ਪਿੰਡ ਮਦਰੱਸਾ ਤੋਂ ਮਿਲਦੀ ਹੈ, ਜਿਸ ਨੂੰ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਅੱਖੋਂ-ਪਰੋਖੇ ਰੱਖਿਆ ਹੈ ਤੇ ਇਸ ਪਿੰਡ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। 

PunjabKesari
ਉਕਤ ਪਿੰਡ ਬਹੁਤ ਸਾਰੀਆਂ ਸਮੱਸਿਆਵਾਂ ਤੇ ਘਾਟਾ ਨਾਲ ਜੂਝ ਰਿਹਾ ਹੈ। ਇਕ ਪਾਸੇ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀਆਂ ਗੱਲਾਂ ਕਰ ਰਿਹਾ ਹੈ ਪਰ ਪਿੰਡ ਮਦਰੱਸਾ ਵਿਦਿਅਕ ਪੱਖ ਤੋਂ ਬਿਲਕੁਲ ਪੱਛੜਿਆ ਹੋਇਆ ਹੈ। ਇਥੇ ਅਜੇ ਤੱਕ ਸਿਰਫ਼ ਸਰਕਾਰੀ ਪ੍ਰਾਇਮਰੀ ਸਕੂਲ ਹੀ ਚੱਲ ਰਿਹਾ ਹੈ। ਛੇਵੀਂ ਜਮਾਤ ਤੋਂ ਅੱਗੇ ਪੜਾਈ ਕਰਨ ਲਈ ਬੱਚਿਆਂ ਨੂੰ ਹੋਰਨਾਂ ਥਾਵਾਂ 'ਤੇ ਜਾਣਾ ਪੈਂਦਾ ਹੈ, ਜਿਸ ਕਰਕੇ ਕਈ ਬੱਚੇ ਅੱਗੇ ਪੜ੍ਹਨ ਤੋਂ ਵਾਂਝੇ ਰਹਿ ਜਾਂਦੇ ਹਨ। ਪਿੰਡ ਵਾਸੀ ਬਲਵਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਇਥੇ ਘੱਟੋ-ਘੱਟ ਸਰਕਾਰੀ ਹਾਈ ਸਕੂਲ ਬਣਾਇਆ ਜਾਵੇ। ਮੌਜੂਦਾ ਸਕੂਲ ਉਂਝ ਵੀ ਬਹੁਤ ਨੀਵਾਂ ਹੈ ਤੇ ਜਦੋਂ ਬਾਰਿਸ਼ ਹੁੰਦੀ ਹੈ ਤਾਂ ਸਕੂਲ ਵਿਚ ਪਾਣੀ ਭਰ ਜਾਂਦਾ ਹੈ ਤੇ ਬੱਚਿਆਂ ਨੂੰ ਅੰਦਰ ਜਾਣਾ ਔਖਾ ਹੋ ਜਾਂਦਾ ਹੈ।  

PunjabKesari
ਮਿਲੀ ਜਾਣਕਾਰੀ ਅਨੁਸਾਰ ਪਿੰਡ ਮਰਦੱਸਾ ਦੀ ਅਬਾਦੀ ਕਰੀਬ 1500 ਹੈ ਤੇ ਲਗਭਗ 969 ਵੋਟਾਂ ਹਨ। ਇਥੋਂ ਦੀ ਜ਼ਮੀਨ ਦਾ ਕਰਬਾ 900 ਏਕੜ ਹੈ। ਪਿੰਡ ਵਾਸੀ ਦੱਸਦੇ ਹਨ ਕਿ ਪਹਿਲਾਂ ਇਥੇ ਥੇਹ ਸੀ ਤੇ ਪਿੰਡ ਬਹੁਤ ਉੱਚੇ ਥਾਂ 'ਤੇ ਹੈ। ਪਿੰਡ ਦੇ ਬਾਹਰਲੇ ਪਾਸੇ ਗੁਰਦੁਆਰਾ ਗੁੰਮਟ ਸਾਹਿਬ ਸਥਿਤ ਹੈ। ਪਿੰਡ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਨਾ ਇਥੇ ਸਰਕਾਰੀ ਸਿਹਤ ਡਿਸਪੈਂਸਰੀ ਹੈ ਤੇ ਨਾ ਹੀ ਪਸ਼ੂਆਂ ਦੇ ਇਲਾਜ ਲਈ ਸਰਕਾਰੀ ਪਸ਼ੂ ਹਸਪਤਾਲ ਹੈ। ਜਿਸ ਕਰਕੇ ਪਿੰਡ ਵਾਸੀ ਬੇਹੱਦ ਤੰਗ ਪ੍ਰੇਸ਼ਾਨ ਹੋ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਸਿਹਤ ਡਿਸਪੈਂਸਰੀਆਂ ਤੇ ਪਸ਼ੂ ਹਸਪਤਾਲ ਬਣਾਇਆ ਜਾਵੇ। ਪਿੰਡ ਦੇ ਅਨੇਕਾਂ ਲੋਕ ਪਿੰਡੋਂ ਬਾਹਰ ਲੱਖੇਵਾਲੀ ਨੂੰ ਜਾਣ ਵਾਲੀ ਸੜਕ 'ਤੇ ਲੱਗੇ ਹੋਏ ਦੋ ਨਲਕਿਆ ਤੋਂ ਪੀਣ ਲਈ ਪਾਣੀ ਭਰ ਕੇ ਲਿਆਉਂਦੇ ਹਨ ਕਿਉਂਕਿ ਪਿੰਡ ਵਿਚ ਧਰਤੀ ਹੇਠਲਾਂ ਪਾਣੀ ਸ਼ੋਰੇ ਤੇ ਤੇਜ਼ਾਬ ਵਾਲਾ ਅਤੇ ਕੌੜਾ ਹੈ। ਪਿੰਡ ਵਿਚ ਜੋ ਜਲਘਰ ਹੈ, ਉਸ ਦੀ ਟੈਂਕੀ ਦੀ ਹਾਲਤ ਖਸਤਾ ਹੋ ਚੁੱਕੀ ਹੈ। ਪਿੰਡ ਵਿਚ ਜੋ ਬੋਹੜ ਵਾਲਾ ਮੁੱਖ ਬੱਸ ਸਟੈਂਡ ਹੈ, ਉਸ ਦੀ ਹਾਲਤ ਬਦ ਤੋਂ ਬਦਤਰ ਹੋਈ ਹੈ ਤੇ ਸਵਾਰੀਆ ਦੇ ਬੈਠਣ ਲਈ ਥਾਂ ਨਹੀਂ ਹੈ। ਪਿੰਡ ਵਿਚ ਦੋ ਧਰਮਸ਼ਾਲਾਵਾਂ ਹਨ, ਜਿਹੜੀ ਧਰਮਸ਼ਾਲਾ ਸੜਕ ਦੇ ਉਤੇ ਹੀ ਹੈ, ਉਸ ਦੀ ਇਮਾਰਤ ਖਰਾਬ ਹੋ ਚੁੱਕੀ ਹੈ ਤੇ ਖੰਡਰ ਬਣ ਰਹੀ ਹੈ। ਦੂਜੀ ਧਰਮਸ਼ਾਲਾ ਜੋ ਗਰੀਬ ਘਰਾਂ ਦੀ ਹੈ, ਦੀ ਹਾਲਤ ਵੀ ਮਾੜੀ ਹੀ ਹੈ। ਆਂਗਨਵਾੜੀ ਸੈਂਟਰ ਦੀ ਸਰਕਾਰੀ ਇਮਾਰਤ ਨਾ ਹੋਣ ਕਰਕੇ ਆਂਗਨਵਾੜੀ ਸੈਂਟਰ ਇਸ ਕੰਡਮ ਧਰਮਸ਼ਾਲਾ ਵਿਚ ਹੀ ਲੱਗਦਾ ਹੈ। ਜਦ ਕਿ ਉਸ ਲਈ ਸਰਕਾਰੀ ਇਮਾਰਤ ਦੀ ਲੋੜ ਹੈ। ਪਿੰਡ ਵਿਚ ਕਈ ਗਲੀਆਂ ਪੱਕੀਆ ਹੋਣ ਵਾਲੀਆਂ ਹਨ ਤੇ ਨਾਲੀਆ ਬਨਣ ਵਾਲੀਆ ਹਨ, ਪਿੰਡ ਵਾਸੀਆਂ ਦੀ ਮੰਗ ਹੈ ਕਿ ਪਹਿਲ ਦੇ ਆਧਾਰ ਤੇ ਗਲੀਆਂ ਪੱਕੀਆਂ ਕੀਤੀਆਂ ਜਾਣ ਤੇ ਹੂਰ ਸਹੂਲਤਾਂ ਵੱਲ ਵੀ ਧਿਆਨ ਦਿੱਤਾ ਜਾਵੇ।


Gurminder Singh

Content Editor

Related News