ਫਗਵਾੜਾ ''ਚ ਦੂਜੇ ਦਿਨ ਵੀ ਚੱਲੀਆਂ ਗੋਲੀਆਂ, ਪਿੰਡ ਬੋਹਾਨੀ ਦੇ ਸਰਪੰਚ ਦੀ ਦੁਕਾਨ ''ਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ
Thursday, Oct 16, 2025 - 07:15 AM (IST)

ਫਗਵਾੜਾ (ਜਲੋਟਾ) : ਤਿਉਹਾਰਾਂ ਖਾਸਕਰ ਦੀਵਾਲੀ ਦੇ ਦਿਨਾਂ 'ਚ ਫਗਵਾੜਾ ਵਿੱਚ ਅੱਜ ਲਗਾਤਾਰ ਦੂਜੇ ਦਿਨ ਪਿੰਡ ਬੋਹਾਨੀ 'ਚ ਦੇਰ ਰਾਤ ਗੋਲੀਆਂ ਚੱਲਣ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਪਿੰਡ 'ਚ ਕੀਤੀ ਗਈ ਫਾਇਰਿੰਗ ਸੀਸੀਟੀਵੀ ਕੈਮਰਿਆਂ 'ਚ ਕੈਦ ਹੋਈ ਦੱਸੀ ਜਾਂਦੀ ਹੈ। ਦੱਸਣਯੋਗ ਹੈ ਕਿ ਬੀਤੀ ਦੇਰ ਰਾਤ ਪਿੰਡ ਚਹੇੜੂ ਦੇ ਲਾਗੇ ਮਸ਼ਹੂਰ ਈਸਟਵੁੱਡ ਵਿਲੇਜ 'ਚ ਕੁਝ ਨੌਜਵਾਨਾਂ ਵੱਲੋਂ ਉੱਥੇ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਬਾਊਂਸਰ ਸੰਦੀਪ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਤੋਂ ਬਾਅਦ ਉਸ ਨੂੰ ਗੋਲੀ ਮਾਰੀ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਹਾਲੇ ਫਗਵਾੜਾ ਪੁਲਸ ਵੱਲੋਂ ਜਿੱਥੇ ਬੀਤੀ ਰਾਤ ਹੋਏ ਗੋਲੀ-ਕਾਂਡ ਦੀ ਜਾਂਚ ਜਾਰੀ ਹੈ, ਉੱਥੇ ਹੁਣ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਬੋਹਾਨੀ ਪੁੱਜੇ 2 ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਵੱਲੋਂ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਦੀ ਦੁਕਾਨ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਦੱਸਣ ਮੁਤਾਬਕ ਸਰਪੰਚ ਭੁਪਿੰਦਰ ਸਿੰਘ ਦੀ ਦੁਕਾਨ 'ਤੇ ਕਰੀਬ 6 ਰਾਉਂਡ ਫਾਇਰਿੰਗ ਹੋਈ ਹੈ ਜਿਸ 'ਚ ਚਾਰ ਗੋਲੀਆਂ ਉਸਦੀ ਦੁਕਾਨ ਦੇ ਸ਼ਟਰ 'ਤੇ ਲੱਗੀਆਂ ਦੱਸੀਆਂ ਜਾਂਦੀਆਂ ਹਨ, ਜਦਕਿ 2 ਰੋਂਦ ਮੌਕੇ 'ਤੇ ਪੁੱਜੀ ਪੁਲਸ ਨੂੰ ਜ਼ਮੀਨ 'ਤੇ ਡਿੱਗੇ ਹੋਏ ਬਰਾਮਦ ਹੋਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਭੁਪਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਸਦੀ ਪਿੰਡ ਬੋਹਾਨੀ ਵਿਖੇ ਹਾਰਡਵੇਅਰ ਅਤੇ ਸੈਨੀਟਰੀ ਦੀ ਦੁਕਾਨ ਹੈ। ਉਹਨਾਂ ਦੱਸਿਆ ਕਿ 2 ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਵੱਲੋਂ ਉਸ ਦੀ ਦੁਕਾਨ ਦੇ ਸ਼ਟਰ 'ਤੇ ਤਿੰਨ ਤੋਂ ਚਾਰ ਰਾਉਂਡ ਫਾਇਰਿੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਫਾਇਰਿੰਗ 'ਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਪਿੰਡ 'ਚ ਦਹਿਸ਼ਤ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਆਦੀ ਨਹੀਂ ਹੈ ਅਤੇ ਉਹਨਾਂ ਨੂੰ ਨਹੀਂ ਪਤਾ ਕਿ ਹਮਲਾਵਰਾਂ ਨੇ ਉਹਨਾਂ ਦੀ ਦੁਕਾਨ 'ਤੇ ਅੰਨ੍ਹੇਵਾਹ ਫਾਇਰਿੰਗ ਕਿਉਂ ਕੀਤੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫਗਵਾੜਾ ਪੁਲਸ ਦੇ ਅਧਿਕਾਰੀਆਂ ਨੇ ਸਰਪੰਚ ਭੁਪਿੰਦਰ ਸਿੰਘ ਦੀ ਦੁਕਾਨ 'ਤੇ ਕੀਤੀ ਗਈ ਫਾਇਰਿੰਗ ਦੀ ਅਧਿਕਾਰਿਕ ਤੌਰ 'ਤੇ ਤਸਦੀਕ ਕਰਦੇ ਹੋਏ ਦੱਸਿਆ ਕਿ ਪੁਲਸ ਨੂੰ ਮੌਕੇ ਤੋਂ ਚਲਾਈਆਂ ਗਈਆਂ ਗੋਲੀਆਂ ਦੇ ਖਾਲੀ ਰੋਂਦ ਬਰਾਮਦ ਹੋਏ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਰਪੰਚ ਭੁਪਿੰਦਰ ਸਿੰਘ ਦੀ ਦੁਕਾਨ ਦੇ ਸ਼ਟਰ 'ਤੇ ਤਿੰਨ ਤੋਂ ਚਾਰ ਗੋਲੀਆਂ ਮਾਰੀਆਂ ਗਈਆਂ ਹਨ ਜਿਸ ਦੇ ਨਿਸ਼ਾਨ ਸ਼ਟਰ 'ਤੇ ਮੌਜੂਦ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8