ਪਿੰਡ ਕੋਕਰੀ ਕਲਾਂ ’ਚ ਪੰਚੀ ਦੀ ਚੋਣਾਂ ਨੂੰ ਲੈ ਕੇ ਪਿਆ ਰੌਲਾ
Wednesday, Oct 16, 2024 - 02:11 PM (IST)
ਮੋਗਾ (ਕਸ਼ਿਸ਼) : ਮੋਗਾ ਦੇ ਪਿੰਡ ਕੋਕਰੀ ਕਲਾਂ ਦੀ ਨੰਗਲ ਪੱਤੀ ਵਾਰਡ ਨੰਬਰ 1 ਵਿਚ ਵੋਟਾਂ ਦੀ ਗਿਣਤੀ ਨੂੰ ਲੈਕੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਦੀ ਪੰਚੀ ਦੀ ਚੋਣ ਲੜ ਰਹੀ ਕਿਰਨਦੀਪ ਕੌਰ ਨੇ ਗਿਣਤੀ ਕਰ ਰਹੇ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਉਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਉਹ ਜਿੱਤ ਵੱਲ ਅੱਗੇ ਵੱਧ ਰਹੀ ਸੀ ਤਾਂ ਉਨ੍ਹਾਂ ਨੇ ਗਿਣਤੀ ਵਿਚ ਘਪਲਾ ਕਰਦਿਆਂ ਉਸ ਨੂੰ ਚਾਰ ਵੋਟਾਂ ’ਤੇ ਹਰਾ ਕੇ ਧਰ ਦਿੱਤਾ। ਇਸ ਦੌਰਾਨ ਜਦੋਂ ਉਸ ਨੇ ਮੁੜ ਗਿਣਤੀ ਕਰਨ ਲਈ ਕਿਹਾ ਤਾਂ ਗਿਣਤੀ ਕਰ ਰਹੇ ਅਧਿਕਾਰੀਆਂ ਵੱਲੋਂ ਗਿਣਤੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉੁਸ ਦੇ ਹੱਕ ਵਿਚ ਪਈਆਂ ਵੋਟਾਂ ਵਿਚ 29 ਵੋਟਾਂ ਪਾਟੀਆਂ ਨਿਕਲੀਆਂ ਹਨ, ਜਦਕਿ 9 ਵੋਟਾਂ ਰੱਦ ਹਨ।
ਕਿਰਨਦੀਪ ਕੌਰ ਨੇ ਇਹ ਦੋਸ਼ ਵੀ ਲਗਾਇਆ ਕਿ ਜੋ ਉਮੀਦਵਾਰ ਮੇਰੇ ਵਿਰੋਧ ਵਿਚ ਖੜ੍ਹੀ ਸੀ, ਉਸ ਦਾ ਪਤੀ ਕਾਊਂਟਿੰਗ ਕੇਂਦਰ ਵਿਚ ਮੌਜੂਦ ਹੋਣ ਤੋਂ ਇਲਾਵਾ ਹੋਰ ਰਿਸ਼ਤੇਦਾਰ ਵੀ ਅੰਦਰ ਸਨ ਜਦਕਿ ਮੇਰੇ ਤੋਂ ਇਲਾਵਾ ਮੇਰੇ ਸਮਰਥਕਾਂ ਅਤੇ ਮੇਰੀ ਪਤੀ ਨੂੰ ਗਿਣਤੀ ਕੇਂਦਰ ਅੰਦਰ ਦਾਖਲ ਤੱਕ ਨਹੀਂ ਹੋਣ ਦਿੱਤਾ ਗਿਆ।
ਕਿਰਨਦੀਪ ਕੌਰ ਨੇ ਜ਼ਿਲ੍ਹਾ ਚੋਣ ਅਫਸਰ ਵਿਸ਼ੇਸ਼ ਸਾਰੰਗਲ ਤੋਂ ਮੰਗ ਕੀਤੀ ਕਿ ਪਿੰਡ ਕੋਕਰੀ ਕਲਾਂ ਦੀ ਨੰਗਲ ਪੱਤੀ ਵਾਰਡ ਨੰਬਰ 1 ਵਿਚ ਵੋਟਾਂ ਦੀ ਗਿਣਤੀ ਦੁਬਾਰਾ ਕਰਕੇ ਉਸਨੂੰ ਇਨਸਾਫ ਦਿਵਾਇਆ ਜਾਵੇ। ਜੇਕਰ ਇਨਸਾਫ਼ ਨਹੀਂ ਮਿਲਦਾ ਤਾਂ ਉਹ ਆਪਣੇ ਸਮਰਥਕਾਂ ਸਮੇਤ ਡੀ. ਸੀ. ਦਫਤਰ ਸਾਹਮਣੇ ਦਰੀਆਂ ਵਿਛਾ ਕੇ ਬੈਠਣ ਲਈ ਮਜ਼ਬੂਰ ਹੋਣਗੇ।