ਪਾਈਪਲਾਈਨ ਵਿਛਾਉਣ ਦੌਰਾਨ ਵਾਪਰਿਆ ਹਾਦਸਾ! ਕੰਧ ਦੇ ਮਲਬੇ ਹੇਠ ਦੱਬੇ ਦੋ ਮੁੰਡੇ, ਇਕ ਦੀ ਮੌਤ
Thursday, May 07, 2026 - 10:09 PM (IST)
ਗੋਨਿਆਣਾ ਮੰਡੀ (ਵਿਜੇ ਵਰਮਾ) : ਜ਼ਿਲ੍ਹਾ ਬਠਿੰਡਾ ਦੇ ਪਿੰਡ ਗੰਗਾ, ਥਾਣਾ ਨੇਹਿਆਂਵਾਲਾ ਵਿੱਚ ਬੁੱਧਵਾਰ ਸ਼ਾਮ ਉਸ ਵੇਲੇ ਚੀਖ-ਪੁਕਾਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪਿੰਡ ਵਿੱਚ ਚੱਲ ਰਹੇ ਪਾਈਪਲਾਈਨ ਵਿਛਾਉਣ ਦੇ ਕੰਮ ਦੌਰਾਨ ਇੱਕ ਲੰਮੀ ਕੰਧ ਅਚਾਨਕ ਢਹਿ ਗਈ। ਕੰਧ ਹੇਠਾਂ ਨੇੜੇ ਖੇਡ ਰਹੇ ਮਾਸੂਮ ਬੱਚੇ ਦੱਬ ਗਏ। ਇਸ ਦਰਦਨਾਕ ਹਾਦਸੇ ਵਿੱਚ ਕਰੀਬ 7-8 ਸਾਲਾ ਵਤਨਦੀਪ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਪਿੰਡ ਗੰਗਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਬੱਚੇ ਦੀ ਭਾਲ ਦੇਰ ਰਾਤ ਤੱਕ ਜਾਰੀ ਰਹੀ।
ਜਾਣਕਾਰੀ ਅਨੁਸਾਰ ਪਿੰਡ ਗੰਗਾ 'ਚ ਪਾਣੀ ਦੀ ਪਾਈਪਲਾਈਨ ਪਾਉਣ ਦਾ ਕੰਮ ਚੱਲ ਰਿਹਾ ਸੀ। ਜਿਵੇਂ ਹੀ ਖੁਦਾਈ ਦਾ ਕੰਮ ਜੱਗਾ ਸਿੰਘ ਪੁੱਤਰ ਜਰਨੈਲ ਸਿੰਘ ਦੀ ਕਰੀਬ 30 ਤੋਂ 35 ਫੁੱਟ ਲੰਬੀ ਕੰਧ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਕੰਧ ਹਿਲਣ ਲੱਗ ਪਈ ਅਤੇ ਕੁਝ ਹੀ ਸਕਿੰਟਾਂ ਵਿੱਚ ਤੇਜ਼ ਗੜਗੜਾਹਟ ਨਾਲ ਢਹਿ ਗਈ। ਕੰਧ ਡਿੱਗਦੇ ਹੀ ਇਲਾਕੇ ਵਿੱਚ ਧੂੜ ਦਾ ਗੁਬਾਰ ਛਾ ਗਿਆ ਅਤੇ ਹਫੜਾ-ਦਫੜੀ ਮਚ ਗਈ। ਨੇੜੇ ਖੇਡ ਰਹੇ ਬੱਚੇ ਮਲਬੇ ਹੇਠਾਂ ਦੱਬ ਗਏ, ਜਿਸ ਤੋਂ ਬਾਅਦ ਮੌਕੇ ‘ਤੇ ਚੀਖ ਚਿਹਾੜਾ ਮਚ ਗਿਆ।
ਪਿੰਡ ਵਾਸੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬੱਚਿਆਂ ਨੂੰ ਬਚਾਉਣ ਲਈ ਮਲਬਾ ਹਟਾਉਣ ਵਿੱਚ ਜੁੱਟ ਗਏ। ਲੋਕਾਂ ਨੇ ਆਪਣੇ ਹੱਥਾਂ ਨਾਲ ਇੱਟਾਂ ਅਤੇ ਮਿੱਟੀ ਹਟਾ ਕੇ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਕਾਫੀ ਮੁਸ਼ੱਕਤ ਤੋਂ ਬਾਅਦ ਇੱਕ ਬੱਚੇ ਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਉਸਦੀ ਸਾਹਾਂ ਦੀ ਡੋਰ ਟੁੱਟ ਚੁੱਕੀ ਸੀ। ਬਾਅਦ ਵਿੱਚ ਉਸਦੀ ਪਛਾਣ ਵਤਨਦੀਪ ਸਿੰਘ ਵਜੋਂ ਹੋਈ। ਮਾਸੂਮ ਨੂੰ ਤੁਰੰਤ ਸੀਐੱਚਸੀ ਗੋਨਿਆਣਾ ਮੰਡੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਜਦਕਿ ਔਰਤਾਂ ਦੀਆਂ ਚੀਖਾਂ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਦੂਜੇ ਪਾਸੇ ਇੱਕ ਹੋਰ ਬੱਚੇ ਦੇ ਮਲਬੇ ਹੇਠਾਂ ਦੱਬੇ ਹੋਣ ਦੇ ਸ਼ੱਕ ਕਾਰਨ ਰਾਹਤ ਅਤੇ ਬਚਾਅ ਕੰਮ ਲਗਾਤਾਰ ਜਾਰੀ ਰਿਹਾ। ਥਾਣਾ ਨੇਹਿਆਂਵਾਲਾ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਤੌਰ ‘ਤੇ ਇਹ ਸਵਾਲ ਉੱਠ ਰਹੇ ਹਨ ਕਿ ਪਾਈਪਲਾਈਨ ਦੀ ਖੁਦਾਈ ਦੌਰਾਨ ਸੁਰੱਖਿਆ ਨਿਯਮਾਂ ਦੀ ਅਣਦੇਖੀ ਕੀਤੀ ਗਈ ਸੀ ਜਾਂ ਕੰਧ ਪਹਿਲਾਂ ਤੋਂ ਹੀ ਕਮਜ਼ੋਰ ਹਾਲਤ ਵਿੱਚ ਸੀ।
ਪਿੰਡ ਵਾਸੀਆਂ ਨੇ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਖੁਦਾਈ ਦੌਰਾਨ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਜਾਂਦੇ ਅਤੇ ਆਲੇ-ਦੁਆਲੇ ਦਾ ਇਲਾਕਾ ਖਾਲੀ ਕਰਵਾਇਆ ਜਾਂਦਾ ਤਾਂ ਸ਼ਾਇਦ ਇਹ ਹਾਦਸਾ ਟਲ ਸਕਦਾ ਸੀ। ਪਿੰਡ ਗੰਗਾ ਦੀ ਇਸ ਦਰਦਨਾਕ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੋਕ ਪ੍ਰਸ਼ਾਸਨ ਅਤੇ ਠੇਕੇਦਾਰਾਂ ਦੀ ਲਾਪਰਵਾਹੀ ‘ਤੇ ਸਵਾਲ ਉਠਾ ਰਹੇ ਹਨ ਅਤੇ ਮਾਸੂਮ ਵਤਨਦੀਪ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
